ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 46ਵੀਂ ਸਾਲਾਨਾ ਐਥਲੈਟਿਕ ਮੀਟ ਆਰੰਭ ਹੋਈ ਜਿਸ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਭਾਗ ਲਿਆ। ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਆਯੋਜਿਤ ਇਸ ਐਥਲੈਟਿਕ ਮੀਟ ਦਾ ਉਦਘਾਟਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਦੇਸ਼ ਦੇ ਨਿਰਮਾਣ ਲਈ ਸੁਚੱਜੀ ਸੋਚ ਅਤੇ ਸਿਹਤ ਬਹੁਤ ਜ਼ਰੂਰੀ ਹੈ। ਉਨ੍ਹਾਂ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਜੇਤੂ ਜਿੰਮ ਵਿੱਚ ਪੈਦਾ ਨਹੀਂ ਹੁੰਦੇ ਅਤੇ ਜਿੱਤ ਦਾ ਆਧਾਰ ਦਿਮਾਗ ਦੀ ਸੋਚ ਤੋਂ ਪਨਪਦਾ ਹੈ। ਡਾ: ਮਹੇ ਨੇ ਕਿਹਾ ਕਿ ਇਕ ਚੰਗਾ ਖਿਡਾਰੀ ਹੀ ਹਾਰ ਜਿੱਤ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਜ਼ਿੰਦਗੀ ਦੀਆਂ ਔਕੜਾਂ ਸੁਖਾਲੇ ਤਰੀਕੇ ਨਾਲ ਹੱਲ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਖੇਡਾਂ ਨਾਲ ਸਾਡੀ ਜ਼ਿੰਦਗੀ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਸਾਡੀ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ ਕਿ ਤਿੰਨ ਸਾਬਾਕ ਉਲੰਪੀਅਨ ਸ: ਚਰਨਜੀਤ ਸਿੰਘ, ਸ: ਪ੍ਰਿਥੀਪਾਲ ਸਿੰਘ ਅਤੇ ਸ: ਰਮਨਦੀਪ ਸਿੰਘ ਗਰੇਵਾਲ ਇਸੇ ਯੂਨੀਵਰਸਿਟੀ ਨੇ ਹੀ ਪੈਦਾ ਕੀਤੇ । ਪਿਛਲੇ ਸਮੇਂ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬੈਡਮਿੰਟਨ, ਨਿਸ਼ਾਨੇਬਾਜੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੱਖ ਵੱਖ ਖੇਤਰਾਂ ਵਿੱਚ ਇਨਾਮ ਹਾਸਿਲ ਕੀਤੇ ਹਨ।
ਉਦਘਾਟਨੀ ਸਮਾਰੋਹ ਦੌਰਾਨ ਡਾ: ਮਹੇ ਨੇ ਝੰਡਾ ਲਹਿਰਾਇਆ ਅਤੇ ਇਕ ਕਿਤਾਬਚਾ ਵੀ ਜਾਰੀ ਕੀਤਾ ਜਿਸ ਵਿੱਚ ਯੂਨੀਵਰਸਿਟੀ ਵੱਲੋਂ ਕੀਤੀਆਂ ਖੇਡਾਂ ਵਿੱਚ ਕੀਤੀਆਂ ਪ੍ਰਾਪਤੀਆਂ ਦਰਜ ਕੀਤੀਆਂ ਗਈਆਂ ਹਨ।