ਪੈਰਿਸ- ਫਰਾਂਸ ਵਿੱਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਪੜਾਅ ਵਿੱਚ 4 ਕਰੋੜ 40 ਲੱਖ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਰਵੇਖਣਾਂ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਵਰਤਮਾਨ ਰਾਸ਼ਟਰਪਤੀ ਸਰਕੋਜ਼ੀ ਦੁਬਾਰਾ ਪਾਵਰ ਵਿੱਚ ਨਹੀਂ ਆ ਸਕਣਗੇ। ਸੋਸ਼ਲਿਸਟ ਉਮੀਦਵਾਰ ਫਰਾਂਸੁਆ ਹੋਲਾਂਦ ਦੇ ਜਿੱਤ ਪ੍ਰਾਪਤ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ। ਸਰਕੋਜ਼ੀ ਦੂਸਰੇ ਨੰਬਰ ਤੇ ਚੱਲ ਰਹੇ ਹਨ।
ਐਤਵਾਰ ਨੂੰ ਪਹਿਲੇ ਪੜਾਅ ਦੀਆਂ ਚੋਣਾਂ ਵਿੱਚ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੇ ਉਮੀਦਵਾਰਾਂ ਵਿੱਚ 6 ਮਈ ਨੂੰ ਨਿਰਣਾਇਕ ਮੁਕਾਬਲਾ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮੁਕਾਬਲਾ ਹੋਲਾਂਦ ਅਤੇ ਸਰਕੋਜ਼ੀ ਦਰਮਿਆਨ ਹੋਵੇਗਾ। ਫਰਾਂਸ ਦੇ 85 ਹਜ਼ਾਰ ਮੱਤਦਾਨ ਕੇਂਦਰਾਂ ਤੇ ਐਤਵਾਰ ਨੂੰ ਮੱਤਦਾਨ ਹੋਇਆ। ਚੋਣ ਵਿੱਚ 10 ਉਮੀਦਵਾਰ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਿਲ ਹਨ। ਸ਼ੁਕਰਵਾਰ ਨੂੰ ਕਰਵਾਏ ਗਏ 8 ਸਰਵੇਖਣਾਂ ਵਿੱਚ ਕਿਹਾ ਗਿਆ ਹੈ ਕਿ ਹੋਲਾਂਦ ਅਗਲੇ ਮਹੀਨੇ ਸਰਕੋਜ਼ੀ ਨੂੰ 55%-45% ਦੇ ਵੱਡੇ ਅੰਤਰ ਨਾਲ ਹਰਾ ਦੇਣਗੇ। ਹੋਲਾਂਦ ਦਾ ਕਹਿਣਾ ਹੈ ਕਿ ਇਸ ਚੋਣ ਦਾ ਯੌਰਪ ਦੇ ਭੱਵਿਖ ਤੇ ਵਿਆਪਕ ਅਸਰ ਪਵੇਗਾ। ਪਾਂਡੀਚਰੀ ਵਿੱਚ ਵੀ 5700 ਦੇ ਕਰੀਬ ਫਰਾਂਸੀਸੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।