ਅੰਮ੍ਰਿਤਸਰ:- ਧਰਮ ਰੱਖਿਅਕ ਮਹਾਨ ਪਰਉਪਕਾਰੀ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 391 ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੀਕ ਪੰਜ ਪਿਆਰਿਆਂ ਦੀ ਅਗਵਾਈ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਆਯੋਜਿਤ ਕੀਤਾ ਗਿਆ। ਫੁੱਲਾਂ ਨਾਲ ਸਜੀ ਸੁਨਹਰੀ ਪਾਲਕੀ ਵਿੱਚ ਸ਼ਸੋਭਿਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਨਗਰ ਕੀਰਤਨ ਵਿੱਚ ਧਾਰਮਿਕ ਸਭਾ-ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸ਼ਬਦੀ ਜਥੇ, ਕਾਰ-ਸੇਵਾ ਵਾਲੇ ਮਹਾਂਪੁਰਸ਼, ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਬੈਂਡ ਪਾਰਟੀਆਂ ਤੋਂ ਇਲਾਵਾ ਵੱਡੀ ਗਿੱਣਤੀ ’ਚ ਪੈਦਲ ਸਿੱਖ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਾਮਲ ਹੋਈਆਂ।
ਇਹ ਨਗਰ ਕੀਰਤਨ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਸਰਾਂ ਗੁਰੂ ਰਾਮਦਾਸ, ਚੌਂਕ ਬਾਬਾ ਸਾਹਿਬ, ਚੌਂਕ ਕਰੋੜੀ, ਬਾਬਾ ਦੀਪ ਸਿੰਘ ਕਲੋਨੀ, ਚੌਂਕ ਮੋਨੀ, ਹਵੇਲੀ ਅਬਲਵਾਈਆਂ, ਚੌਂਕ ਜੈ ਸਿੰਘ, ਬਜ਼ਾਰ ਲੁਹਾਰਾਂ, ਚੌਂਕ ਲਛਮਣਸਰ, ਕਣਕ ਮੰਡੀ, ਚਾਵਲ ਮੰਡੀ, ਚੌਂਕ ਭਾਈ ਮਤੀ ਦਾਸ, ਚੌਂਕ ਛੱਤੀ ਖੂਹੀ, ਬਜ਼ਾਰ ਪਾਪੜਾਂ, ਬਜ਼ਾਰ ਕਾਠੀਆਂ, ਦਰਸ਼ਨੀ ਡਿਊੜੀ ਬਜ਼ਾਰ, ਗੁਰੂ ਬਜ਼ਾਰ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪਨ ਹੋਇਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ, ਐਡੀ:ਸਕੱਤਰ ਸ.ਮਨਜੀਤ ਸਿੰਘ ਤੇ ਦਲਬਾਗ ਸਿੰਘ, ਮੀਤ ਸਕੱਤਰ ਸ.ਦਿਲਜੀਤ ਸਿੰਘ ਬੇਦੀ, ਸ.ਬਲਵਿੰਦਰ ਸਿੰਘ ਜੌੜਾ ਤੇ ਸ.ਰਣਜੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਹਰਬੰਸ ਸਿੰਘ ਮੱਲੀ ਤੇ ਸ.ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਗੁਰਮੀਤ ਸਿੰਘ, ਸ.ਤਰਵਿੰਦਰ ਸਿੰਘ, ਸ.ਸੁਰਿੰਦਰਪਾਲ ਸਿੰਘ ਤੇ ਸ.ਮੇਜਰ ਸਿੰਘ, ਸੁਪ੍ਰਿੰਟੈਂਡੈਂਟ ਸ.ਹਰਮਿੰਦਰ ਸਿੰਘ ਮੂਧਲ ਤੇ ਸਹਾਇਕ ਸੁਪ੍ਰਿੰਟੈਂਡੈਂਟ ਸ.ਮਲਕੀਤ ਸਿੰਘ, ਐਡੀ:ਚੀਫ ਸ.ਜੱਸਾ ਸਿੰਘ, ਸੁਪਰਵਾਈਜਰ ਸ.ਲਖਵਿੰਦਰ ਸਿੰਘ ਬੱਦੋਵਾਲ, ਸ.ਜਤਿੰਦਰ ਸਿੰਘ, ਸ.ਜੋਗਿੰਦਰ ਸਿੰਘ ਤੇ ਸ.ਬਲਵਿੰਦਰ ਸਿੰਘ ਖੈਰਾਬਾਦ, ਐਡੀ:ਮੈਨੇਜਰ ਸ.ਬਲਦੇਵ ਸਿੰਘ, ਸ. ਮਹਿੰਦਰ ਸਿੰਘ ਤੇ ਸ.ਸਤਨਾਮ ਸਿੰਘ, ਮੀਤ ਮੈਨੇਜਰ ਸ.ਹਰਪ੍ਰੀਤ ਸਿੰਘ, ਕੰਪਿਊਟਰ ਡਿਜ਼ਾਈਨਰ ਸ. ਭੁਪਿੰਦਰ ਸਿੰਘ ਤੋਂ ਇਲਾਵਾ ਦਫ਼ਤਰ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ ਨੇ ਸ਼ਮੂਲੀਅਤ ਕੀਤੀ।
18 ਅਪ੍ਰੈਲ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੀਕ ਸੁੰਦਰ ਜਲੌ ਸਜਾਏ ਜਾਣਗੇ ਅਤੇ ਰਾਤ ਨੂੰ ਦੀਪ ਮਾਲਾ ਕੀਤੀ ਜਾਵੇਗੀ ਤੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜੀ ਵੀ ਚਲਾਈ ਜਾਵੇਗੀ। ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਭੋਗ ਉਪਰੰਤ ਸਵੇਰੇ 8 ਵਜੇ ਤੋਂ 9 ਵਜੇ ਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਪਵਿੱਤਰ ਮੁੱਖ ਵਾਕ ਦੀ ਕਥਾ ਹੋਵੇਗੀ। ਉਪਰੰਤ ਬਾਅਦ ਦੁਪਰਿਹ 2 ਵਜੇ ਤੱਕ ਸਕੂਲਾਂ ਦੇ ਬੱਚੇ, ਕਵੀ, ਕਵੀਸ਼ਰ ਤੇ ਢਾਡੀ ਜਥੇ ਗੁਰਬਾਣੀ ਕਥਾ ਵਿਖਿਆਨਾਂ ਤੇ ਬੀਰ-ਰਸੀ ਵਾਰਾਂ ਰਾਹੀਂ ਸਿੱਖ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਨਗੇ। ਬਾਅਦ ਦੁਪਹਿਰ 2 ਵਜੇ ਤੋਂ ਦੇਰ ਰਾਤ ਤੀਕ ਮਹਾਨ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਬਾਬਾ ਦਰਸ਼ਨ ਸਿੰਘ ਗੁੰਮਟਾਲੇ ਵਾਲੇ, ਭਾਈ ਦਵਿੰਦਰ ਸਿੰਘ ਖੰਨੇਵਾਲੇ, ਮਾਤਾ ਕੌਲਾਂ ਜੀ ਭਲਾਈ ਕੇਂਦਰ ਦੇ ਭਾਈ ਗੁਰਇਕਬਾਲ ਸਿੰਘ ਤੇ ਭਾਈ ਪੁਨੀਤ ਸਿੰਘ, ਭਾਈ ਸੁਰਿੰਦਰ ਸਿੰਘ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ, ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ, ਭਾਈ ਕੁਲਜੀਤ ਸਿੰਘ ਨੈਰੋਬੀਵਾਲੇ, ਸੰਤ ਸੁਰਿੰਦਰ ਸਿੰਘ ਮਿੱਠੇ ਟਿਵਾਣੇ ਵਾਲੇ, ਬੀਬਾ ਸੁਖਮਨੀਪ੍ਰੀਤ ਕੌਰ, ਜਸਜੀਤ ਕੌਰ ਕੋਟ ਖ਼ਾਲਸਾ ਵਾਲੇ, ਭਾਈ ਦਵਿੰਦਰ ਸਿੰਘ ਨਿਰਮਾਣ, ਮੀਰੀ-ਪੀਰੀ ਅਕੈਡਮੀ ਅਮਰੀਕਨ ਸਿੰਘਾਂ ਦਾ ਜਥਾ ਅਤੇ ਅਖੰਡ ਕੀਰਤਨੀ ਜਥਾ ਅੰਮ੍ਰਿਤਸਰ ਦੇ ਰਾਗੀ ਜਥਿਆਂ ਵੱਲੋਂ ਇਲਾਹੀ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।