ਨਵੀਂ ਦਿੱਲੀ- ਦਿੱਲੀ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਹੋਈ ਹਾਰ ਦੇ ਬਾਵਜੂਦ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਹਾਰ ਦੀ ਜਿੰਮੇਵਾਰੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੁੱਖਮੰਤਰੀ ਸ਼ੀਲਾ ਨੇ ਚੋਣ ਨਤੀਜਿਆਂ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਹਾਰ ਦੀ ਜਿੰਮੇਵਾਰੀ ਲੈਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਕਾਂਗਰਸ ਦੀਆਂ ਸੀਟਾਂ ਵੱਧੀਆਂ ਹਨ ਅਤੇ ਪਿੱਛਲੀਆਂ ਚੋਣਾਂ ਦੇ ਮੁਕਾਬਲੇ ਪਾਰਟੀ ਨੂੰ ਵੱਧ ਵੋਟ ਮਿਲੇ ਹਨ।
ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਪਾਰਟੀ ਦੀ ਹੋਈ ਹਾਰ ਨੂੰ ਕੋਈ ਖਾਸ ਤਵਜੋਂ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਨਗਰ ਨਿਗਮ ਦੀਆਂ ਚੋਣਾਂ ਹਨ ਅਤੇ ਇਨ੍ਹਾਂ ਨੂੰ ਇਸੇ ਹੀ ਨਜ਼ਰੀਏ ਨਾਲ ਵੇਖਣਾ ਚਾਹੀਦਾ ਹੈ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਹ ਚੋਣਾਂ ਸਰਕਾਰ ਬਣਾਉਣ ਲਈ ਨਹੀਂ ਸਨ। ਜਦੋਂ ਵਿਧਾਨ ਸੱਭਾ ਦੀਆਂ ਚੋਣਾਂ ਹੋਣਗੀਆਂ ਤਾਂ ਫਿਰ ਵੇਖਾਂਗੇ।ਦੀਕਸ਼ਤ ਨੇ ਇਹ ਮੰਨਿਆ ਕਿ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਨਾਲ ਕਾਂਗਰਸ ਨੂੰ ਕੋਈ ਲਾਭ ਨਹੀਂ ਹੋਇਆ ਪਰ ਇਸ ਨਾਲ ਦਿੱਲੀ ਦੇ ਪ੍ਰਸ਼ਾਸਨ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਕਾਂਗਰਸ ਨੂੰ ਮਹਿੰਗਾਈ ਜਾਂ ਭ੍ਰਿਸ਼ਟਾਚਾਰ ਦੇ ਮੁੱਦੇ ਕਰਕੇ ਹਾਰ ਹੋਈ ਹੈ।
ਵਰਨਣਯੋਗ ਹੈ ਕਿ ਸ਼ੀਲਾ ਦੀਕਸ਼ਤ ਨੇ ਇਨ੍ਹਾਂ ਚੋਣਾਂ ਵਿੱਚ ਖੂਬ ਚੋਣ ਪਰਚਾਰ ਕੀਤਾ ਸੀ ਅਤੇ ਇੱਕ-ਇੱਕ ਦਿਨ ਵਿੱਚ 6-8 ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਸੀ। ਹਾਰੇ ਹੋਏ ਪਾਰਸ਼ਦ ਇਹ ਅਰੋਪ ਲਗਾ ਰਹੇ ਹਨ ਕਿ ਦਿੱਲੀ ਦੇ ਲੋਕਾਂ ਨੇ ਨਗਰ ਨਿਗਮ ਦੇ ਬਟਵਾਰੇ ਨੂੰ ਕਬੂਲ ਨਹੀਂ ਕੀਤਾ। ਸ਼ੀਲਾ ਦੇ ਵਿਰੋਧੀ ਪਾਰਟੀ ਨੇਤਾ ਇਸ ਹਾਰ ਲਈ ਉਸ ਨੂੰ ਹੀ ਦੋਸ਼ ਦੇ ਰਹੇ ਹਨ।