ਕਾਬੁਲ- ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਸੰਸਦ ਅਤੇ ਪੱਛਮੀ ਦੇਸ਼ਾਂ ਦੀਆਂ ਅੰਬੈਸੀਆਂ ਤੇ ਹਮਲੇ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਜਿਹਾਦ ਜਾਰੀ ਰੱਖਣ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ।
ਤਾਲਿਬਾਨ ਨੇ ਹਾਟਲਾਈਨ ਅਤੇ ਈਮੇਲ ਪਤੇ ਸਮੇਤ ਇਹ ਅਪੀਲ ਆਪਣੀ ਵੈਬਸਾਈਟ ਤੇ ਪੋਸਟ ਕੀਤੀ ਹੈ। ਗੈਰ ਮੁਸਲਿਮ ਹਮਲਾਵਰਾਂ ਦੇ ਖਿਲਾਫ਼ ਜਿਹਾਦ ਜਾਰੀ ਰੱਖਣ ਲਈ ਦੁਨੀਆਂਭਰ ਦੇ ਮੁਸਲਮਾਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਲੜਾਕੂਆਂ ਦੀ ਮਦਦ ਕਰਨ। ਅੱਤਵਾਦੀ ਸੰਗਠਨਾਂ ਦਾ ਕਹਿਣਾ ਹੈ, “ਇਸਲਾਮੀ ਸ਼ਰੀਅਤ ਅਨੁਸਾਰ ਹਰ ਜਗ੍ਹਾ ਦੇ ਸਾਰੇ ਮੁਸਲਮਾਨਾਂ ਨੂੰ ਧਰਮ ਅਤੇ ਆਤਮਾ ਦੇ ਨਾਲ ਜਿਹਾਦ ਵਿੱਚ ਸ਼ਾਮਿਲ ਹੋਣਾ ਜਰੂਰੀ ਹੈ।ਤਾਲਿਬਾਨ ਇੱਕਲਾ ਹੀ ਜਿਹਾਦ ਦੀ ਲੜਾਈ ਲੜ੍ਹ ਰਿਹਾ ਹੈ ਅਤੇ ਇਸਲਾਮ ਵਿੱਚ ਵਿਸ਼ਵਾਸ਼ ਰੱਖਣ ਵਾਲਿਆਂ ਨੂੰ ਇਮਾਨਦਾਰੀ ਨਾਲ ਇਸ ਦੀ ਮਦਦ ਕਰਨੀ ਚਾਹੀਦੀ ਹੈ।” ਇਹ ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਸਿਰਫ਼ ਆਪਣਾ ਪਰਚਾਰ ਕਰਨ ਲਈ ਅਜਿਹੇ ਹੱਥਕੰਡੇ ਵਰਤ ਰਹੇ ਹਨ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਤਾਲਿਬਾਨ ਦੇ ਪਰਚਾਰ ਯੁਧ ਦਾ ਹੀ ਹਿੱਸਾ ਹੈ, ਉਹ ਲੋਕਾਂ ਵਿੱਚ ਇਹ ਭਰਮ ਪੈਦਾ ਕਰ ਰਹੇ ਹਨ ਕਿ ਉਨ੍ਹਾ ਦੇ ਜਿਹਾਦ ਨੂੰ ਲੋਕਾਂ ਦਾ ਸਮਰਥਣ ਮਿਲ ਰਿਹਾ ਹੈ।