ਕਪੂਰਥੱਲਾ- ਬੀਬੀ ਜਗੀਰ ਕੌਰ ਨੂੰ ਜੇਲ੍ਹ ਅੰਦਰ ਫਾਈਵ ਸਟਾਰ ਸਹੂਲਤਾਂ ਦੇਣ ਦੇ ਮੁੱਦੇ ਤੇ ਜੇਲ੍ਹ ਪ੍ਰਸ਼ਾਸਨ ਘਿਰਦਾ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਬੀਬੀ ਜਗੀਰ ਕੌਰ ਨੂੰ ਜੇਲ੍ਹ ਵਿੱਚ ਡੀਟੀਐਚ ਕਨੈਕਸ਼ਨ ਦੇ ਨਾਲ ਐਲਸੀਡੀ ਟੀਵੀ ਮੁਹਈਆ ਕਰਵਾਇਆ ਹੋਇਆ ਹੈ ਅਤੇ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ। ਇਹ ਮਾਮਲਾ ਚਰਚਾ ਵਿੱਚ ਆਉਣ ਤੋਂ ਬਾਅਦ ਡੀਜੀ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਡੀਜੀ ਸ਼ਸ਼ੀ ਕਾਂਤ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਨੂੰ ਫਾਈਵ ਸਟਾਰ ਸਹੂਲਤਾਂ ਦੇਣ ਬਾਰੇ ਜੋ ਸਵਾਲ ਉਠ ਰਹੇ ਹਨ, ਉਸ ਦੀ ਜਾਂਚ ਕਰਨ ਲਈ ਆਈਜੀ ਪੱਧਰ ਦੇ ਅਧਿਕਾਰੀ ਨੂੰ ਜਾਂਚ ਕਰਨ ਦੇ ਆਰਡਰ ਦੇ ਦਿੱਤੇ ਗਏ ਹਨ। ਉਹ ਜੇਲ੍ਹ ਦਾ ਦੌਰਾ ਕਰਕੇ ਸਾਰੀ ਰਿਪੋਰਟ ਦੇਣਗੇ। ਹਰ ਹਾਲਤ ਵਿੱਚ ਕਾਨੂੰਨ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਲ੍ਹ ਸੁਪਰਿਟੈਂਡੈਂਟ ਖੰਨਾ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਉਹ ਸਖਤੀ ਨਾਲ ਕਾਨੂੰਨ ਦਾ ਪਾਲਣ ਕਰਨ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਕੋਈ ਵੀ ਐਲਸੀਡੀ ਟੀਵੀ ਨਹੀਂ ਲਗਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿਸੇ ਅਧਿਕਾਰੀ ਨੇ ਇਹ ਖ੍ਰਦਾਰੀ ਕੀਤੀ ਹੋਵੇ। ਜੇਲ੍ਹ ਕੈਂਪਸ ਵਿਚ ਡਾਕਟਰ, ਡੀਐਸਪੀ ਅਤੇ ਹੋਰ ਅਧਿਕਾਰੀ ਵੀ ਰਹਿੰਦੇ ਹਨ।