ਟਰਾਂਟੋ:-(ਸ਼ਤਾਬਦੀ ਕਮੇਟੀ) ਗ਼ਦਰ ਪਾਰਟੀ ਦੀ 1913 ‘ਚ ਹੋਈ ਸਥਾਪਨਾ ਨੇ ਉਸ ਜਥੇਬੰਦਕ ਘੋਲ ਦਾ ਮੁੱਢ ਬੰਨਿਆ ਜੋ ਦੇਸ਼ ਕੌਮ ਦੀ ਅਣਖ,ਆਨ-ਸ਼ਾਨ ਦੀ ਬਹਾਲੀ ਦੇ ਨਾਲ ਨਾਲ ਲੋਟੂ ਬਸਤੀਵਾਦੀ ਤਾਕਤਾਂ ਹੱਥੋਂ ਮਿਹਨਤਕਸ਼ ਲੋਕਾਂ ਦੀ ਲੁੱਟ ਨੂੰ ਖ਼ਤਮ ਕਰਕੇ ‘ਸੰਪੂਰਨ ਮਨੁੱਖੀ ਆਜ਼ਾਦੀ’ ਲਿਆਉਣ ਵੱਲ ਸੇਧਿਤ ਸੀ।
ਅਮਰੀਕਾ ਕੈਨੇਡਾ ਦੇ ਹਿੰਦੋਸਤਾਨੀ ਮੂਲ ਦੇ ਲੋਕਾਂ, ਜਿਹਨਾਂ ‘ਚ ਬਹੁਗਿਣਤੀ ਪੰਜਾਬੀ ਸਨ ਨੇ ਇਸ ਜਥੇਬੰਦਕ ਘੋਲ ਦਾ ਮੁੱਢ ਹੀ ਨਹੀਂ ਬੰਨਿਆ ਸਗੋਂ ਇਸ ਵਿੱਚ ਅਪਣੇ ਲਹੂ-ਪਸੀਨੇ ਨਾਲ ਗੜੁੱਚ ਯੋਗਦਾਨ ਪਾਇਆ ਅਤੇ ਜਾਤਾਂ,ਧਰਮਾਂ ਤੋਂ ਉਪਰ ਉੱਠ ਕੇ ਸੰਸਾਰ ਪੱਧਰ ਤੇ ਸ਼ਾਨਾਮੱਤੇ ਹਿੰਦੋਸਤਾਨੀ ਵਿਰਸੇ ਨੂੰ ਰੌਸ਼ਨ ਕੀਤਾ।
ਗ਼ਦਰੀ ਬਾਬਿਆਂ ਦੇ ਨਾਮ ਨਾਲ ਯਾਦ ਕੀਤੇ ਜਾਂਦੇ ਇਹ ਸੂਰਬੀਰ ਲੋਕ ਜਿੱਥੇ ਹਿੰਦੋਸਤਾਨ ਦੀ ਆਜ਼ਾਦੀ ਲਹਿਰ ਦੇ ਖ਼ਾਲਸ ਰਹਿਨੁਮਾ ਹਨ ਓਥੇ ਅੱਜ ਅਣ-ਵੰਡੇ ਹਿੰਦੋਸਤਾਨ ਦੇ ਮਹਾਨ ਵਿਰਾਸਤੀ ਚਾਨਣ ਮੁਨਾਰੇ ਵੀ। ਅਜਿਹੇ ਬਾਬਿਆਂ ਦੇ ਪਾਏ ਪੂਰਨਿਆਂ ਅਤੇ ਉਹਨਾਂ ਦੇ ਲੋਕ-ਪੱਖੀ ਰੌਸ਼ਨ ਇਤਹਾਸ ਦਾ ਸਰਮਾਇਆ ਉਹਨਾਂ ਦੇ ਕੌਮੀ ਵਾਰਸਾਂ ਨੂੰ ਸਹਿਜੇ ਹੀ ਪੁੱਤਰਾਂ ਤੋਂ ਸਪੁੱਤਰ ਬਣਾਉਣ ਦੀ ਸ਼ਕਤੀਸ਼ਾਲੀ ਸਮਰੱਥਾ ਰੱਖਦਾ ਹੈ।
ਟਰਾਂਟੋ(ਕੈਨੇਡਾ) ਅਤੇ ਆਸਪਾਸ ਦੇ ਇਲਾਕਿਆਂ ‘ਚ ਸਰਗਰਮ ਲੋਕ-ਜਥੇਬੰਦੀਆਂ ਅਤੇ ਕਾਰਕੁੰਨਾਂ ਵਲੋਂ 2013 ‘ਚ ਅਪਣੇ ਇਸ ਲਾਸਾਨੀ ਵਿਰਸੇ ਨੂੰ ਗਦਰ ਲਹਿਰ ਅਤੇ ਗਦਰੀ ਬਾਬਿਆਂ ਸਨੂੰ ਸਮਰਪਿਤ ਪ੍ਰੋਗਰਾਮਾਂ ਰਾਹੀਂ ਯਾਦ ਕਰਨ ਦਾ ਹੰਭਲਾ ਮਾਰਿਆ ਜਾ ਰਿਹਾ ਹੈ।
ਇਹਨਾਂ ਪ੍ਰੋਗ੍ਰਾਮਾਂ ‘ਚ ਸ਼ਤਾਬਦੀ ਗਦਰ ਮਾਰਚ, ਸਾਹਿਤਕ ਸਮਾਗਮ, ਕਵੀ-ਦਰਬਾਰ, ਨਾਟਕ ਮੇਲਾ, ਬੱਚਿਆਂ ਦੇ ਕਲਾ ਅਤੇ ਲੇਖਣੀ ਮੁਕਾਬਲੇ, ਗਦਰ ਲਹਿਰ ਦੇ ਇਤਿਹਾਸ ਨੂੰ ਦਰਸਾਉਂਦੀਆਂ ਪੁਸਤਕ ਪ੍ਰਦਰਸ਼ਨੀਆਂ ਅਤੇ ਡਾਕੂਮੈਂਟਰੀਆਂ ਦੇ ਨਾਲ ਨਾਲ ਗਦਰ ਲਹਿਰ ਦੀ ਲੋਕ-ਪੱਖੀ ਸਿਆਸੀ ਸੋਚ ਨੂੰ ਅਜੋਕੇ ਸੰਦਰਭਾਂ ‘ਚ ਸਥਾਪਤ ਕਰਨੀ ਸਿਆਸੀ ਕਾਨਫਰੰਸ ਆਦਿ ਪ੍ਰਮੁੱਖ ਹਨ।
ਗਦਰ ਸ਼ਤਾਬਦੀ ਕਮੇਟੀ ਟਰਾਂਟੋ-2013 ਇਸ ਮੌਕੇ ਦੁਨੀਆਂ ਭਰ ਦੇ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਆਓ! ਸਾਰੇ ਮਿਲ ਕੇ 2013 ‘ਚ ਅਪਣੇ ਇਸ ਮਹਾਨ ਗ਼ਦਰੀ ਵਿਰਸੇ ਨੂੰ ਯਾਦ ਕਰੀਏ ਅਤੇ ਗਦਰ ਲਹਿਰ ਵਲੋਂ ਦਰਸਾਏ ਰੌਸ਼ਨ ਲੋਕ-ਪੱਖੀ ਰਾਹਾਂ ਨੂੰ ਨਵੇਂ ਸੰਦਰਭਾ ‘ਚ ਉਜਾਗਰ ਕਰਕੇ ਪੁੱਤਰਾਂ ਤੋਂ ਸਪੁੱਤਰ ਬਣਨ ਦਾ ਮਾਣ ਹਾਸਿਲ ਕਰੀਏ।