ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿੱਚ ਹਰ ਕੋਈ ਆਪਣੀ ਹਊਮੈ ਦਾ ਪ੍ਰਗਟਾਵਾ ਕਰਦਾ ਹੋਇਆ ਆਪਣੇ ਆਪ ਨੁੰ ਇਸ ਵਿਖਾਵੇ ਦੇ ਯੁੱਗ ਵਿੱਚ ਨਿਲਾਮ ਤੱਕ ਕਰ ਲੈਂਦਾ ਹੈ । ਅਜਿਹਾ ਵਿਸ਼ੇਸ਼ ਕਰਕੇ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਸਾਡੇ ਪੰਜਾਬ ਵਿੱਚ ਵਿਆਹ-ਸ਼ਾਦੀਆਂ ਉੱਪਰ ਆਪਣੀ ਹੈਸੀਅਤ ਤੋਂ ਵੱਧ ਕੇ ਕਰਜ਼ਾ ਤੱਕ ਚੁੱਕ ਕੇ ਪੈਸੇ ਅਤੇ ਸ਼ੋਹਰਤ ਦਾ ਝੂਠਾ ਵਿਖਾਵਾ ਕੀਤਾ ਜਾਂਦਾ ਹੈ । ਲੋੜ ਤੋਂ ਵੱਧ ਦਹੇਜ ਦੇ ਰੂਪ ਵਿੱਚ ਲੜਕੇ ਪਰਿਵਾਰ ਦੇ ਲਾਲਚ ਨੂੰ ਹੋਰ ਲਾਲਚੀ ਕਰਨ ਲਈ ਕੁੱਤੇ ਅੱਗੇ ਹੱਡੀ ਪਾਉਣ ਵਾਂਗ ਹੀ ਹੈ, ਜਿਸਦਾ ਲਾਲਚ ਹੋਰ ਵੱਧਦਾ ਹੀ ਹੈ ਘੱਟ ਦਾ ਨਹੀਂ । ਸ਼ਾਇਦ ਇਹੀ ਕਾਰਣ ਹੈ ਕਿ ਥੋੜਾ ਬਹੁਤਾ ਦਾਜ ਲੈਣ ਵਾਲੇ ਬਾਅਦ ਵਿੱਚ ਮੁਫਤ ਦੀਆਂ ਚੀਜ਼ਾਂ ਪ੍ਰਾਪਤ ਕਰਨ ਬਾਅਦ ਹੋਰ, ਹੋਰ, ਤੇ ਫਿਰ ਹੋਰ ਨਿੱਤ ਆਏ ਦਿਨ ਮੰਗਦੇ ਹੀ ਰਹਿੰਦੇ ਹਨ ਤੇ ਜੇ ਅੱਗੋਂ ਲੜਕੀ ਪਰਿਵਾਰ ਬੇਵੱਸੀ ਜਾਹਰ ਕੀਤੀ ਜਾਵੇ ਤਾਂ ਲੜਕੀ ਨਾਲ ਜੋ ਸਲੂਕ ਕੀਤਾ ਜਾਂਦਾ ਹੈ, ਉਹ ਅਸੀਂ ਨਿੱਤ ਅਖਬਾਰਾਂ ਵਿੱਚ ਪੜ੍ਹਦੇ ਅਤੇ ਲੋਕਾਂ ਕੋਲ ਸੁਣਦੇ ਹੀ ਰਹਿੰਦੇ ਹਾਂ ।
ਫਿਰ ਵੀ ਸਾਡੇ ਪੰਜਾਬੀ ਅਤੇ ਸਿੱਖ ਪਰਿਵਾਰ ਇਸ ਦਾਜ ਰੂਪੀ ਕੋਹੜ ਤੋਂ ਬਚ ਨਹੀਂ ਪਾਏ, ਪਰ ਧੰਨ ਹਨ ਗੁਰੂ ਦੇ ਉਹ ਗੁਰਸਿੱਖ ਪਰਿਵਾਰ ਜਿਹੜੇ ਅੱਜ ਦੇ ਮਾਇਆ ਰੂਪੀ ਇਸ ਸੰਸਾਰ ਵਿੱਚ ਵੀ ਬਾਬੇ ਨਾਨਕ ਦੇ ਪੂਰਣਿਆਂ ਤੇ ਚੱਲਦੇ ਹੋਏ ਗੁਰਮਤਿ ਸਿਧਾਂਤਾਂ ਤੇ ਖਰੇ ਉੱਤਰ ਰਹੇ ਹਨ । ਜਿਹਨਾਂ ਵਿੱਚੋਂ ਅੱਜ ਲੁਧਿਆਣੇ ਦੇ ਸ. ਸ਼ਰਨਜੀਤ ਸਿੰਘ ਖਾਲਸਾ ਜੀ ਦੇ ਪਰਿਵਾਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਹਨਾਂ ਦੀ ਪਰਵਰਿਸ਼ ਵਿੱਚ ਵੱਡੇ ਉਹਨਾਂ ਦੇ ਸਪੁੱਤਰ ਸ. ਜਸਦੀਪ ਸਿੰਘ ਦਾ ਅਨੰਦ ਕਾਰਜ ਬੀਤੀ 26 ਨਵੰਬਰ ਨੂੰ ਵੇਖਣ ਦਾ ਮੌਕਾ ਮਿਲਿਆ, ਜੋ ਕਿ ਅੰਮ੍ਰਿਤਸਰ ਵਾਸੀ ਸ. ਮਨਜੀਤ ਸਿੰਘ ਦੀ ਸਪੁੱਤਰੀ ਬੀਬਾ ਮਨਮੀਤ ਕੌਰ ਜੀ ਨਾਲ ਹੋਣਾ ਤੈਅ ਹੋਇਆ ਸੀ । ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਅਜੀਤ ਨਗਰ ਵਿਖੇ ਪੂਰਨ ਗੁਰਮਰਿਆਦਾ ਅਤੇ ਗੁਰਬਾਣੀ ਦੇ ਹੁਕਮਾਂ ਅਨੁਸਾਰ ਨਿਰੋਲ ਗੁਰਮਤਿ ਸਮਾਗਮ ਦੀ ਤਰ੍ਹਾਂ ਨੇਪੜੇ ਚੜ੍ਹਿਆ ।
ਬਿਨ੍ਹਾਂ ਕਿਸੇ ਤਰ੍ਹਾਂ ਦਾ ਮੇਕ-ਅੱਪ, ਹਾਰ-ਸ਼ਿੰਗਾਰ, ਗਹਿਣਿਆਂ, ਚੂੜੀਆਂ-ਲਾਲ ਚੂੜੇ, ਕਲੀਰਿਆਂ ਤੋਂ ਬੀਬਾ ਮਨਮੀਤ ਕੌਰ ਸਾਦਗੀ ਵਿੱਚ ਸਿਰਫ ਸੱਜੇ ਗੁੱਟ ਤੇ ਘੜੀ ਅਤੇ ਸੱਜੇ ਗੁੱਟ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਕੜਾ ਹੀ ਦਿੱਸ ਰਿਹਾ ਸੀ । ਤੇ ਵੀਰ ਜਸਦੀਪ ਸਿੰਘ ਬਿਨ੍ਹਾਂ ਕਿਸੇ ਵਾਜੇ-ਗਾਜੇ, ਭੰਗੜੇ, ਕਲਗੀ, ਸਿਹਰੇ ਅਤੇ ਘੋੜੀ ਤੋਂ ਹੱਥ ਵਿੱਚ ਸਿਰੀ ਸਾਹਿਬ ਫੜ੍ਹੀ ਪਰਿਵਾਰ ਦੇ ਗਿਣੇ ਮਿਣੇ ਕੁੱਝ ਖਾਸ ਸੱਜਣਾ ਨਾਲ ਗੁਰੂ ਮਾਹਰਾਜ ਦੀ ਹਜ਼ੂਰੀ ਵਿੱਚ ਨਤਮਸਤਕ ਹੋਇਆ । ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦੇ ਇਲਾਹੀ ਕੀਰਤਨ ਕੀਤੇ ਗਏ ਉਪਰੰਤ ਸਿੱਖ ਮਿਸ਼ਨਰੀ ਸ. ਜਗਜੀਤ ਸਿੰਘ ਜੰਮੂ ਵਾਲੇ ਨੇ ਇੱਕ ਘੰਟਾ ਗੁਰਮਤਿ ਵੀਚਾਰਾਂ ਸਾਂਝੀਆਂ ਕੀਤੀਆਂ ਅਤੇ ਫਿਰ ਗੁਰੂ ਮਾਹਰਾਜ ਜੀ ਦੀ ਹਜ਼ੂਰੀ ਵਿੱਚ ਅਨੰਦ ਪੜ੍ਹਿਆ ਗਿਆ । ਸਮੁੱਚਾ ਸਮਾਗਮ ਕਿਸੇ ਗੁਰਮਤਿ ਆਸ਼ੇ ਅਨੁਸਾਰ ਕੀਤਾ ਹੈ । ਜਿਸਦੀ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਵਿਸ਼ੇਸ਼ ਲੋੜ ਹੈ ।
ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਜੇਕਰ ਪੰਜਾਬ ਦਾ ਪੜ੍ਹਿਆ ਲਿਖਿਆ ਨੌਜਵਾਨਾਂ ਗੁਰਮਤਿ ਸਿਧਾਂਤਾਂ ਨੂੰ ਅਪਣਾ ਕੇ ਵਿਖਾਵੇ ਦੀ ਦੁਨੀਆਂ ਤੋਂ ਬੱਚ ਕੇ ਇਸ ਤਰ੍ਹਾਂ ਦੇ ਵਿਆਹ ਕਰਵਾਉਣ ਲਈ ਤਹੱਈਆ ਕਰ ਲਵੇ ਤਾਂ ਸਾਡੀਆਂ ਅਖਬਾਰਾਂ ਵਿੱਚੋਂ ‘ਸਟੋਪ ਫੱਟਣ’ ਦੀਆਂ ਅਤੇ ‘ਦਾਜ ਦੀ ਬਲੀ’ ਵਾਲੇ ਸਿਰਲੇਖ ਦੀਆਂ ਖਬਰਾਂ ਗਾਇਬ ਹੋ ਜਾਣਗੀਆਂ ਆਉਂਦੇ ਭਵਿੱਖ ਦੇ ਬਹੁਤ ਹੀ ਥੋੜੇ ਜਿਹੇ ਸਮੇਂ ਵਿੱਚ ਪੰਜਾਬ ਦੇ ਮੱਥੇ ਤੋਂ ਭਰੂਣ ਹੱਤਿਆ ਦਾ ਕਲੰਕ ਵੀ ਧੋਤਾ ਜਾ ਸਕਦਾ ਹੈ ।