ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਕਾਰਜਸ਼ੀਲ ਸਾਹਿਤ ਸਭਾ ਵੱਲੋਂ ਟੋਰਾਂਟੋ ਤੋਂ ਆਏ ਦਸਤਾਵੇਜੀ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਜੋਗਿੰਦਰ ਕਲਸੀ ਨੂੰ ਸਨਮਾਨਿਤ ਕਰਦਿਆਂ ਪੀ ਏ ਯੂ ਸਾਹਿਤ ਸਭਾ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਰਬੱਤ ਦੇ ਭਲੇ ਦੀ ਅਰਦਾਸ ਨੂੰ ਅੱਖਰ ਅੱਖਰ ਜ਼ਿੰਦਗੀ ਵਿੱਚ ਲਾਗੂ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਬਾਰੇ ਦਸਤਾਵੇਜੀ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਕਰਕੇ ਸ਼੍ਰੀ ਕਲਸੀ ਨੇ ਸਮੂਹ ਪੰਜਾਬੀਆਂ ਲਈ ਰੌਸ਼ਨ ਮਿਨਾਰ ਸਥਾਪਿਤ ਕੀਤਾ ਹੈ। ਉਨ੍ਹਾਂ ਆਖਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਵਿੱਚ ਪੈਦਾ ਹੋ ਕੇ ਭਗਤ ਜੀ ਨੇ ਸਮੁੱਚੀ ਕਾਇਨਾਤ ਨੂੰ ਆਪਣੀ ਕਲਾਵੇ ਵਿੱਚ ਲੈ ਕੇ ਉਸ ਦੇ ਦੁੱਖ ਦਰਦ, ਮੁਸੀਬਤਾਂ ਆਪਣੇ ਜਿੰਮੇ ਲਏ। ਜੇਕਰ ਉਨ੍ਹਾਂ ਨੂੰ 20ਵੀਂ ਸਦੀ ਦਾ ਕਰਮਯੋਗੀ ਕਹਿ ਲਈਏ ਤਾਂ ਅਤਿਕਥਨੀ ਨਹੀਂ।
ਸ਼੍ਰੀ ਕਲਸੀ ਵੱਲੋਂ ਤਿਆਰ ਕੀਤੀ ਇਹ ਦਸਤਾਵੇਜੀ ਫਿਲਮ ਅੱਜ ਯੂਨੀਵਰਸਿਟੀ ਦੇ ਸ: ਕੁਲਵੰਤ ਸਿੰਘ ਵਿਰਕ ਆਡੀਟੋਰੀਅਮ ਵਿੱਚ ਵਿਦਿਆਰਥੀਆਂ ਨੂੰ ਵਿਖਾਈ ਗਈ। ਸ਼੍ਰੀ ਕਲਸੀ ਦੇ ਸਵਾਗਤ ਵਿੱਚ ਬੋਲਦਿਆਂ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਸ਼੍ਰੀ ਕਲਸੀ ਵਲੋਂ ਪਹਿਲਾਂ ਤਿਆਰ ਕੀਤੀਆਂ ਫਿਲਮਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ। ਡਾ: ਨਿਰਮਲ ਜੌੜਾ ਅਤੇ ਡਾ: ਅਨਿਲ ਸ਼ਰਮਾ ਨੇ ਵੀ ਸ਼੍ਰੀ ਕਲਸੀ ਦੀ ਇਸ ਫਿਲਮ ਦੇ ਤਕਨੀਕੀ ਪੱਖਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਪੀ ਏ ਯੂ ਸਾਹਿਤ ਸਭਾ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਪੰਧੇਰ ਨੇ ਸ਼੍ਰੀ ਕਲਸੀ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਪੰਜਾਬੀ ਲੇਖਕਾਂ ਪ੍ਰੋਫੈਸਰ ਰਵਿੰਦਰ ਭੱਠਲ , ਤਰਲੋਚਨ ਲੋਚੀ, ਗੁਰਚਰਨ ਕੌਰ ਕੋਛੜ, ਸ: ਹਰਬੰਸ ਸਿੰਘ, ਸ: ਬਲਦੇਵ ਸਿੰਘ ਝੱਜ, ਹਰਭਜਨ ਫੱਲੇਵਾਰਵੀ, ਗੁਰਭਜਨ ਗਿੱਲ, ਡਾ: ਨਿਰਮਲ ਜੌੜਾ, ਡਾ: ਅਨਿਲ ਸ਼ਰਮਾ, ਮਨਜਿੰਦਰ ਧਨੋਆ, ਡਾ: ਜਗਤਾਰ ਧੀਮਾਨ, ਡਾ: ਮਨੂ ਸ਼ਰਮਾ ਸੋਹਲ ਨੇ ਸਾਂਝੇ ਤੌਰ ਤੇ ਸ਼੍ਰੀ ਕਲਸੀ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨਾਲ ਸਬੰਧਿਤ ਸਨਮਾਨ ਨਿਸ਼ਾਨੀ ਭੇਂਟ ਕੀਤੀ। ਸ: ਕਲਸੀ ਨੇ ਦੱਸਿਆ ਕਿ ਇਸ ਫਿਲਮ ਤੋਂ ਬਾਅਦ ਉਹ ਸ: ਕੁਲਵੰਤ ਸਿੰਘ ਵਿਰਕ ਦੀ ਤਿੰਨ ਘੰਟੇ ਲੰਮੀ ਇੰਟਰਵਿਊ ਤੇ ਅਧਾਰਿਤ ਇਕ ਫਿਲਮ ਤਿਆਰ ਕਰਨਗੇ। ਉਨ੍ਹਾਂ ਆਖਿਆ ਕਿ ਉਹ ਹੁਣ ਤਕ ਤਿਆਰ ਕੀਤੀਆਂ ਸਭ ਫਿਲਮਾਂ ਦੀ ਇਕ ਇਕ ਕਾਪੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੂੰ ਭੇਂਟ ਕਰਨਗੇ ਤਾਂ ਜੋ ਇਨ੍ਹਾਂ ਦੀ ਪ੍ਰਦਰਸ਼ਨੀ ਕਰਕੇ ਸਮੂਹ ਪੰਜਾਬੀਆਂ ਨੂੰ ਖੁਦਗਰਜ਼ ਬਣਨ ਦੀ ਥਾਂ ਸੇਵਾ ਭਾਵ ਵਾਲੇ ਮਹਾਂਪੁਰਖ ਭਗਤ ਪੂਰਨ ਸਿੰਘ ਦੇ ਮਾਰਗ ਤੇ ਤੁਰਨ ਦੀ ਪ੍ਰੇਰਨਾ ਦਿੱਤੀ ਜਾ ਸਕੇ।