ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਗੁਰਦਾਸਪੁਰ ਵਿਖੇ ਸ਼ਿਵ ਸੈਨਾ ਵੱਲੋਂ ਬਿਨਾਂ ਵਜ੍ਹਾ ਕੀਤੀ ਭੜਕਾਹਟ ਦੌਰਾਨ ਦੋ ਸਿੱਖ ਨੌਜਵਾਨ ਬੱਚਿਆਂ ਦੀ ਹੋਈ ਮੌਤ ਤੇ ਗਹਿਰੀ ਚਿੰਤਾ ਤੇ ਅਫਸੋਸ ਪ੍ਰਗਟ ਕਰਦਿਆਂ ਇਸ ਮੰਦਭਾਗੀ ਘਟਨਾ ਦਾ ਗੰਭੀਰ ਨੋਟਿਸ ਲਿਆ ‘ਤੇ ਸ਼ਿਵ ਸੈਨਾ ਦੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਸ਼ਾਂਤ ਮਈ ਮਾਹੌਲ ਨੂੰ ਮੁੜ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਕਿਹਾ ਕਿ ਸ਼ਿਵ ਸੈਨਕਾਂ ਦੀ ਹੁਲੜਬਾਜੀ ਦੌਰਾਨ ਜਿਹੜੇ ਸਿੱਖ ਪ੍ਰੀਵਾਰਾਂ ਦੇ ਦੋ ਬੱਚੇ ਮਾਰੇ ਗਏ ਹਨ ਇਹ ਅਤਿ ਮੰਦਭਾਗੀ ਘਟਨਾ ਹੈ ਤੇ ਇਸ ਦੀ ਵੱਧ ਤੋਂ ਵੱਧ ਨਿੰਦਾ ਕਰਨੀ ਚਾਹੀਦੀ ਹੈ। ਮਾਰੇ ਗਏ ਸਿੱਖ ਬੱਚਿਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੁੱਖ ਦੀ ਘੜੀ ਵਿੱਚ ਪੂਰੀ ਤਰਾਂ ਉਹਨਾਂ ਦੇ ਨਾਲ ਹੈ।
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸ.ਪ੍ਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਗੁਰਦਾਸਪੁਰ ‘ਚ ਇਹਨਾਂ ਮਾਰੇ ਗਏ ਸਿੱਖ ਪ੍ਰੀਵਾਰਾਂ ਦੇ ਬੱਚਿਆਂ ਪ੍ਰਤੀ ਪੜਤਾਲ ਕਰਵਾਈ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸਿੱਖ ਕੌਮ ਦੀਆਂ ਮਹਾਨ ਪਦਵੀਆਂ ਤੇ ਸ਼ਸ਼ੋਭਿਤ ਸਖਸ਼ੀਅਤਾਂ ਦੇ ਪੁੱਤਲੇ ਸਾੜਨ ਜਾਂ ਉਨਾਂ ਵਿਰੁੱਧ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਕਿਸੇ ਕੀਮਤ ਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਆਪਣੀ ਜੁੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਤੇ ਮਾੜੇ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਹਨਾਂ ਵਿਰੁੱਧ ਸਖਤ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ 28 ਮਾਰਚ ਨੂੰ ਕੀਤਾ ਪੰਜਾਬ ਬੰਦ ਕਿਸੇ ਫਿਰਕੇ ਵਿਰੁੱਧ ਨਹੀਂ ਸੀ ਬਲਕਿ ਸਿੱਖਾਂ ਪ੍ਰਤੀ ਵਰਤੇ ਜਾਂਦੇ ਦੋਹਰੇ ਮਾਂਪ-ਦੰਡ ਦੇ ਵਿਰੁੱਧ ਸੀ ਇਸ ਕਰਕੇ ਸ਼ਿਵ ਸੈਨਕਾਂ ਨੂੰ ਚਾਹੀਦਾ ਹੈ ਕਿ ਉਹ ਸੰਜਮ ਤੋਂ ਕੰਮ ਲੈਣ ਤੇ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਤੇ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜਿਸ ਨਾਲ ਪੰਜਾਬ ਦੇ ਸ਼ਾਂਤ ਮਾਹੌਲ ਤੇ ਅਸਰ ਪਵੇ।