ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਅਹੁਦਾ ਸੰਭਾਲਣ ਉਪਰੰਤ ਗਿਆਨ ਵਿਗਿਆਨ ਅਧਾਰਿਤ ਖੇਤੀਬਾੜੀ ਸਾਹਿਤ ਦਾ ਮੂੰਹ ਮੁਹਾਂਦਰਾ ਸੰਵਾਰਨ ਦਾ ਨਤੀਜਾ ਮਿਲਣਾ ਸ਼ੁਰੂ ਹੋ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਰਫ ਮਾਰਚ ਮਹੀਨੇ ਹੋਏ ਕਿਸਾਨ ਮੇਲਿਆਂ ਵਿੱਚ ਹੀ ਲਗਪਗ 5, 20, 717/- ਰੁਪਏ ਦਾ ਖੇਤੀਬਾੜੀ ਸਾਹਿਤ ਪੰਜਾਬ ਦੇ ਅੰਮ੍ਰਿਤਸਰ, ਸ਼ਹੀਦ ਭਗਤ ਸਿੰਘ ਨਗਰ, ਬਠਿੰਡਾ, ਪਟਿਆਲਾ, ਲੁਧਿਆਣਾ, ਫਰੀਦਕੋਟ ਅਤੇ ਗੁਰਦਾਸਪੁਰ ਕਿਸਾਨ ਮੇਲਿਆਂ ਤੋਂ ਪੰਜਾਬ ਦੇ ਕਿਸਾਨਾਂ ਨੇ ਖਰੀਦਿਆ ਹੈ। ਇਹ ਪਿਛਲੇ ਸਾਲ ਦੇ ਅੰਕੜਿਆਂ ਨਾਲ ਵੱਧ ਹੈ। ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਪਿਛਲੇ ਇਕ ਸਾਲ ਵਿੱਚ ਮੁੱਖ ਫ਼ਸਲਾਂ ਦੀਆਂ ਖੇਤੀ ਸਮੱਸਿਆਵਾਂ ਵਰਗੀ ਮਹਿੰਗੀ ਕਿਤਾਬ ਦੀਆਂ ਵੀ 250 ਕਾਪੀਆਂ ਪੰਜਾਬ ਦੇ ਕਿਸਾਨਾਂ ਨੇ ਖਰੀਦੀਆਂ ਹਨ। ਅੰਗਰੇਜ਼ੀ ਵਿੱਚ ਛਪੀ ਇਸੇ ਕਿਤਾਬ ਨੂੰ ਵੀ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਖੇਤੀਬਾੜੀ ਅਧਿਕਾਰੀਆਂ ਨੇ ਖਰੀਦਿਆ ਹੈ।
ਡਾ: ਧੀਮਾਨ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੇ ਨਿਰੰਤਰ ਯਤਨਾਂ ਸਦਕਾ ਖੇਤੀਬਾੜੀ ਵਿਭਾਗ ਪੰਜਾਬ ਨੇ ਵੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ ਦੀਆਂ 30 ਹਜ਼ਾਰ ਕਾਪੀਆਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਖਰੀਦ ਕੇ ਪੰਚਾਇਤਾਂ ਨੂੰ ਵੰਡਣ ਦਾ ਫੈਸਲਾ ਕੀਤਾ ਹੈ। ਇਹ ਪੁਸਤਕਾਂ ਇਸੇ ਮਹੀਨੇ ਖੇਤੀਬਾੜੀ ਵਿਭਾਗ ਨੂੰ ਸੌਂਪ ਦਿੱਤੀਆਂ ਜਾਣਗੀਆਂ। ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ: ਮੰਗਲ ਸਿੰਘ ਸੰਧੂ ਅਤੇ ਜਾਇੰਟ ਡਾਇਰੈਕਟਰ ਡਾ: ਗੁਰਸੇਵਕ ਸਿੰਘ ਸੰਧੂ ਨੇ ਇਸ ਸ਼ੁਭ ਕਾਰਜ ਵਿੱਚ ਵਿਸ਼ੇਸ਼ ਦਿਲਚਸਪੀ ਵਿਖਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਸੁਪਨਾ ਪੰਜਾਬ ਦੇ ਹਰ ਪਿੰਡ ਵਿੱਚ ਮਾਸਕ ਪੱਤਰ ‘ਚੰਗੀ ਖੇਤੀ’ ਨੁੰ ਪਹੁੰਚਾਉਣਾ ਵੀ ਹੈ। ਇਸ ਨਾਲ ਖੇਤੀਬਾੜੀ ਪਸਾਰ ਕਾਰਜ ਹੋਰ ਮਜ਼ਬੂਤ ਆਧਾਰ ਤੇ ਕੀਤਾ ਜਾ ਸਕੇਗਾ ਅਤੇ ਵਿਗਿਆਨਕ ਸੋਚ ਵਾਲੀ ਖੇਤੀ ਨੂੰ ਹੁਲਾਰਾ ਮਿਲੇਗਾ। ਕਿਸਾਨ ਮੇਲਿਆਂ ਦੌਰਾਨ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ ਦੀਆਂ 12 ਹਜ਼ਾਰ ਕਾਪੀਆਂ ਕਿਸਾਨ ਭਰਾਵਾਂ ਨੇ ਯੂਨੀਵਰਸਿਟੀ ਪਾਸੋਂ ਸਿੱਧੀਆਂ ਖਰੀਦੀਆਂ। ਇਸ ਪੁਸਤਕ ਦਾ 42 ਹਜ਼ਾਰ ਪ੍ਰਿੰਟ ਆਰਡਰ ਹੋਣਾ ਆਪਣੇ ਆਪ ਵਿੱਚ ਇਤਿਹਾਸਕ ਘਟਨਾ ਹੈ।