ਸ੍ਰੀ ਮੁਕਤਸਰ ਸਾਹਿਬ,(ਬਾਂਸਲ) :- ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਹੜ੍ਹਾਂ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਵੱਖ ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ। ਬੈਠਕ ਦੌਰਾਨ ਉਨ੍ਹਾਂ ਨੇ ਡ੍ਰੇਨਜ਼ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸੇਮ ਨਾਲਿਆਂ ਦੀ ਸਫਾਈ ਦਾ ਕੰਮ 15 ਜੁਲਾਈ 2012 ਤੱਕ ਹਰ ਹਾਲ ਵਿਚ ਮੁਕੰਮਲ ਕੀਤਾ ਜਾਵੇ।
ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 60 ਸੇਮ ਨਾਲੇ ਹਨ ਜ਼ਿਨ੍ਹਾਂ ਦੀ ਲੰਬਾਈ 400 ਕਿਲੋਮਿਟਰ ਤੋਂ ਵਧੇਰੇ ਹੈ। ਪਿਛਲੇ ਸਾਲ ਸਾਰੇ ਸੇਮ ਨਾਲਿਆਂ ਦੀ ਸਫਾਈ 15 ਜੁਲਾਈ ਤੋਂ ਪਹਿਲਾਂ ਕਰ ਲਈ ਗਈ ਸੀ ਅਤੇ ਇਸੇ ਕਾਰਨ ਪਿਛਲੇ ਸਾਲ ਪਏ ਭਾਰੀ ਮੀਂਹਾਂ ਦੌਰਾਨ ਇਨ੍ਹਾਂ ਸੇਮ ਨਾਲਿਆਂ ਰਾਹੀਂ 2 ਲੱਖ ਏਕੜ ਫੁੱਟ ਪਾਣੀ ਦੀ ਨਿਕਾਸੀ ਕੀਤੀ ਗਈ ਸੀ। ਇਸ ਵਾਰ 315 ਕਿਲੋਮਿਟਰ ਲੰਬੇ 42 ਸੇਮਨਾਲਿਆਂ ਦੀ ਸਫਾਈ ਕੀਤੀ ਜਾਵੇਗੀ। ਸਫਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸਮੇਂ ਜ਼ਿਲ੍ਹੇ ਦੀਆਂ ਆਪਣੀਆਂ 17 ਮਸ਼ੀਨਾਂ ਸਫਾਈ ਕਾਰਜਾਂ ਵਿਚ ਲੱਗ ਗਈਆਂ ਹਨ ਅਤੇ 12 ਹੋਰ ਮਸ਼ੀਨਾਂ ਬਾਹਰੀ ਜ਼ਿਲ੍ਹਿਆਂ ਤੋਂ ਮੰਗਵਾਈਆਂ ਜਾ ਰਹੀਆਂ ਹਨ। ਜਦੋਂ ਕਿ ਲਿੰਕ ਡਰੇਨਾਂ ਦੀ ਸਫਾਈ ਦਾ ਕੰਮ ਮਈ ਮਹੀਨੇ ਵਿਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਵਿਭਾਗ ਨੂੰ ਕਿਹਾ ਕਿ ਡਰੇਨਾਂ ਦੀ ਸਫਾਈ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਵਿਭਾਗ ਦੇ ਅਧਿਕਾਰੀ ਖੁਦ ਸਫਾਈ ਕਾਰਜਾਂ ਦੀ ਨਿਗਰਾਨੀ ਕਰਨ। ਉਨ੍ਹਾਂ ਨੇ ਬਾਕੀ ਸਬੰਧਤ ਵਿਭਾਗਾਂ ਦੇ ਮੁੱਖੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਮਾਨਸੂਨ ਤੋਂ ਪਹਿਲਾਂ-ਪਹਿਲਾਂ ਸਾਰੇ ਬਕਾਇਆ ਕੰਮ ਨੇਪਰੇ ਚਾੜੇ ਜਾਣ।
ਇਸ ਬੈਠਕ ਦੌਰਾਨ ਹੋਰਨਾਂ ਤੋਂ ਇਲਾਵਾਂ ਸ੍ਰੀ ਘਨਸ਼ਿਆਮ ਥੋਰੀ ਅੰਡਰ ਟ੍ਰੇਨੀ ਆਈ.ਏ.ਐਸ. ਸ: ਦਲਵਿੰਦਰਜੀਤ ਸਿੰਘ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਸ: ਗੁਰਪਾਲ ਸਿੰਘ ਚਹਿਲ ਐਸ.ਡੀ.ਐਮ. ਮਲੋਟ, ਸ੍ਰੀ ਪੁਨੀਤ ਗੋਇਲ ਐਸ.ਡੀ.ਐਮ. ਗਿੱਦੜਬਾਹਾ, ਸ੍ਰੀ ਸੰਦੀਪ ਰਿਸ਼ੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਸ੍ਰੀ ਸ਼ਕੀਲ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਸ੍ਰੀ ਨਵਲ ਕਿਸ਼ੋਰ ਡੀ.ਡੀ.ਪੀ.ਓ., ਸ: ਰਾਜਿੰਦਰ ਸਿੰਘ ਨਿਗਰਾਨ ਇੰਜਨੀਅਰ ਡਰੇਨਜ਼, ਸਿਵਲ ਸਰਜਨ ਡਾ: ਗੁਰਦੀਪ ਸਿੰਘ ਭੁੱਲਰ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।