ਰੰਗੂਨ- ਬਰਮਾ ਦੀ ਲੋਕਤੰਤਰ ਸਮਰਥੱਕ ਨੇਤਾ ਅਤੇ ਨੋਬਲ ਪੁਰਸਕਾਰ ਦੀ ਜੇਤੂ ਅੰਗ ਸਾਨ ਸੂ ਚੀ ਦੇਸ਼ ਵਿੱਚ ਹੋਈ ਸੰਸਦੀ ਉਪ ਚੋਣ ਵਿੱਚ ਜਿੱਤ ਗਈ ਹੈ। ਉਹ ਹੇਠਲੇ ਸਦਨ ਲਈ ਚੁਣੀ ਗਈ ਹੈ।
66 ਸਾਲਾ ਸੂਕੀ ਨੇ ਯੰਗੂਨ ਦੇ ਨਜ਼ਦੀਕ ਕਾਵਮੂ ਟਾਊਨਸ਼ਿਪ ਖੇਤਰ ਵਿੱਚ ਜਿੱਤ ਹਾਸਿਲ ਕੀਤੀ ਹੈ। ਉਸ ਦੇ ਹੱਕ ਵਿੱਚ 75% ਵੋਟਾਂ ਭੁਗਤੀਆਂ। ਸੰਸਦ ਦੀਆਂ 45 ਸੀਟਾਂ ਦੇ ਲਈ ਹੋਈਆਂ ਉਪ ਚੋਣਾਂ ਵਿੱਚ 17 ਰਾਜਨੀਤਕ ਪਾਰਟੀਆਂ ਦੇ 157 ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਯੌਰਪੀ ਸੰਘ, ਅਮਰੀਕਾ, ਕੈਨੇਡਾ,ਆਸਟਰੇਲੀਆ, ਭਾਰਤ ਅਤੇ ਆਸੀਅਨ ਤੋਂ 150 ਨਿਗਰਾਨ ਬਰਮਾ ਪਹੁੰਚੇ ਹੋਏ ਸਨ। ਚੋਣ ਪ੍ਰਕਿਰਿਆ ਸਮਾਪਤ ਹੁੰਦੇ ਹੀ ਚੋਣ ਅਧਿਕਾਰੀਆਂ, ੳਮੀਦਵਾਰਾਂ ਦੇ ਪ੍ਰਤੀਨਿਧੀਆਂ ਅਤੇ ਆਮ ਜਨਤਾ ਵੱਲੋਂ 10 ਗਵਾਹਾਂ ਦੀ ਮੌਜੂਦਗੀ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ।
ਸੂ ਚੀ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਜੇਲ੍ਹ ਵਿੱਚ ਹੀ ਗੁਜਾਰਿਆ ਹੈ। ਨਵੰਬਰ 2010 ਵਿੱਚ ਸੂ ਚੀ ਨੂੰ ਨਜ਼ਰਬੰਦੀ ਤੋਂ ਰਿਹਾ ਕੀਤਾ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਨਵੀਂ ਸਰਕਾਰ ਚਾਹੁੰਦੀ ਹੈ ਕਿ ਸੂ ਚੀ ਜਿੱਤ ਜਾਵੇ ਤਾਂ ਜੋ ਪੱਛਮੀ ਦੇਸ਼ਾਂ ਵੱਲੋਂ ਬਰਮਾ ਤੇ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਆ ਸਕੇ। ਇਸ ਸਮੇਂ ਬਰਮਾ ਵਿੱਚ ਸੈਨਾ ਦਾ ਹੀ ਰਾਜ ਚਲ ਰਿਹਾ ਹੈ।