ਨਵੀਂ ਦਿੱਲੀ- ਭਾਰਤ ਵਿੱਚ ਹੁਣ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੋ ਗਈ ਹੈ। ਆਖਿਰ ਸਿੱਖ ਸੰਗਠਨਾਂ ਵੱਲੋਂ ਪਿੱਛਲੇ ਲੰਬੇ ਸਮੇਂ ਤੋਂ ਵਿਆਹ-ਸ਼ਾਦੀਆਂ ਨੂੰ ਵੱਖਰੀ ਮਾਨਤਾ ਦਿੱਤੇ ਜਾਣ ਦੀ ਮੰਗ ਪੂਰੀ ਹੋ ਗਈ।ਸਿੱਖਾਂ ਦੇ ਵਿਆਹ ਹੁਣ ਆਨੰਦ ਕਾਰਜ ਐਕਟ ਦੇ ਤਹਿਤ ਹੋਣਗੇ। ਜਨਮ ਅਤੇ ਮੌਤ ਸਬੰਧੀ 1969 ਦੇ ਕਾਨੂੰਨ ਵਿੱਚ ਸੋਧ ਕੀਤੀ ਜਾਵੇਗੀ। ਕੈਬਨਿਟ ਨੇ ਵੀਰਵਾਰ ਨੂੰ ਇਸ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਹੈ।
ਸਿੱਖ ਧਰਮ ਵਿੱਚ ਹੋਣ ਵਾਲੀਆਂ ਸ਼ਾਦੀਆਂ ਲਈ ਵੱਖਰਾ ਕਾਨੂੰਨ ਹੋਵੇਗਾ। ਹੁਣ ਤੱਕ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਦੇ ਤਹਿਤ ਹੁੰਦੇ ਆ ਰਹੇ ਸਨ, ਪਰ ਹੁਣ ਸਿੱਖ ਆਪਣੇ ਵਿਆਹ ਆਨੰਦ ਕਾਰਜ ਐਕਟ ਦੇ ਤਹਿਤ ਕਰਵਾ ਸਕਣਗੇ। ਸਿੱਖਾਂ ਦੇ ਵਿਆਹ ਦੀ ਰਜਿਸਟਰੇਸ਼ਨ ਆਨੰਦ ਕਾਰਜ ਐਕਟ 1909 ਅਨੁਸਾਰ ਹੋਵੇਗੀ। ਆਜ਼ਾਦੀ ਮਿਲਣ ਤੋਂ ਬਾਅਦ ਸਿੱਖਾਂ ਦੇ ਆਨੰਦ ਕਾਰਜ ਤਹਿਤ ਹੋਣ ਵਾਲੀਆਂ ਸ਼ਾਦੀਆਂ ਦੀ ਮਾਨਤਾ ਖਤਮ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦੀਆਂ ਸ਼ਾਦੀਆਂ ਨੂੰ ਹਿੰਦੂ ਮੈਰਿਜ਼ ਐਕਟ ਦੇ ਤਹਿਤ ਦਰਜ਼ ਹੋਣ ਲਗੀਆਂ ਸਨ। 2006 ਵਿੱਚ ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਇਹ ਆਦੇਸ਼ ਦਿੱਤੇ ਸਨ ਕਿ ਦੇਸ਼ ਦੇ ਸਾਰੇ ਨਾਗਰਿਕਾਂ ਦੇ ਵਿਆਹ, ਭਾਂਵੇ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦੇ ਹੋਣ ਪਰ ਵਿਆਹ ਦੀ ਰਜਿਸਟਰੇਸ਼ਨ ਉਸ ਰਾਜ ਵਿੱਚ ਹੋਣੀ ਜਰੂਰੀ ਹੈ, ਜਿੱਥੇ ਸ਼ਾਦੀ ਹੋਈ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਵਿਆਹਾਂ ਦੀ ਰਜਿਸਟਰੇਸ਼ਨ ਹੋਣ ਨਾਲ ਕਈਆਂ ਮਾਮਲਿਆਂ ਵਿੱਚ ਔਰਤਾਂ ਨੂੰ ਉਤਪੀੜਨ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਆਪਣੇ ਵਿਆਹ ਦੇ ਸਬੂਤ ਪੇਸ਼ ਕਰਨ ਵਿੱਚ ਆਸਾਨੀ ਹੋਵੇਗੀ।