ਬਰਨਾਲਾ, (ਜੀਵਨ ਰਾਮਗੜ੍ਹ)–ਬਰਨਾਲਾ ਸ਼ਹਿਰ ਅੰਦਰ ਲੰਘੀ ਰਾਤ ਦੌਰਾਨ ਦੋ ਚੋਰੀ ਦੀਆਂ ਘਟਨਾਵਾਂ ਵਾਪਰ ਗਈਆਂ ਜਿੰਨ੍ਹਾਂ ‘ਚੋਂ ਇੱਕ ਦੇ ਘਰੋਂ 25 ਤੋਲੇ ਸੋਨਾ,ਚਾਂਦੀ ਅਤੇ ਨਗਦੀ ਚੋਰੀ ਹੋ ਗਈ ਅਤੇ ਦੂਜੇ ਘਰੋਂ ਗਹਿਣੇ, ਸਿਲੰਡਰ ਅਤੇ ਦਸ ਹਜ਼ਾਰ ਦੀ ਨਗਦੀ ਚੋਰੀ ਹੋ ਗਈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਿਤ ਪਰਿਵਾਰ ’ਚੋਂ ਇੰਦਰਜੀਤ ਕਾਲੇਕੇ ਵਾਸੀ ਸ਼ਹੀਦ ਭਗਤ ਸਿੰਘ ਰੋਡ, ਨੇੜੇ ਪੀਐਨਬੀ ਮੇਨ ਬਰਾਂਚ ਬਰਨਾਲਾ ਨੇ ਦੱਸਿਆ ਕਿ ਉਹ ਬੀਤੇ ਕਲ੍ਹ ਬਰਨਾਲਾ ਤੋਂ ਆਪਣੇ ਪੋਤੇ ਦੀ ਝੰਡ ਲੁਹਾਉਣ ਲਈ ਮਨਸਾ ਦੇਵੀ ਵਿਖੇ ਪਰਿਵਾਰ ਸਮੇਤ ਗਏ ਹੋਏ ਸਨ। ਜਦੋਂ ਉਹ ਰਾਤ ਕਰੀਬ 12 ਕੁ ਵਜੇ ਆਪਣੇ ਘਰ ਵਾਪਸ ਪੁੱਜੇ ਤਾਂ ਦੇਖਿਆ ਕਿ ਘਰ ਦਾ ਦਰਵਾਜਾ ਖੁੱਲ੍ਹਾ ਪਿਆ ਸੀ। ਜਿਸ ਨੂੰ ਦੇਖ ਕੇ ਸਾਡੇ ਹੋਸ਼ ਉਡ ਗਏ। ਉਨ੍ਹਾਂ ਦੱਸਿਆ ਕਿ ਜਲਦ ਹੀ ਜਦੋਂ ਉਨ੍ਹਾਂ ਘਰ ਅੰਦਰਲੇ ਕਮਰੇ ’ਚ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਇਧਰ ਉਧਰ ਖਿਲਰਿਆ ਪਿਆ ਸੀ। ਅਲਮਾਰੀ ਦੇ ਜਿੰਦੇ ਬਗੈਰ ਤੋੜੇ ਹੋਏ ਸਨ। ਅਲਮਾਰੀ ਵਿੱਚ ਪਏ ਸੋਨੇ ਦੇ 25 ਤੋਲੇ ਗਹਿਣੇ, ਚਾਂਦੀ ਦੇ 8 ਸਿੱਕੇ ਅਤੇ 1 ਲੱਖ 20 ਹਜ਼ਾਰ ਰੁਪਏ ਨਗਦੀ ਚੋਰੀ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਘਰ ’ਚ ਉਨ੍ਹਾਂ ਦਾ ਲਾਇਸੰਸੀ ਪਿਸਤੌਲ, ਬੰਦੂਕ ਅਤੇ ਲੈਪਟਾਪ ਖੁਸ਼ਕਿਸਮਤੀ ਨਾਲ ਬਚ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਘੜੀਆਂ ਚੋਰਾਂ ਨੇ ਬਾਹਰ ਤਾਂ ਕੱਢ ਲਈਆਂ ਪ੍ਰੰਤੂ ਛੱਡ ਕੇ ਭੱਜ ਗਏ।
ਇਸੇ ਹੀ ਤਰ੍ਹਾਂ ਗੁਰਪਾਰਕ ਸਿੰਘ ਪੀ.ਆਰ.ਟੀ.ਸੀ ਮੁਲਾਜ਼ਮ ਵਾਸੀ ਤਰਕਸ਼ੀਲ ਚੌਂਕ ਬਰਨਾਲਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਰਿਸ਼ਤੇਦਾਰੀ ’ਚ ਮਿਲਣ ਗਏ ਹੋਏ ਸਨ। ਜਦ ਵਾਪਸ ਆਏ ਤਾਂ ਘਰ ਦੇ ਦਰਵਾਜੇ ਖੁਲ੍ਹੇ ਪਏ ਸਨ। ਪੇਟੀਆਂ ਤੇ ਅਲਮਾਰੀਆਂ ਦੇ ਜਿੰਦੇ ਤੋੜੇ ਪਏ ਸਨ। ਉਨ੍ਹਾਂ ਕਿਹਾ ਕਿ ਘਰ ਵਿਚੋਂ 2 ਘਰੇਲੂ ਗੈਸ ਸਿਲੰਡਰ, 10 ਹਜ਼ਾਰ ਨਗਦੀ ਅਤੇ ਕੁਝ ਗਹਿਣੇ ਚੋਰੀ ਹੋ ਗਏ।
ਥਾਣਾ ਸਿਟੀ ਦੇ ਇੰਚਾਰਜ਼ ਰਾਜ਼ੇਸ਼ ਕੁਮਾਰ ਸਨੇਹੀ ਨੇ ਉਕਤ ਘਟਨਾਵਾਂ ਸਬੰਧੀ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਜਾਰੀ ਕਰ ਦਿੱਤੀ ਹੈ।