ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ ਦੌੜ ਵਿੱਚੋਂ ਰਿਕ ਸੈਂਟੋਰਮ ਨੇ ਆਪਣਾ ਨਾਂ ਵਾਪਿਸ ਲੈ ਲਿਆ ਹੈ। ਇਸ ਨਾਲ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਦਾ ਓਬਾਮਾ ਨੂੰ ਟੱਕਰ ਦੇਣ ਦਾ ਰਸਤਾ ਸਾਫ਼ ਹੋ ਗਿਆ ਹੈ। ਅਮਰੀਕਾ ਵਿੱਚ 6 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ।
ਸੈਂਟੋਰਮ ਨੇ ਮੰਗਲਵਾਰ ਨੂੰ ਅਚਾਨਕ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਵਿੱਚੋਂ ਆਪਣਾ ਨਾਂ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਦੀ ਸਿਹਤ ਠੀਕ ਨਾਂ ਹੋਣ ਕਰਕੇ ਉਹ ਹਸਪਤਾਲ ਵਿੱਚ ਦਾਖਿਲ ਹੈ। ਸੈਂਟੋਰਮ ਦੇ ਆਪਣੇ ਰਾਜ ਪੈਨਸਿਲਵੈਨੀਆ ਵਿੱਚ ਦੋ ਹਫ਼ਤੇ ਬਾਅਦ ਪਰਾਇਮਰੀ ਚੋਣ ਹੋਣੀ ਸੀ। ਸਰਵੇ ਅਨੁਸਾਰ ਉਹ ਰੋਮਨੀ ਤੋਂ ਹਾਰ ਸਕਦੇ ਸਨ। ਬਾਕੀ ਸੂਬਿਆਂ ਵਿੱਚ ਹੋਈਆਂ ਪਰਾਇਮਰੀ ਚੋਣਾਂ ਵਿੱਚ ਰੋਮਨੀ ਅੱਗੇ ਚੱਲ ਰਹੇ ਹਨ। ਇਸ ਦੇ ਬਾਵਜੂਦ ਸੈਂਟੋਰਮ ਨੇ ਕਿਹਾ ਸੀ ਕਿ ਉਹ ਅਗੱਸਤ ਤੱਕ ਇਸ ਦੌੜ ਵਿੱਚ ਰਹਿਣਗੇ,ਪਰ ਹੁਣ ਅਚਾਨਕ ਉਨ੍ਹਾਂ ਨੇ ਆਪਣਾ ਫੈਸਲਾ ਬਦਲ ਲਿਆ। ਰੀਪਬਲੀਕਨ ਨੈਸ਼ਨਲ ਕਮੇਟੀ ਨੇ ਸੈਂਟੋਰਮ ਦੇ ਇਸ ਫੈਸਲੇ ਦੀ ਸਲਾਘਾ ਕੀਤੀ ਹੈ।