ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਡਾ: ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਵਿਖੇ ਪੀ ਏ ਯੂ ਸਟੂਡੈਂਟਸ ਐਸੋਸੀਏਸ਼ਨ ਦੇ ਉਤਸ਼ਾਹ ਸਦਕਾ ਪੀ ਏ ਯੂ ਸਥਿਤ ਖੇਤੀ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਗੁਰਸਿਮਰਨ ਸਿੰਘ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਲਗਾਈ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਕੋਮਲ ਕਲਾਵਾਂ ਹੀ ਮਨੁੱਖ ਦੀ ਸਰਵਪੱਖੀ ਸਖਸ਼ੀਅਤ ਦਾ ਉਸਾਰ ਸੰਭਵ ਹੈ। ਉਨ੍ਹਾਂ ਆਖਿਆ ਕਿ ਸਰਮਾਏ ਦੀ ਅੰਨ੍ਹੀ ਦੌੜ ਨੇ ਸਾਨੂੰ ਮਸ਼ੀਨ ਬਣਾ ਦਿੱਤਾ ਹੈ। ਮਨੁੱਖ ਨੂੰ ਮਨੁੱਖ ਬਣਾਈ ਰੱਖਣ ਲਈ ਸੁਗਮ ਸੰਗੀਤ, ਕੋਮਲ ਕਲਾਵਾਂ ਅਤੇ ਸਮੂਹਿਕ ਸੁਪਨਿਆਂ ਦਾ ਵਿਕਾਸ ਜ਼ਰੂਰੀ ਹੈ। ਉਨ੍ਹਾਂ ਗੁਰਸਿਮਰਨ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਇਸ ਚੰਗੇ ਯਤਨ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਕੋਮਲ ਕਲਾਵਾਂ ਦੇ ਕਾਰਜ ਨੂੰ ਹੋਰ ਅੱਗੇ ਵਧਾਉਣ ਤਾਂ ਜੋ ਬਾਕੀ ਵਿਦਿਆਰਥੀ ਵੀ ਉਨ੍ਹਾਂ ਨੇ ਪੈਰ ਚਿੰਨ੍ਹਾਂ ਦੇ ਚੱਲ ਕੇ ਇਸ ਮਹਾਨ ਸੰਸਥਾ ਦੀਆਂ ਅਮੀਰ ਰਵਾਇਤਾਂ ਵਿੱਚ ਵਾਧਾ ਕਰਨ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਹਿਤ ਸਿਰਜਣਾ, ਚਿਤਰਕਾਰੀ, ਫੋਟੋ ਕਲਾਕਾਰੀ ਅਤੇ ਬੁੱਤ ਤਰਾਸ਼ੀ ਵਿੱਚ ਮਨੁੱਖ ਰੂਹ ਤਾਂ ਹੀ ਪਾ ਸਕਦਾ ਹੈ ਜੇਕਰ ਉਸ ਨੂੰ ਕੋਮਲ ਕਲਾਵਾਂ ਦੇ ਵਿਕਾਸ ਲਈ ਮੌਕਾ ਮਿਲੇ। ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਅੰਦਰ ਡਾ: ਮਹਿੰਦਰ ਸਿੰਘ ਰੰਧਾਵਾ ਤੋਂ ਲੈ ਕੇ ਹੁਣ ਤੀਕ ਸਰਪ੍ਰਸਤੀ ਦਾ ਮਾਹੌਲ ਹੈ। ਇਸੇ ਕਰਕੇ ਸਾਡੇ ਵਿਦਿਆਰਥੀ ਏਨੀਆਂ ਖੂਬਸੂਰਤ ਤਸਵੀਰਾਂ ਪੇਸ਼ ਕਰ ਸਕੇ ਹਨ। ਡਾ: ਮਹੇ ਨੇ ਆਖਿਆ ਕਿ ਡਾ: ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਲਈ ਹੋਰ ਸਹੂਲਤਾਂ ਵੀ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਗੁਰਸਿਮਰਨ ਸਿੰਘ ਵੱਲੋਂ ਖਿੱਚੀਆਂ ਫੋਟੋਆਂ ਦੇ ਹਵਾਲੇ ਨਾਲ ਆਖਿਆ ਕਿ ਇਹ ਖੁਰਦਬੀਨ ਦੀ ਅੱਖ ਨਾਲ ਵੇਖਿਆ ਸੰਸਾਰ ਹੈ ਜਦ ਕਿ ਹਰਪ੍ਰੀਤ ਸਿੰਘ ਨੇ ਸਾਨੂੰ ਪੇਂਡੂ ਜੀਵਨ ਦੇ ਨੇੜ ਦਰਸ਼ਨ ਕਰਵਾਏ ਹਨ। ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ ਤੋਂ ਇਲਾਵਾ ਇਸ ਮੌਕੇ ਸ਼ਹਿਰ ਦੇ ਅਨੇਕਾਂ ਸਿਰਕੱਢ ਫੋਟੋ ਕਲਾਕਾਰ, ਲੇਖਕ ਅਤੇ ਬੁੱਧੀਜੀਵੀ ਹਾਜ਼ਰ ਸਨ। ਪੀ ਏ ਯੂ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਗੁੱਜਰ ਨੇ ਮੁੱਖ ਮਹਿਮਾਨ ਡਾ: ਚੀਮਾ ਅਤੇ ਡਾ: ਰਾਜ ਕੁਮਾਰ ਮਹੇ ਦਾ ਅਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ।