ਅੰਮ੍ਰਿਤਸਰ – : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਗੁਰਦੁਆਰਿਆਂ ‘ਚ ਚੱਲ ਰਹੀ ਕਾਰ ਸੇਵਾ ਪ੍ਰਤੀ ਵਿਸਥਾਰਤ ਰੀਪੋਰਟ ਲੈਣ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜਿਸ ਵਿੱਚ ਅੰਤ੍ਰਿੰਗ ਮੈਂਬਰ ਸ.ਰਜਿੰਦਰ ਸਿੰਘ ਮਹਿਤਾ, ਸ.ਕਰਨੈਲ ਸਿੰਘ ਪੰਜੋਲੀ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਗੁਰਬਚਨ ਸਿੰਘ ਕਰਮੂੰਵਾਲ ਅਤੇ ਸ.ਮੋਹਨ ਸਿੰਘ ਬੰਗੀ ਕਮੇਟੀ ਮੈਂਬਰ ਹੋਣਗੇ। ਇਹ ਕਮੇਟੀ ਗੁਰਦੁਆਰਾ ਸਾਹਿਬਾਨ ‘ਚ ਕਿੰਨੇ ਸਮੇਂ ਤੋਂ ਕਾਰਸੇਵਾ ਚਲ ਰਹੀ ਹੈ, ਕਿਹੜੇ ਕਾਰ ਸੇਵਾ ਵਾਲੇ ਬਾਬੇ ਸੇਵਾ ਕਰਵਾ ਰਹੇ ਹਨ। ਕਾਰ ਸੇਵਾ ਕਿੰਨੇ ਸਮੇਂ ਲਈ ਦਿੱਤੀ ਗਈ ਸੀ ਤੇ ਹੁਣ ਸਬੰਧਤ ਇਮਾਰਤ ਦੀ ਮੌਜੂਦਾ ਪੋਜੀਸ਼ਨ ਕੀ ਹੈ ਬਾਰੇ ਮੁਕੰਮਲ ਰੀਪੋਰਟ ਤਿਆਰ ਕਰਕੇ ਦੇਵੇਗੀ।
ਇਸੇ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ/ਕਾਲਜਾਂ ਦੀਆਂ ਇਮਾਰਤਾਂ ਦੀ ਮੌਜੂਦਾ ਹਾਲਾਤਾਂ ਬਾਰੇ ਵਿਸਥਾਰਤ ਰੀਪੋਰਟ ਦੇਣ ਲਈ ਕਿ ਕਿਹੜੇ-ਕਿਹੜੇ ਸਕੂਲ/ਕਾਲਜ ਵਿੱਚ ਇਮਾਰਤੀ ਕੰਮ ਚਲ ਰਹੇ ਹਨ ਤੇ ਕਿੰਨਾਂ ਕੰਮ ਹੋ ਚੁੱਕਾ ਹੈ, ਕਿੰਨਾ ਅਜੇ ਹੋਣ ਯੋਗ ਹੈ ਬਾਰੇ ਮੁਕੰਮਲ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜਿਸ ਵਿੱਚ ਸ.ਤਰਲੋਚਨ ਸਿੰਘ ਐਡੀ:ਸਕੱਤਰ (ਵਿੱਦਿਆ), ਸ.ਮਹਿੰਦਰ ਸਿੰਘ ਐਡੀ:ਸਕੱਤਰ (ਇਮਾਰਤਾਂ), ਸ.ਪਵਿੱਤਰਪਾਲ ਸਿੰਘ ਚੀਫ ਇੰਜੀਨੀਅਰ ਪੀ.ਡਬਲਯੂ.ਡੀ. ਪਟਿਆਲਾ, ਸ.ਸਤਿੰਦਰ ਸਿੰਘ ਕੋਹਲੀ ਚਾਰਟਡ ਅਕਾਂਊਟੈਂਟ (ਸੀ.ਏ), ਅਤੇ ਇਮਾਰਤ ਨਾਲ ਸਬੰਧਤ ਆਰਕੀਟੈਕਟ ਤੇ ਸ.ਮਨਪ੍ਰੀਤ ਸਿੰਘ ਐਕਸੀਅਨ ਨੂੰ ਇਸ ਕਮੇਟੀ ਦਾ ਕੋਆਰਡੀਨੇਟ ਬਣਾਇਆ ਗਿਆ ਹੈ। ਇਹ ਕਮੇਟੀ ਸਮੂਹ ਸਕੂਲਾਂ/ਕਾਲਜਾਂ ਦੇ ਚਲਦੇ ਕੰਮਾਂ ‘ਚ ਤੇਜੀ ਲਿਆਵੇਗੀ ਤੇ ਪ੍ਰੋਜੈਕਟ ਨੀਯਤ ਐਸਟੀਮੇਟ ਤੇ ਸਮੇਂ ਅੰਦਰ ਪੂਰਾ ਕਰਨ ਲਈ ਲੋੜੀਦੇ ਕਦਮ ਚੁੱਕੇਗੀ।
ਪਿਛਲੇ ਦਿਨੀ ਅੰਤ੍ਰਿੰਗ ਕਮੇਟੀ ਵੱਲੋਂ ਅਹਿਮ ਫੈਸਲਾ ਕਰਦਿਆਂ ਪੇਂਡੂ ਖੇਤਰਾਂ ‘ਚ 21 ਸਕੂਲ/ਕਾਲਜ ਖੋਲੇ ਜਾਣਗੇ, ਜਿਸ ਵਿੱਚ ਬੱਚਿਆਂ ਨੂੰ ਸਮੇਂ ਦੇ ਹਾਲਾਤਾਂ ਅਨੁਸਾਰ ਮਿਆਰੀ ਵਿੱਦਿਆ ਦਾ ਪ੍ਰਬੰਧ ਹੋਵੇਗਾ। ਇਹਨਾਂ ਸਕੂਲਾਂ ਵਿੱਚ ਧਾਰਮਿਕ ਵਿਦਿਆ ਦਾ ਖਾਸ ਪ੍ਰਬੰਧ ਹੋਵੇਗਾ।
ਇਸੇ ਤਰਾਂ ਪਿੰਡ ਜਰਗ ਲੁਧਿਆਣਾ ਵਿਖੇ ਸ਼ਹੀਦ ਭਾਈ ਕੇਹਰ ਸਿੰਘ ਤੇ ਉਹਨਾਂ ਦੇ 9 ਸਾਲਾ ਸਪੁੱਤਰ ਭਾਈ ਦਰਬਾਰਾ ਸਿੰਘ ਦੀ ਯਾਦ ਵਿੱਚ ਨਰਸਿੰਗ ਕਾਲਜ ਖੋਲਣ ਦਾ ਵੀ ਫੈਸਲਾ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਨੂੰ ਢਾਹ ਕੇ ਉਸ ਦੀ ਜਗ੍ਹਾ ਨਵੀ ਯਾਤਰੂ ਸਰਾਂ ਬਣਾਈ ਜਾਵੇਗੀ ਤੇ ਗੁਰੂ ਨਾਨਕ ਸਕੂਲ ਦੀ ਇਮਾਰਤੀ ਘਿਓ ਮੰਡੀ ਵਾਲੀ ਜਗ੍ਹਾ ਤੇ ਬਨਾਉਣ ਲਈ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੇ ਜਾਣ ਦਾ ਫੈਸਲਾ ਵੀ ਕੀਤਾ ਗਿਆ ਹੈ।
ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ (ਰੋਪੜ) ਵਿਖੇ ਅਖੰਡਪਾਠ ਸਾਹਿਬ ਲਈ ਕਮਰੇ, ਸਟਾਫ ਕੁਆਟਰ, ਦੀਵਾਨ ਹਾਲ ਤੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਫਰਸ਼ ਲਗਾਉਣ ਦੀ ਸੇਵਾ ਇੱਕ ਸਾਲ ਵਾਸਤੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੂੰ ਦਿੱਤੀ ਗਈ ਸੀ। ਕਾਰ ਸੇਵਾ ਦੇ ਸਮੇਂ ‘ਚ ਵਾਧੇ ਬਾਰੇ ਗਠਿਤ ਸਬ ਕਮੇਟੀ ਦੀ ਰੀਪੋਰਟ ਉਪਰੰਤ ਫੈਸਲਾ ਕੀਤਾ ਜਾਵੇਗਾ। ਗੁਰਦੁਆਰਾ ਚਮਕੌਰ ਸਾਹਿਬ ਵਿਖੇ ਨਵਾਂ ਲਿਟਰੇਚਰ ਰੂਮ ਬਣਾਏ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਗੁਰਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ ਨਾਲ ਅਟੈਚ ਗੁਰਦੁਆਰਾ ਗੰਗਸਰ ਸਾਹਿਬ ਦੇ ਸਰੋਵਰ ਦੀ ਡੂੰਘਾਈ 11 ਫੁੱਟ ਤੋਂ ਘਟਾ ਕੇ 7 ਫੁੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਗੁਰਦੁਆਰਾ ਸਾਹਿਬ ਹੇਰਾਂ ਲੁਧਿਆਣਾ, ਗੁਰਦੁਆਰਾ ਸਾਹਿਬ ਕਰਹਾਲੀ ਅਤੇ ਗੁਰਦੁਆਰਾ ਸਾਹਿਬ ਜੀਂਦ ਦੀਆਂ ਇਮਾਰਤਾਂ ਨੂੰ ਰੰਗ ਰੋਗਨ ਕਰਵਾਉਣ ਲਈ ਹੋਣ ਵਾਲੇ ਖਰਚਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ (ਕਲਾਨੌਰ) ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲਦਿਆਂ ਗੁਰਦੁਆਰਾ ਡੇਰਾ ਬਾਬਾ ਨਾਨਕ ਨਾਲ ਅਟੈਚ ਕੀਤਾ ਗਿਆ ਹੈ। ਸੰਗਤਾਂ ਲਈ ਲੰਗਰ ਹਾਲ ਅਤੇ ਸਟੋਰ ਬਨਾਉਣ ਦੀ ਪ੍ਰਵਾਨਗੀ ਦਿੱਤੀ ਹੈ, ਇਸੇ ਤਰਾਂ ਗੁਰਦੁਆਰਾ ਕਤਲਗੜ੍ਹ (ਚਮਕੌਰ ਸਾਹਿਬ) ਦੇ ਚਾਰੇ ਗੁੰਬਦਾਂ ਉਪਰ ਸੋਨੇ ਦੀ ਸੇਵਾ ਕਰਵਾਉਣ ਲਈ ਸੇਵਾ ਸ. ਜੋਗਿੰਦਰ ਸਿੰਘ ਸ਼ਲੋਮਾਜਰਾ ਨੂੰ ਦਿੱਤੀ ਗਈ ਹੈ।
ਪੱਤਰਕਾਰ ਸੰਮੇਲਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ.ਰਜਿੰਦਰ ਸਿੰਘ ਮਹਿਤਾ, ਸ.ਗੁਰਬਚਨ ਸਿੰਘ ਕਰਮੂੰਵਾਲਾ ਤੇ ਭਾਈ ਮਨਜੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ, ਐਡੀ:ਸਕੱਤਰ ਸ.ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ, ਮੀਤ ਸਕੱਤਰ ਸ.ਦਿਲਜੀਤ ਸਿੰਘ ਬੇਦੀ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਗੁਰਚਰਨ ਸਿੰਘ ਘਰਿੰਡਾ, ਸ.ਹਰਭਜਨ ਸਿੰਘ ਮਨਾਵਾਂ, ਸ.ਪਰਮਜੀਤ ਸਿੰਘ ਸਰੋਆ ਤੇ ਸ.ਬਿਜੈ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸ.ਹਰਬੰਸ ਸਿੰਘ ਮੱਲੀ ਆਦਿ ਮੌਜੂਦ ਸਨ।