ਮਾਏ ਨੀ ਮਾਏ ਮੇਰੀਏ,
ਮੈਂ ਕਰਾਂ ਤੇਰੇ ਅਗੇ ਅਰਜ਼ੋਈ ਨੀਂ।
ਮੈਂ ਸੀ ਕੇਹੜਾ ਪਾਪ ਕਮਾਇਆ,
ਤੂੰ ਮੇਰੇ ਜਨਮ ਤੋਂ ਮੁਨਕਰ ਹੋਈ ਨੀਂ।
ਨਾਂ ਤੂੰ ਜਨਮ ਲੈਣ ਦਿਤਾ ਮੈਨੂੰ,
ਨਾ ਮੇਰੇ ਮਰਣੇ ਤੇ ਰੋਈ ਨੀਂ।
ਘਰ ਵਿਚ ਕਿਲਕਾਰੀ ਗੂੰਜਣ ਖ਼ਾਤਰ,
ਰੱਬ ਅਗੇ ਲੀਕਾਂ ਸੀ ਕਢਦੀ।
ਜਦ ਮੈਂ ਤੇਰੀ ਕੁੱਖ ਵਿਚ ਆਈ,
ਤੂੰ ਸੁਪਨੇ ਵੇਖ ਮੁੰਡੇ ਦੇ ਖੁਸ਼ ਹੋਈ ਨੀਂ।
ਡਾਕਟਰ ਮੇਰਾ ਆਣਾ ਦਸਿਆ,
ਤੂੰ ਬਾਪੂ ਦੇ ਮੋਢੇ ਸਿਰ ਰੱਖ ਰੋਈ ਨੀਂ।
ਬਾਪੂ ਦਾ ਦਿਲ ਪੱਥਰ ਸੀ ਹੋਇਆ,
ਤੂੰ ਕਿਉਂ ਮੋਮ ਨਾ ਹੋਈ ਨੀਂ?
ਆਪਣੀ ਕੁਖੋਂ ਕੱਢਾ ਲਹੂਲੁਹਾਨ ਤੂੰ ਮੈਨੂੰ
ਵਗਦੇ ਦਰਿਆ ਵਿਚ ਸੁੱਟਿਆ ਨੀਂ।
ਨਾਂ ਦਿਲ ਤੇਰਾ ਸੀ ਕੰਬਿਆ
ਨਾਂ ਹੀ ਬਾਪੂ ਨੇ ਅਫਸੋਸ ਸੀ ਕੀਤਾ।
ਵਗਦੇ ਦਰਿਆ ਵਿਚ ਸੋਚੀ ਜਾਂਵਾ
ਕੇਹੜੇ ਕਰਮੀਂ ਮੇਰੀ ਏਹ ਗੱਤ ਹੋਈ ਨੀਂ।
ਮਾਏ ਨੀ ਮਾਏ ਮੇਰੀਏ
ਮੈਂ ਕਰਾਂ ਤੇਰੇ ਅਗੇ ਅਰਜ਼ੋਈ ਨੀਂ।
ਮੇਰਾ ਵੀ ਤਾਂ ਚਿੱਤ ਸੀ ਕਰਦਾ
ਵੀਰੇ ਨੂੰ ਰੱਖੜੀ ਬਨ੍ਹਣ ਨੂੰ।
ਵੀਰੇ ਦੀ ਘੋੜੀ ਦੀਆਂ ਵਾਗਾਂ ਗੁੰਦਾਂ,
ਉਹਦਾ ਸੇਹਰਾ ਬਨ੍ਹ ਨੱਚਣ ਟੱਪਣ ਨੂੰ।
ਨਾ ਸੁਪਨਾ ਮੇਰਾ ਪੂਰਾ ਹੋਇਆ
ਨਾ ਬਾਪੂ ਨੂੰ ਤੋਤਲੀ ਬੋਲੀ ਸੁਣਾਈ।
ਨਾ ਤੇਰੀ ਗੋਦੀ ਮੈਂ ਖੇਡੀ
ਨਾ ਤੈਨੂੰ ਮੈਂ ਗਲਵੱਕੜੀ ਪਾਈ।
ਤੂੰ ਵੀ ਤਾਂ ਸੀ ਮਾਏਂ ਧੀ ਕਿਸੇ ਦੀ
ਤੇਰੇ ਮਾਂ ਪਿਓ ਲਾਡ ਲਡਾਇਆ ਸੀ।
ਜਨਮ ਦੇ ਤੈਨੂੰ ਦੁਨੀਆਂ ਵਿਚ ਲਿਆਂਦਾ
ਤੇਰਾ ਜੀਵਨ ਸੁਖੀ ਬਣਾਇਆ ਸੀ।
ਕੀ ਮਜਬੂਰੀ ਸੀ ਮਾਏਂ ਤੇਰੀ,
ਤੂੰ ਏਹ ਪਾਪ ਕਮਾਇਆ ।
ਮੈਨੂੰ ਦੁਨੀਆਂ ਤੋਂ ਕਰ ਵਾਂਝਾ,
ਕੀ ਤੂੰ ਖਟਿਆ ਕੀ ਕਮਾਇਆ।
ਲਿਆਉਂਦੀ ਦੁਨੀਆਂ ਵਿੱਚ ਜੇ ਤੂੰ ਮੈਨੂੰ
ਤੇਰੇ ਸੁਪਨੇ ਸਜਾ ਦੇਂਦੀ।
ਵਡੀ ਹੋ ਤੇਰੀ ਸੇਵਾ ਕਰਦੀ
ਬਾਪੂ ਦਾ ਨਾਂਅ ਚਮਕਾ ਦੇਂਦੀ।
ਦੋ ਕੁੱਲਾਂ ਦਾ ਨਾਂ ਰੋਸ਼ਨ ਕਰਦੀ,
ਤੂੰ ਕਦਰ ਨਾਂ ਕੀਤੀ ਕੋਈ ਨੀਂ
ਮਾਏ ਨੀ ਮਾਏ ਮੇਰੀਏ
ਮੈਂ ਕਰਾਂ ਤੇਰੇ ਅਗੇ ਅਰਜ਼ੋਈ ਨੀਂ।
ਅੱਜ ਸਾਰੀ ਦੁਨੀਆ ਅਵਾਜ਼ਾਂ ਮਾਰੇ
ਧੀ ਪੁੱਤਰ ਵਿਚ ਫ਼ਰਕ ਨਾ ਕੋਈ।
ਦੋਵੇਂ ਇਕ ਬਰਾਬਰ ਹੁੰਦੇ
ਨਾ ਪੁੱਤ ਵਡਾ ਨਾ ਧੀ ਛੋਟੀ ਹੋਈ।
ਸੁਣ ਦਰਦਭਰੀ ਚਿਤਕਾਰ ਧੀ ਦੀ
ਮਾਂ ਦੀ ਆਤਮਾ ਕੰਬੀ ।
ਅੱਖਾਂ ਚੋਂ ਹੰਝੂਆਂ ਦਾ ਹੜ੍ਹ ਵਗਿਆ
ਇਕ ਪੀੜ ਕਲੇਜੇ ਵਿਚ ਉੱਠੀ।
ਮਾਂ ਨੇ ਅਗੋਂ ਜਵਾਬ ਸੀ ਦਿੱਤਾ
ਨਾ ਕਰ ਧੀਏ ਅਰਜ਼ੋਈ ਨੀਂ।
ਵਿਛੋੜਣ ਨੂੰ ਤੈਨੂੰ ਦਿਲ ਨਹੀਂ ਸੀ ਕਰਦਾ
ਇਉਂ ਮੈਂ ਬੇਮੁਖ ਹੋਈ ਨੀਂ।
ਜਨਮ ਤਾਂ ਮੈਂ ਦੇ ਦੇਂਦੀ ਤੈਨੂੰ
ਲਾਡ ਵੀ ਪੂਰੇ ਲਡਾਂਦੀ ਨੀਂ।
ਛਾਤੀ ਲਾ ਕੇ ਪਾਲਦੀ ਤੈਨੂੰ
ਪਿਆਰ ਆਪਣਾ ਲੁਟਾਂਦੀ ਨੀਂ।
ਪਰ ਇਕ ਹੂਕ ਸੀ ਮਨ ਵਿਚ ਉਠਦੀ
ਮੈਂ ਕਿਵੇਂ ਤੈਨੂੰ ਸਮਝਾਵਾਂ ਨੀਂ।
ਅੱਜ ਰੀਤ ਦੁਨੀਆਂ ਦੀ ਜੀਣ ਨ ਦੇਵੇ
ਧੀਆਂ ਨੂੰ ਭਾਰ ਬਣਾਇਆ ਨੀਂ।
ਦਾਜ ਦਾ ਦਾਨਵ ਮੂੰਹ ਹੈ ਪਾੜੇ
ਰੱਜ ਨਾ ਕੋਈ ਜੀਵੇ ਨੀਂ।
ਕਿਥੋਂ ਲਿਆਂਦੀ ਦਾਜ ਮੈਂ ਤੇਰਾ
ਘੁਟ ਘੁਟ ਲਹੂ ਦੇ ਹੰਝੂ ਪੀਵਾਂ ਨੀਂ।
ਏਹੀ ਸੋਚ ਦਿਲ ਘਬਰਾਵੇ ਮੇਰਾ
ਤਾਂ ਮੈਂ ਏਹ ਪਾਪ ਕਮਾਇਆ ਨੀਂ।
ਕੁਖੋਂ ਕਢਾ ਫੁੱਲ ਵਰਗੀ ਜਿੰਦ ਨੂੰ
ਮੱਥੇ ਕਲ਼ੰਕ ਲਗਾਇਆ ਨੀਂ।
ਜੇਕਰ ਧੀਆਂ ਪੁੱਤਰ ਇਕ ਬਰਾਬਰ
ਫ਼ਰਕ ਨਾ ਕੋਈ ਹੋਵੇ ਨੀਂ।
ਕਿਉਂ ਪੁਤਰਾਂ ਵਾਲੇ ਸਦਾ ਰਹਿਣ ਉਚੇ
ਧੀਆਂ ਵਾਲੇ ਕਿਉਂ ਨੀਵੇਂ ਹੋਵਣ ਨੀਂ।
ਲੋੜ ਹੈ ਰੀਤ ਏਹ ਬਦਲਣ ਦੀ
ਦੋਵੇਂ ਹੋਣ ਬਰਾਬਰ ਨੀਂ।
ਰਾਵਣ ਦਾ ਪੁਤਲਾ ਸਾੜਨ ਦੀ ਥਾਂ
ਦਾਜ ਦਾ ਦਾਨਵ ਸਾੜੋ ਜੀ।
ਧੀਆਂ ਨੂੰ ਇਕ ਭਾਰ ਨ ਸਮਝੋ
ਘਰ ਦਾ ਸ਼ਿੰਗਾਰ ਬਣਾਵੋ ਜੀ।
ਰਹਿੰਦੀ ਦੁਨੀਆਂ ਧੀਆਂ ਖਾਤਰ
ਮਾਂ ਨਾ ਕੋਈ ਰੋਵੇ ਜੀ।
ਨਾ ਕੁੱਖ ਆਪਣੀ ਨੂੰ ਕਲੰਕ ਲਗਾਵੇ
ਨਾ ਕੋਈ ਧੀ ਕਰੇ ਅਰਜ਼ੋਈ ਜੀ।