ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਮੀਟਿੰਗ ਹਾਲ ਵਿਖੇ ਸਵੇਰੇ 11.00 ਵਜੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ‘ਚ ਸ਼ੁਰੂ ਹੋਈ ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਅੰਤ੍ਰਿੰਗ ਮੈਂਬਰਾਨ ਸ. ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ੍ਰ: ਨਿਰਮੈਲ ਸਿੰਘ ਜੌਲਾਂ ਕਲਾਂ, ਸ੍ਰ: ਕਰਨੈਲ ਸਿੰਘ ਪੰਜੋਲੀ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਮੰਗਲ ਸਿੰਘ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੋਹਨ ਸਿੰਘ ਬੰਗੀ, ਸ. ਭਜਨ ਸਿੰਘ ਸ਼ੇਰਗਿਲ ਤੇ ਸ. ਸੁਰਜੀਤ ਸਿੰਘ ਗੜ੍ਹੀ ਸ਼ਾਮਲ ਹੋਏ।
ਮੂਲ ਮੰਤਰ ਦੇ ਪਾਠ ਉਪਰੰਤ ਵਿਛੜੀਆਂ ਰੂਹਾਂ ’ਚ ਕੌਮੀ ਸ਼ਹੀਦ ਭਾਈ ਜਸਪਾਲ ਸਿੰਘ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਜੋਧ ਸਿੰਘ, ਜਥੇ. ਦਾਰਾ ਸਿੰਘ ਜ਼ੀਰਾ, ਜਥੇ. ਰਣਜੀਤ ਸਿੰਘ ਡਰੋਲੀਕਲਾਂ, ਢਾਡੀ ਭਾਈ ਕੁਲਵੰਤ ਸਿੰਘ ਬੀ.ਏ. ਅਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਗ੍ਰੰਥੀ ਭਾਈ ਸੁਖਚੈਨ ਸਿੰਘ ਪ੍ਰਤੀ ਦੁੱਖ ਦਾ ਇਜ਼ਹਾਰ ਕਰਦਿਆਂ ਸ਼ੌਕ ਮੱਤੇ ਪੜੇ ਗਏ।
ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਇਕੱਤਰਤਾ ਵਿਚ ਟ੍ਰਸਟ ਵਿਭਾਗ ਦੀਆਂ 89, ਸੈਕਸ਼ਨ 85 ਦੀਆਂ 350 ਅਤੇ ਸੈਕਸ਼ਨ 87 ਦੀਆਂ 124 ਮੱਦਾਂ ’ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਅਹਿਮ ਫੈਸਲੇ ਲੈਂਦਿਆਂ ਕੋਮੀ ਸ਼ਹੀਦ ਭਾਈ ਜਸਪਾਲ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਵਾਈ ਜਾਵੇਗੀ, ਗ੍ਰੰਥੀ ਭਾਈ ਸੁਖਚੈਨ ਸਿੰਘ ਦੇ ਪ੍ਰੀਵਾਰ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਅਤੇ ਪ੍ਰੀਵਾਰ ਦੇ ਇਕ ਮੈਂਬਰ ਨੂੰ ਯੋਗਤਾ ਅਨੁਸਾਰ ਨੋਕਰੀ ਦਿੱਤੀ ਜਾਵੇਗੀ। ਡਾ. ਸਰੂਪ ਸਿੰਘ ਜੀ ਅਲੱਗ ਚੇਅਰਮੈਨ ਅਲੱਗ ਸ਼ਬਦ ਯੋਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਲੁਧਿਆਣਾ ਦੀਆਂ ਮਾਨਵਤਾ ਅਤੇ ਸਿੱਖੀ ਸ਼ਾਨ ਵਧਾਉਣ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਬਾਰੇ ਕੀਤੀਆਂ ਸੇਵਾਵਾਂ ਅਤੇ ਸ. ਫੋਜਾ ਸਿੰਘ ਜੀ ਦੌੜਾਕ ਵੱਲੋਂ ਦੋੜਾਂ ਵਿਚ ਵਰਲਡ ਰੀਕਾਰਡ ਕਾਇਮ ਕਰਨ, ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਬਦਲੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਸਕਿਨ ਜਨਰਲ ਹਸਪਤਾਲ ਅਤੇ ਨਰਸਿੰਗ ਇੰਸਟੀਚਿਊਟ ਤਰਨ ਤਾਰਨ ਦੀ ਇਮਾਰਤ ਦੇ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ। ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਨੂੰ ਢਾਹ ਕੇ ਉਸ ਦੀ ਜਗ੍ਹਾ ਪੁਰ ਯਾਤਰੂਆਂ ਲਈ ਨਵੀਂ ਸਰਾਂ ਬਣਾਈ ਜਾਵੇਗੀ ਤੇ ਗੁਰੂ ਨਾਨਕ ਸਕੂਲ ਦੀ ਇਮਾਰਤ ਘਿਊ ਮੰਡੀ ਚੌਂਕ ਵਾਲੀ ਜਗ੍ਹਾ ਤੇ ਬਨਾਉਣ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੰਹ ਮੁਲਾਜ਼ਮਾਂ ਨੂੰ 6% ਮਹਿੰਗਾਈ ਅਲਾਊਂਸ ਅਤੇ ਇਕ ਸਪੈਸ਼ਲ ਤਰੱਕੀ ਵੀ ਦਿੱਤੀ ਗਈ ਹੈ। ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਮਲਕੀਅਤੀ ਦੁਕਾਨ ਨੰ:4 ਪੁਰਾਣੀ ਹੋਣ ਕਰਕੇ ਨਵੀਂ ਬਨਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਗੁਰਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ ਨਾਲ ਅਟੈਚ ਗੁਰਦੁਆਰਾ ਗੰਗਸਰ ਸਾਹਿਬ ਦੇ ਸਰੋਵਰ ਦੀ ਡੂੰਗਾਈ 11 ਫੁੱਟ ਤੋਂ ਘਟਾ ਕੇ 7 ਫੁੱਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਗੁਰਦੁਆਰਾ ਪਾਤਸ਼ਾਹੀ ਦਸਵੀਂ ਹੇਰਾ (ਲੁਧਿਆਣਾ) ਦੀਆਂ ਇਮਾਰਤਾਂ ਨੂੰ ਰੰਗ-ਰੋਗਨ ਅਤੇ ਗੁਰਦੁਆਰਾ ਸਾਹਿਬ ਲਈ ਨਵੀਂ ਬਲੈਰੋ ਗੱਡੀ ਖਰੀਦ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਮਲਕੀਅਤੀ ਜਗ੍ਹਾ ਚੌਂਕ ਮੋਨੀ ਵਿਖੇ ਸਟਾਫ ਕੁਆਰਟਰ ਬਣਾਏ ਜਾਣ ਲਈ ਮਨਜੂਰੀ ਦਿੱਤੀ ਗਈ ਹੈ।ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਤੋਸ਼ਾਖਾਨਾ ਸੋਨਾ-ਚਾਂਦੀ ਸ਼ੁਧ ਕਰਨ ਲਈ ਅੰਤ੍ਰਿੰਗ ਕਮੇਟੀ ਵੱਲੋਂ ਸਬ-ਕਮੇਟੀ ਨੀਯਤ ਕੀਤੀ ਗਈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਤਿੰਨ ਵੱਡੇ ਬੋਰ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਹਰੇਕ ਗੁਰਦੁਆਰਾ ਸਾਹਿਬ ਦਾ ਮੈਨੇਜਰ ਅਤੇ ਅਕਾਊਂਟੈਂਟ ਪਾਸੋਂ ਇਕ ਗੁਰਦੁਆਰਾ ਸਾਹਿਬ ਵਿਖੇ ਤਿੰਨ ਸਾਲ ਤੋਂ ਵੱਧ ਡਿਊਟੀ ਨਹੀਂ ਲਈ ਜਾਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਂਡੂ ਖੇਤਰਾਂ ’ਚ 10 ਕਾਲਜ ਅਤੇ 11 ਸਕੂਲ ਖੋਲੇ ਜਾਣ ਦਾ ਅਹਿਮ ਫੈਸਲਾ ਲਿਆ ਗਿਆ ਹੈ ਅਤੇ ਇਨ੍ਹਾਂ ਸਕੂਲਾਂ ਵਿਚ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਵਿਦਿਆ ਦਾ ਖਾਸ ਪ੍ਰਬੰਧ ਹੋਵੇਗਾ। ਸ਼ਹੀਦ ਭਾਈ ਕੇਹਰ ਸਿੰਘ ਅਤੇ ਉਨ੍ਹਾਂ ਦੇ 9 ਸਾਲਾ ਪੁੱਤਰ ਭਾਈ ਦਰਬਾਰਾ ਸਿੰਘ ਦੀ ਯਾਦ ’ਚ ਪਿੰਡ ਜ਼ਰਗ (ਲੁਧਿਆਣਾ) ਵਿਖੇ ਨਰਸਿੰਗ ਕਾਲਜ ਬਣਾਏ ਜਾਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਐਡੀ: ਸਕੱਤਰ ਸ. ਤਰਲੋਚਨ ਸਿੰਘ, ਸ. ਮਨਜੀਤ ਸਿੰਘ ਤੇ ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਪ੍ਰਮਜੀਤ ਸਿੰਘ ਸਰੋਆ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਅਮਲਾ ਵਿਭਾਗ ਦੇ ਇੰਚਾਰਜ ਸ. ਤਰਵਿੰਦਰ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਪ੍ਰਮਦੀਪ ਸਿੰਘ, ਟ੍ਰਸਟ ਵਿਭਾਗ ਦੇ ਇੰਚਾਰਜ ਸ. ਗੁਰਦਿੱਤ ਸਿੰਘ, ਸੈਕਸ਼ਨ 87 ਦੇ ਇੰਚਾਰਜ ਸ. ਗੁਰਿੰਦਰ ਸਿੰਘ ਮਥਰੇਵਾਲ, ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਗਰੇਵਾਲ, ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾ ਦੇ ਮੈਨੇਜਰ ਸ. ਗੁਰਮੀਤ ਸਿੰਘ, ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਸ. ਨਿਰਮਲ ਸਿੰਘ ਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ (ਪਟਿਆਲਾ) ਦੇ ਮੈਨੇਜਰ ਸ. ਜਾਗੀਰ ਸਿੰਘ, ਕੰਪਿਊਟਰ ਡਿਜ਼ਾਈਨਰ ਸ. ਭੁਪਿੰਦਰ ਸਿੰਘ, ਸ. ਮਨਪ੍ਰੀਤ ਸਿੰਘ ਐਕਸੀਅਨ, ਸ. ਹਰਜਿੰਦਰ ਸਿੰਘ, ਸ. ਤੇਜਿੰਦਰ ਸਿੰਘ, ਸ. ਸੁਖਬੀਰ ਸਿੰਘ ਤੇ ਸ. ਗੁਰਚਰਨ ਸਿੰਘ ਆਦਿ ਮੌਜੂਦ ਸਨ।