ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੀ ਭਾਰਤ ਯਾਤਰਾ ਦਾ ਉਸ ਦੇ ਆਪਣੇ ਹੀ ਦੇਸ਼ ਵਿੱਚ ਸਰਕਾਰ ਵਿਰੋਧੀ ਰਾਜਨੀਤਕ ਅਤੇ ਧਾਰਮਿਕ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਯਾਤਰਾ ਨੂੰ ਸਥਗਿਤ ਕਰ ਦਿੱਤਾ ਜਾਵੇ। ਰਾਸ਼ਟਰਪਤੀ ਜਰਦਾਰੀ ਐਤਵਾਰ ਨੂੰ ਇੱਕ ਦਿਨ ਦੀ ਯਾਤਰਾ ਤੇ ਭਾਰਤ ਆ ਰਹੇ ਹਨ। ਇਹ ਉਨ੍ਹਾਂ ਦਾ ਨਿਜੀ ਦੌਰਾ ਹੈ।
ਰਾਸ਼ਟਰਪਤੀ ਭਵਨ ਨੇ ਜਰਦਾਰੀ ਦੀ ਯਾਤਰਾ ਸਬੰਧੀ ਇੱਕ ਹਫ਼ਤਾ ਪਹਿਲੇ ਸੂਚਨਾ ਦਿੱਤੀ ਸੀ ਪਰ ਉਸ ਸਮੇਂ ਇਸ ਦਾ ਕੋਈ ਵਿਰੋਧ ਨਹੀਂ ਹੋਇਆ। ਇਸ ਯਾਤਰਾ ਦਾ ਵਿਰੋਧ ਉਸ ਸਮੇਂ ਹੋਇਆ ਜਦੋਂ ਅਮਰੀਕੀ ਮੰਤਰੀ ਨੇ ਆਪਣੀ ਭਾਰਤ ਯਾਤਰਾ ਦੌਰਾਨ ਇਹ ਜਾਣਕਾਰੀ ਦਿੱਤੀ ਕਿ ਅਮਰੀਕਾ ਨੇ ਹਾਫਿ਼ਜ ਸਈਅਦ ਤੇ ਇਨਾਮ ਦਾ ਐਲਾਨ ਕੀਤਾ ਹੈ।
ਪਾਕਿਸਤਾਨੀ ਸੰਸਦ ਵਿੱਚ ਵਿਰੋਧੀ ਧਿਰ ਨੇ ਰਾਸ਼ਟਰਪਤੀ ਜਰਦਾਰੀ ਦੀ ਭਾਰਤ ਯਾਤਰਾ ਦੀ ਸਖਤ ਅਲੋਚਨਾ ਕੀਤੀ ਹੈ। ਵਿਰੋਧੀ ਪਾਰਟੀ ਦੇ ਨੇਤਾ ਚੌਧਰੀ ਨਿਸਾਰ ਅਲੀ ਖਾਨ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਬਿਨਾਂ ਕਿਸੇ ਪ੍ਰੋਗਰਾਮ ਦੇ ਭਾਰਤ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਪ੍ਰਧਾਨਮੰਤਰੀ ਗਿਲਾਨੀ ਨੇ ਰਾਸ਼ਟਰਪਤੀ ਦਾ ਪੱਖ ਪੂਰਦੇ ਹੋਏ ਸੰਸਦ ਵਿੱਚ ਕਿਹਾ ਕਿ ਰਾਸ਼ਟਰਪਤੀ ਦੀ ਕਈ ਸਾਲਾਂ ਤੋਂ ਅਜਮੇਰ ਸ਼ਰੀਫ਼ ਜਾਣ ਦੀ ਇੱਛਾ ਸੀ। ਇਹ ਉਨ੍ਹਾਂ ਦੀ ਨਿਜੀ ਯਾਤਰਾ ਹੈ। ਕਈ ਹੋਰ ਧਾਰਮਿੱਕ ਅਤੇ ਰਾਜਨੀਤਕ ਸੰਗਠਨ ਵੀ ਰਾਸ਼ਟਰਪਤੀ ਦੀ ਇਸ ਯਾਤਰਾ ਦਾ ਵਿਰੋਧ ਕਰ ਰਹੇ ਹਨ। ਰਾਸ਼ਟਰਪਤੀ ਜਰਦਾਰੀ ਐਤਵਾਰ ਨੂੰ ਆਪਣੀ ਅਜਮੇਰ ਸ਼ਰੀਫ਼ ਦੀ ਯਾਤਰਾ ਦੌਰਾਨ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਲੰਚ ਕਰਨਗੇ।