ਖਡੂਰ ਸਾਹਿਬ – ਜਥੇਦਾਰ ਅਵਤਾਰ ਸਿੰਘ ਮੱਕੜ (ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ), ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ) ਦੀ ਹਾਜਰੀ ਵਿੱਚ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਨੇ ਦਰਬਾਰ ਸਾਹਿਬ ਖਡੂਰ ਸਾਹਿਬ ਦੀ ਸੇਵਾ ਸੰਭਾਲ ਦੇ ਪ੍ਰਬੰਧ ਦੀ ਜਿੰਮੇਵਾਰੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ ਨੂੰ ਸੌਂਪੀ ।
ਸੰਨ 2004 ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਵਿਸ਼ਵ ਪੱਧਰ ਤੇ ਮਨਾਈ ਗਈ ਪੰਜ ਸੋ ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਦੀ ਲੜੀ ਨੂੰ ਅੱਗੇ ਤੋਰਦਿਆਂ ਕਾਰ ਸੇਵਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਅਤੇ ਹਲਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 18 ਅਪ੍ਰੈਲ 2012 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਖਡੂਰ ਸਾਹਿਬ ਵਿਖੇ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਪ੍ਰਸਿੱਧ ਕੀਰਤਨੀਏ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ, ਭਾਈ ਗੁਰਦਿਆਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ, ਭਾਈ ਰਾਜਬੀਰ ਸਿੰਘ ਖਡੂਰ ਸਾਹਿਬ, ਭਾਈ ਸੁਖਵਿੰਦਰ ਸਿੰਘ ਦਰਦੀ ਕਥਾਵਾਚਕ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ।
ਇਸ ਧਾਰਮਿਕ ਸਮਾਗਮ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤੱਖਤ ਸਾਹਿਬ ਅੰਮ੍ਰਿਤਸਰ, ਸਾਬਕਾ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਭਾਈ ਰਵੇਲ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜੱਥੇਦਾਰ ਗੁਰਬਚਨ ਸਿੰਘ ਕਰਮੁਵਾਲਾ ਮੈਂਬਰ ਸ੍ਰੋਮਣੀ ਕਮੇਟੀ, ਵਿਧਾਇਕ ਮਨਜੀਤ ਸਿੰਘ ਮੀਆਂਵਿੰਡ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ। ਇਸ ਮੌਕੇ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਦੀ ਸੇਵਾ ਕਰਵਾ ਰਹੇ ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਜੀ ਨੇ ਅੱਗੇ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ੳਕਤ ਆਗੂਆਂ ਦੀ ਹਾਜ਼ਰੀ ਵਿੱਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਸਰਬਜੀਤ ਸਿੰਘ ਬਾਣੀਆਂ ਨੂੰ ਚਾਬੀਆਂ ਦੇ ਕੇ ਜਿੰਮੇਵਾਰੀ ਸੌਂਪੀ। ਇਸ ਮੌਕੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਇਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੇ ਸਿਰ ਤੇ ਹੀ ਚਲਦੀ ਹੈ, ਕਿੳਂਕਿ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦਾ ਪੂਰਨ ਤੌਰ ਤੇ ਕੰਮ ਕਾਰ ਸੇਵਾ ਮਹਾਂਪੁਰਸ਼ ਹੀ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਕਿਸੇ ਵੀ ਗੁਰਦੁਆਰੇ ਦੀ ਸੇਵਾ ਬਾਬਾ ਸੇਵਾ ਸਿੰਘ ਜੀ ਲੈਣੀ ਚਾਹੁੰਦੇ ਹੋਣ ਉਹ ਸਾਨੂੰ ਖਿੜ੍ਹੇ ਮੱਥੇ ਪ੍ਰਵਾਨ ਹੋਵੇਗੀ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਬੋਲਦਿਆਂ ਕਿਹਾ ਕਿ ਵਾਤਾਵਰਣ ਪ੍ਰੇਮੀ ਬਾਬਾ ਸੇਵਾ ਸਿੰਘ ਜੀ ਦਾ ਜਿੱਥੇ ਵਿਦਿਆ ਦੇ ਖੇਤਰ ਵਿੱਚ ਨਾਮ ਹੈ, ਉੱਥੇ ਪੰਜਾਬ ਤਾਂ ਕਿ ਪੂਰੇ ਭਾਰਤ ਵਿੱਚ ਜੋ ਰੁੱਖ ਲਗਾਉਣ ਦਾ ਟੀਚਾ ਉਲੀਕਿਆ ਗਿਆ ਹੈ ਉਹ ਇਕ ਸ਼ਿਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਾਡੀ ਨੋਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫ਼ਸਣ ਕਰਕੇ ਕਿਸੇ ਵੀ ਨੀਮ ਫੌਜੀ ਬਲਾਂ ਵਿੱਚ ਭਰਤੀ ਨਹੀ ਹੋ ਰਹੀ। ਸਾਨੂੰ ਅੱਜ ਸਾਰਿਆਂ ਨੂੰ ਇਕ ਵੱਡਾ ਹੰਭਲਾ ਮਾਰਨਾ ਪਵੇਗਾ ਤਾਂ ਜੋ ਅਸੀ ਪੰਜਾਬ ਦੀ ਨਸ਼ਾ ਰਹਿਤ ਸਿਰਜਣਾ ਕਰ ਸਕੀਏ। ਇਸ ਮੌਕੇ ਜੱਥੇਦਾਰ ਗਰਬਚਨ ਸਿੰਘ ਕਰਮੂਵਾਲਾ ਨੇ ਵੀ ਸੰਬੋਧਨ ਕੀਤਾ। ਪਿਛਲੇ ਦਿਨੀ ਗੁਰਦਾਸਪੁਰ ਵਿਖੇ ਸ਼ਹੀਦ ਹੋਏ ਜਸਪਾਲ ਸਿੰਘ ਅਤੇ ਜਖ਼ਮੀ ਹੋਏ ਰਣਜੀਤ ਸਿੰਘ ਦੇ ਮਾਤਾ-ਪਿਤਾ ਵੀ ਪਹੁੰਚੇ ਹੋਏ ਸਨ। ਜਿਨ੍ਹਾਂ ਨੂੰ ਗੁਰਨਾਨਾਕ ਦਰਬਾਰ ਇਟਲੀ ਦੀ ਸੰਗਤ ਵੱਲੋਂ 25-25 ਹਜ਼ਾਰ ਰੁਪਏ ਅਤੇ ਗੁਰੂ ਸਿੰਘ ਸਭਾ ਗੁਰਦੁਆਰਾ ਸਟੁਡਗਾਰਡ ਜਰਮਨੀ ਦੀ ਸੰਗਤ ਵੱਲੋਂ ਡੇਢ-ਡੇਢ ਲੱਖ ਰੁਪਏ ਸੰਗਤਾਂ ਦੀ ਹਾਜ਼ਰੀ ‘ਚ ਦਿੱਤੇ। ਇਸ ਮੌਕੇ ਆਏ ਹੋਏ ਧਾਰਮਿਕ ਵਿਦਵਾਨਾਂ ਅਤੇ ਮੋਤਬਰਾਂ ਨੂੰ ਬਾਬਾ ਸੇਵਾ ਸਿੰਘ ਵੱਲੋਂ ਸਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਸ੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ, ਭਾਈ ਗੱਜਣ ਸਿੰਘ ਜਨਰਲ ਸਕੱਤਰ ਲੋਕਲ ਕਮੇਟੀ, ਅਜੀਤ ਸਿੰਘ ਮੁਗਲਾਣੀ, ਸਰਕਲ ਪ੍ਰਧਾਨ ਨਰਿੰਦਰ ਸਿੰਘ ਸ਼ਾਹ, ਹਰਦੇਵ ਸਿੰਘ ਨਾਗੋਕੇ, ਸਰਪੰਚ ਸਰਬਜੀਤ ਸਿੰਘ ਬਾਣੀਆਂ, ਜੱਥੇਦਾਰ ਮੇਘ ਸਿੰਘ, ਨਰੰਗ ਸਿੰਘ ਨਾਗੋਕੇ, ਰਵੀਸ਼ੇਰ ਦੇਲਾਂਵਾਲ, ਕੁਲਬੀਰ ਸਿੰਘ ਢੋਟਾ, ਹਰਜਿੰਦਰ ਸਿੰਘ ਮਹਤੀਆ, ਸੰਦੀਪ ਸਿੰਘ ਰੰਧਾਵਾ, ਸਰਬਜੀਤ ਸਿੰਘ ਰਣੀਕਾ, ਆਦਿ ਹਾਜ਼ਿਰ ਸਨ।ਸਟੇਜ਼ ਸਕੱਤਰ ਦੀ ਭੂਮਿਕਾ ਦਲਜੀਤ ਸਿੰਘ ਨੇ ਨਿਭਾਈ।