ਅੰਮ੍ਰਿਤਸਰ- ਪਾਕਿਸਤਾਨੀ ਭੂ-ਮਾਫ਼ੀਆ ਨੇ ਖੈਬਰ ਪਖਤੂਆਣਾ ਵਿੱਚ ਇੱਕ ਹੋਰ ਸਿੱਖ ਯਾਦਗਾਰ ਨੂੰ ਨਸ਼ਟ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਖੋਜਕਾਰ ਪ੍ਰੋ. ਸੁਰਿੰਦਰ ਕੋਛੜ ਦੁਆਰਾ ਦਿੱਤੀ ਗਈ ਹੈ। ਕੋਛੜ ਨੇ ਦੱਸਿਆ ਕਿ ਖ਼ੈਬਰ ਪੱਖਤੂਆਣਾ ਸੂਬੇ ਦੇ ਮਰਦਾਨ ਸ਼ਹਿਰ ਵਿੱਚ ਸਥਾਨਕ ਭੂ-ਮਾਫ਼ੀਆ ਨੇ 30 ਮਾਰਚ ਨੂੰ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਦੀ ਯਾਦਗਾਰ ਨੂੰ ਢਾਹ ਦਿੱਤਾ। ਇਹ ਵਾਰਦਾਤ ਇਸ ਸੂਬੇ ਦੇ ਮੁੱਖਮੰਤਰੀ ਅਮੀਰ ਹੈਦਰ ਹੌਤੀ ਦੇ ਆਪਣੇ ਸ਼ਹਿਰ ਵਿੱਚ ਭੂ-ਮਾਫ਼ੀਆ ਵੱਲੋਂ ਕਤਿੀ ਗਈ ਹੈ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਬਾਬਾ ਕਰਮ ਸਿੰਘ ਬ੍ਰਿਟਿਸ਼ ਫੌਜ ਵਿੱਚ ਨੌਕਰੀ ਕਰਦੇ ਸਨ ਪਰ ਧਾਰਮਿਕ ਬਿਰਤੀ ਦੇ ਹੋਣ ਕਰਕੇ ਉਨ੍ਹਾਂ ਦਾ ਫੌਜ ਦੀ ਨੌਕਰੀ ਵਿੱਚ ਮਨ ਨਹੀਂ ਲਗਿਆ ਅਤੇ ਉਹ ਨੌਕਰੀ ਛੱਡ ਕੇ 1850 ਦੇ ਕਰੀਬ ਇਸ ਸਥਾਨ ਤੇ ਡੇਰਾ ਬਣਾ ਕੇ ਭਜਨ ਬੰਦਗੀ ਕਰਨ ਲਗੇ। ਬਾਅਦ ਵਿੱਚ ਇਸ ਡੇਰੇ ਵਿੱਚ ਗੂਰੂ ਗਰੰਥ ਸਾਹਿਬ ਜੀ ਦਾ ਪਰਕਾਸ਼ ਕਰਕੇ ਇਸ 35 ਫੁੱਟ ਉਚੀ ਸੁੰਦਰ ਇਮਾਰਤ ਨੂੰ ਗੁਰਦੁਆਰਾ ਸਾਹਿਬ ਵਿੱਚ ਬਦਲ ਦਿੱਤਾ ਗਿਆ। ਹਿੰਦੂ ਅਤੇ ਸਿੱਖ ਇਸ ਗੁਰਦੁਆਰੇ ਵਿੱਚ ਬਹੁਤ ਸ਼ਰਧਾ ਰੱਖਦੇ ਸਨ।