ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਤੋਂ ਤੇਲ ਖ੍ਰੀਦਣ ਵਾਲੇ ਦੇਸ਼ਾਂ ਤੇ ਨਵੀਆਂ ਪਾਬੰਦੀਆਂ ਲਗਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਈਰਾਨੀ ਤੇਲ ਦੇ ਖ੍ਰੀਦਾਰਾਂ ਨੂੰ ਅਮਰੀਕਾ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਤਿੰਨ ਮਹੀਨਿਆਂ ਦੇ ਅੰਦਰ ਇਸ ਸਬੰਧੀ ਵੱਡੀ ਕਟੌਤੀ ਕਰਨ ਜਾਂ ਫਿਰ ਵਿੱਤੀ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਈਰਾਨ ਤੋਂ ਤੇਲ ਖ੍ਰੀਦਣ ਵਾਲੇ ਦੇਸ਼ਾਂ ਵਿੱਚ ਮੁੱਖ ਤੌਰ ਤੇ ਚੀਨ, ਦੱਖਣੀ ਕੋਰੀਆ, ਭਾਰਤ, ਤੁਰਕੀ ਅਤੇ ਦੱਖਣੀ ਅਫਰੀਕਾ ਆਦਿ ਦੇਸ਼ ਹਨ ਜੋ ਕਿ ਵੱਡੇ ਪੈਮਾਨੇ ਤੇ ਤੇਲ ਆਯਾਤ ਕਰਦੇ ਹਨ। ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਵੱਲੋਂ ਬਾਈਕਾਟ ਕੀਤੇ ਜਾਣ ਨਾਲ ਜੋ ਇਨ੍ਹਾਂ ਦੇਸ਼ਾਂ ਤੇ ਨਾਕਾਰਤਮਕ ਪ੍ਰਭਾਵ ਪਵੇਗਾ, ਉਸ ਦੀ ਭਰਪੂਰਤੀ ਲਈ ਦੁਨੀਆਂਭਰ ਵਿੱਚ ਲੋੜੀਂਦਾ ਤੇਲ ਹੈ। ਇਸ ਕਦਮ ਨਾਲ ਅਮਰੀਕਾ ਉਨ੍ਹਾਂ ਵਿਦੇਸ਼ੀ ਬੈਂਕਾਂ ਤੇ ਪਾਬੰਦੀ ਲਗਾ ਸਕੇਗਾ ਜਿਹੜੇ ਅਜੇ ਵੀ ਈਰਾਨ ਨਾਲ ਤੇਲ ਦਾ ਵਪਾਰ ਕਰਦੇ ਹਨ।
ਈਰਾਨ ਤੋਂ ਤੇਲ ਖ੍ਰੀਦਣ ਵਾਲੇ ਦੇਸ਼ਾਂ ਵਿੱਚ ਚੀਨ ਪਹਿਲੇ ਨੰਬਰ ਤੇ ਹੈ ਅਤੇ ਉਹ 20% ਤੇਲ ਈਰਾਨ ਤੋਂ ਆਯਾਤ ਕਰਦਾ ਹੈ। ਦੂਸਰੇ ਨੰਬਰ ਤੇ ਜਾਪਾਨ 17% ਤੇਲ ਆਯਾਤ ਕਰਦਾ ਹੈ। ਭਾਰਤ 16% ਤੇਲ ਈਰਾਨ ਤੋਂ ਖ੍ਰੀਦਦਾ ਹੈ। ਤੁਰਕੀ ਨੇ ਕਹਿ ਦਿੱਤਾ ਹੈ ਕਿ ਉਹ ਈਰਨ ਤੋਂ ਆਪਣੇ ਤੇਲ ਆਯਾਤ ਵਿੱ 20% ਦੀ ਕਟੌਤੀ ਕਰੇਗਾ। ਪੱਛਮੀ ਦੇਸ਼ ਈਰਾਨ ਤੇ ਪਰਮਾਣੂੰ ਹੱਥਿਆਰ ਵਿਕਸਤ ਕਰਨ ਦਾ ਅਰੋਪ ਲਗਾ ਰਹੇ ਹਨ ਕਿ ਜਦੋਂ ਕਿ ਈਰਾਨ ਦਾ ਕਹਿਣਾ ਹੈ ਕਿ ਉਸ ਦਾ ਪ੍ਰਮਾਣੂੰ ਪ੍ਰੋਗਰਾਮ ਬਿਲਕੁੱਲ ਸ਼ਾਂਤੀਪੂਰਣ ਹੈ।