ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ/ਕਾਲਜਾਂ ਦੀ ਦੇਖਰੇਖ ਕਰਨ ਵਾਲੀ ਐਜੂਕੇਸ਼ਨਲ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਕਲਗੀਧਰ ਨਿਵਾਸ, ਚੰਡੀਗੜ੍ਹ ਵਿਖੇ ਜਥੇਦਾਰ ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਕੂਲਾਂ/ਕਾਲਜਾਂ ਦੀਆਂ ਬਣ ਰਹੀਆਂ ਅਤੇ ਬਣਨ ਵਾਲੀਆਂ ਇਮਾਰਤਾਂ ਦੇ ਖਰਚਿਆਂ ਦੀ ਪ੍ਰਵਾਨਗੀ ਦਿੱਤੀ ਗਈ ਅਤੇ ਲਗਭਗ 40 ਸਕੂਲਾਂ/ਕਾਲਜਾਂ ਦੀਆਂ ਲਾਇਬਰੇਰੀਆਂ ਲਈ ਫਰਨੀਚਰ, ਕੰਪਿਊਟਰ ਜਰਨੇਟਰ, ਪ੍ਰੋਜੈਕਟਰ, ਆਰ.ਓ. ਸਿਸਟਮ (ਵਾਟਰ ਪਿੳੱਰੀਫਾਇਰ) ਆਦਿ ਲਗਾਉਣ ਲਈ ਵੀ ਪ੍ਰਵਾਨਗੀ ਦਿੱਤੀ ਗਈ। ਇਸ ਮੀਟਿੰਗ ਵਿਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਦਲਮੇਘ ਸਿੰਘ ਸਕੱਤਰ, ਸ. ਤਰਲੋਚਨ ਸਿੰਘ ਐਡੀਸ਼ਨਲ ਸਕੱਤਰ ਵਿਦਿਆ, ਸ. ਮਨਜੀਤ ਸਿੰਘ ਐਡੀਸ਼ਨਲ ਸਕੱਤਰ, ਡਾ. ਗੁਰਮੋਹਨ ਸਿੰਘ ਵਾਲੀਆ ਡਾਇਰੈਕਟਰ ਐਜੂਕੇਸ਼ਨ, ਸ. ਦਿਲਜੀਤ ਸਿੰਘ ਬੇਦੀ ਮੀਡੀਆ ਸਕੱਤਰ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ ਮੀਤ ਸਕੱਤਰ, ਸ. ਗੁਰਦਿੱਤ ਸਿੰਘ ਇੰਚਾਰਜ ਟ੍ਰਸਟਾਂ ਆਦਿ ਹਾਜ਼ਰ ਸਨ।
ਅੱਜ ਦੀ ਐਜੂਕੇਸ਼ਨ ਕਮੇਟੀ ਦੀ ਮੀਟਿੰਗ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਵੱਖ-ਵੱਖ ਸਕੂਲਾਂ/ਕਾਲਜਾਂ ਵਿਚ ਸਥਾਪਤ ਕੀਤੇ ਗਏ ਖੇਡ ਵਿੰਗਾਂ ਨੂੰ ਪੰਜ ਲੱਖ ਰੁਪਏ ਪ੍ਰਤੀ ਕਾਲਜ ਸਹਾਇਤਾ ਅਤੇ ਹਾਕੀ ਟੀਮ ਨੂੰ ਨੈਸ਼ਨਲ ਪੱਧਰ ਦੀ ਬਣਾਉਣ ਲਈ ਇਕ ਸਬ-ਕਮੇਟੀ ਦਾ ਗਠਨ ਕੀਤਾ ਗਿਆ। ਭਾਈ ਨੰਦ ਲਾਲ ਪਬਲਿਕ ਸਕੂਲ, ਅਨੰਦਪੁਰ ਸਾਹਿਬ ਦੀ 10ਵੀਂ ਦੀ ਵਿਦਿਆਰਥਣ ਬੀਬਾ ਅਮੋਲਪ੍ਰੀਤ ਕੌਰ ਨੂੰ ਪੰਜਾਬ ਵਿਚੋਂ ਪਹਿਲਾ ਦਰਜਾ ਪ੍ਰਾਪਤ ਕਰਨ ’ਤੇ ਇਕ ਲੱਖ ਰੁਪਏ ਦਾ ਇਨਾਮ ਅਤੇ ਅਧਿਆਪਕਾਂ ਨੂੰ 11 ਹਜ਼ਾਰ ਰੁਪਏ ਦਾ ਤੋਹਫ਼ਾ ਦਿੱਤਾ ਗਿਆ। ਵੱਖ-ਵੱਖ ਸਕੂਲਾਂ/ਕਾਲਜਾਂ ਦੇ ਅਧਿਆਪਕਾਂ ਨੂੰ ਸੀਨੀਅਰ ਸਕੇਲ ਅਤੇ ਸਿਲੈਕਸ਼ਨ ਸਕੇਲ ਦੇ ਕੇ ਤਰੱਕੀਆਂ ਦਿੱਤੀਆਂ ਗਈਆਂ ਹਨ ਅਤੇ ਇਸੇ ਤਰ੍ਹਾਂ ਅਲੱਗ-ਅਲੱਗ ਸਕੂਲਾਂ/ਕਾਲਜਾਂ ਵਿਚ ਕੰਮ ਕਰਦੇ ਨਾਨ-ਟੀਚਿੰਗ ਸਟਾਫ਼ ਦੀਆਂ ਤਨਖਾਹਾਂ ਵਿਚ ਲੋੜ ਅਨੁਸਾਰ ਵਾਧਾ ਕੀਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ/ਕਾਲਜਾਂ ਦੀਆਂ ਮੈਨੇਜਿੰਗ ਕਮੇਟੀਆਂ ਦੇ ਗਠਨ ਕਰਨ ਦੇ ਅਧਿਕਾਰ ਜਥੇਦਾਰ ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਗਏ ਹਨ। ਇਸ ਮੀਟਿੰਗ ਵਿਚ 700 ਮਸਲਿਆਂ ਨੂੰ ਵਿਚਾਰਿਆ ਗਿਆ ਅਤੇ ਉਨ੍ਹਾਂ ਪ੍ਰਤੀ ਯੋਗ ਫੈਸਲੇ ਲਏ ਗਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ/ਕਾਲਜਾਂ ਦੇ ਵਿਦਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਦੀਰਘ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਲਈ ਲੋੜ ਅਨੁਸਾਰ ਸਕੂਲਾਂ/ਕਾਲਜਾਂ ਵਿਚ ਯੂ.ਜੀ.ਸੀ./ ਯੂਨੀਵਰਸਿਟੀਆਂ ਦੇ ਨਿਯਮਾਂ ਅਨੁਸਾਰ ਯੋਗ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਆਉਣ ਵਾਲੇ ਸੈਸ਼ਨ ਵਿਚ ਭਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਇਸੇ ਤਰ੍ਹਾਂ ਸਕੂਲਾਂ ਅਤੇ ਕਾਲਜਾਂ ਦੇ ਇਨਫਰਾਸਟਰਕਚਰ, ਕੰਪਿਊਟਰ ਪ੍ਰਯੋਗਸ਼ਾਲਾਵਾਂ ਅਤੇ ਸਾਇੰਸ ਅਤੇ ਖੇਡਾਂ ਨਾਲ ਸਬੰਧਤ ਸਾਜੋ-ਸਮਾਨ ਸੰਸਥਾਵਾਂ ਨੂੰ ਮੁਹੱਈਆ ਕਰਵਾਉਣ ਸੰਬੰਧੀ ਫੈਸਲੇ ਲਏ ਗਏ।
ਹਾਕੀ ਪੰਜਾਬੀਆਂ ਦੀ ਪ੍ਰਮੁੱਖ ਖੇਡ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਹੀ ਕਬੱਡੀ ਦੀ ਖੇਡ ਵਾਸਤੇ ਇਕ ਅਲੱਗ ਸਿੱਖ ਖਿਡਾਰੀਆਂ ਦੀ ਟੀਮ ਦਾ ਗਠਨ ਕੀਤਾ ਹੈ, ਜਿਹੜੀ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਚੁੱਕੀ ਹੈ। ਇਸ ਟੀਮ ਵਿਚ ਸਮੁੱਚੇ ਸਾਬਤ ਸੂਰਤ ਸਿੱਖ ਖਿਡਾਰੀ ਹਨ। ਇਸੇ ਤਰ੍ਹਾਂ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹਾਕੀ ਨੂੰ ਪ੍ਰਮੋਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਸ਼ਟਰ ਪੱਧਰ ਦੀ ਇਕ ਟੀਮ ਖੜ੍ਹੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਪ੍ਰਸਿੱਧ ਓਲੰਪੀਅਨ ਅਤੇ ਭਾਰਤੀ ਟੀਮ ਦਾ ਸਾਬਕਾ ਕਪਤਾਨ ਸ. ਪ੍ਰਗਟ ਸਿੰਘ ਦਾ ਸਹਿਯੋਗ ਲੈ ਕੇ ਟੀਮ ਦੀ ਸਿਲੈਕਸ਼ਨ ਅਤੇ ਟ੍ਰੇਨਿੰਗ ਸੰਬੰਧੀ ਫ਼ੈਸਲੇ ਲਏ ਜਾਣਗੇ। ਇਸ ਕਾਰਜ ਲਈ ਜਥੇਦਾਰ ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਸਬ-ਕਮੇਟੀ ਵੀ ਗਠਿਤ ਕੀਤੀ ਗਈ। ਇਸ ਮੌਕੇ ਸ. ਅਵਤਾਰ ਸਿੰਘ, ਐਡੀਸ਼ਨਲ ਸਕੱਤਰ, ਸਬ-ਆਫ਼ਿਸ, ਚੰਡੀਗੜ੍ਹ, ਸ. ਪਰਮਜੀਤ ਸਿੰਘ ਸਰੋਆ, ਪੀ.ਏ. ਟੂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਜਗਜੀਤ ਸਿੰਘ, ਅਸਿਟੈਂਟ ਡਾਇਰੈਕਟਰ ਅਤੇ ਸ. ਪ੍ਰਭਜੀਤ ਸਿੰਘ, ਅਸਿਸਟੈਂਟ ਡਾਇਰੈਕਟਰ ਆਦਿ ਹਾਜ਼ਰ ਸਨ।