ਇਸਲਾਮਾਬਾਦ-ਪਾਕਿਸਤਾਨ ਦੇ ਸੁਪਰੀਮ ਕੋਰਟ ਵਲੋਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੂੰ ਅਦਾਲਤ ਦੀ ਅਵਗਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ। ਸੰਖਿਪਤ ਕਾਰਵਾਈ ਤੋਂ ਬਾਅਦ ਕੋਰਟ ਨੇ ਗਿਲਾਨੀ ਨੂੰ ਅੱਧੇ ਮਿੰਟ ਦੀ ਸੰਕੇਤਕ ਸਜ਼ਾ ਸੁਣਾਉਂਦੇ ਹੋਏ ਅਦਾਲਤ ਵਿਚ ਰਹਿਣ ਲਈ ਕਿਹਾ ਗਿਆ ਜਦ ਤੱਕ ਅਦਾਲਤ ਦੀ ਕਾਰਵਾਈ ਖਤਮ ਨਾ ਹੋ ਜਾਵੇ। ਸਜ਼ਾ ਸੁਨਾਉਣ ਦੇ ਅੱਧੇ ਮਿੰਟ ਬਾਅਦ ਹੀ ਕਾਰਵਾਈ ਖ਼ਤਮ ਹੋ ਗਈ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਫਿਰ ਤੋਂ ਖੋਲ੍ਹਣ ਸਬੰਧੀ ਅਦਾਲਤੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰਨ ਦੇ ਇਲਜ਼ਾਮ ਵਿਚ ਇਹ ਮਾਮਲਾ ਚਲਾਇਆ ਗਿਆ ਸੀ।
ਅਦਾਲਤ ਵਲੋਂ ਗਿਲਾਨੀ ਨੂੰ ਸੁਣਾਈ ਗਈ ਸੰਕੇਤਕ ਸਜ਼ਾ ਦੇ ਆਧਾਰ ‘ਤੇ ਵਿਰੋਧੀ ਪਾਰਟੀਆਂ ਵਲੋਂ ਗਿਲਾਨੀ ਨੂੰ ਫੌਰਨ ਅਹੁਦਾ ਛੱਡਣ ਲਈ ਕਿਹਾ ਹੈ। ਸਰਕਾਰ ਨੇ ਗਿਲਾਨੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਖਿਲਾਫ ਅਪੀਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਅਸਤੀਫ਼ਾ ਦੇਣ ਦੀ ਲੋੜ ਨਹੀਂ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਦੇ ਖਿਲਾਫ਼ ਅਦਾਲਤ ਦੀ ਅਵਗਿਆ ਕਰਨ ਸਬੰਧੀ ਕਾਰਵਾਈ ਕਿਸੇ ਫੈਸਲੇ ਤੱਕ ਪਹੁੰਚੀ ਹੈ। ਇਸਤੋਂ ਪਹਿਲਾਂ ਜੁਲਫੀਕਾਰ ਭੁੱਟੋ ਅਤੇ ਨਵਾਜ਼ ਸ਼ਰੀਫ ਦੇ ਖਿਲਾਫ਼ ਅਦਾਲਤ ਦੀ ਅਵਗਿਆ ਕਰਨ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਪਰ ਉਨ੍ਹਾਂ ਨੂੰ ਦੋਸ਼ੀ ਨਹੀਂ ਸੀ ਮੰਨਿਆ ਗਿਆ।
ਵੀਰਵਾਰ ਨੂੰ ਦਸ ਮਿੰਟ ਤੋਂ ਵੀ ਘੱਟ ਸਮੇਂ ਤੱਕ ਚਲੀ ਸੁਣਵਾਈ ਦੌਰਾਨ ਜਸਟਿਸ ਨਾਸਿਰ ਉਲ ਮੁਲਕ ਦੀ ਪ੍ਰਧਾਨਗੀ ਵਿਚ ਚਾਰ ਮੈਂਬਰੀ ਬੈਂਚ ਨੇ ਇਹ ਫੈਸਲਾ ਸੁਣਾਇਆ। ਇਸ ਦੌਰਾਨ ਗਿਲਾਨੀ ਅਦਾਲਤ ਵਿਚ ਮੌਜੂਦ ਸਨ। ਜ਼ਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਨਾ ਖੋਲ੍ਹਣ ਸਬੰਧੀ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਵਿਸ਼ੇਸ਼ ਛੋਟ ਹਾਸਲ ਹੈ।
ਪ੍ਰਮੁਖ ਵਿਰੋਧੀ ਪਾਰਟੀ ਪੀਐਮਐਲ-ਐਨ ਦੇ ਪ੍ਰਧਾਨ ਨਵਾਜ਼ ਸ਼ਰੀਫ਼ ਅਤੇ ਤਹਿਰੀਕ ਏ ਇਨਸਾਫ਼ ਪਾਰਟੀ ਦੇਮੁੱਖੀ ਇਮਰਾਨ ਖਾਨ ਨੇ ਕਿਹਾ ਹੈ ਕਿ ਅਦਾਲਤ ਦੇ ਫੈਸਲੇ ਨੂੰ ਧਿਆਨ ਵਿਚ ਰੱਖਦੇ ਹੋਏ ਗਿਲਾਨੀ ਨੂੰ ਆਪਣੀ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕੱਟਭਪੰਥੀ ਜਮਾਤ ਏ ਇਸਲਾਮੀ ਦੇ ਮੁੱਖੀ ਮੁਨੱਵਰ ਹੁਸੈਨ ਨੇ ਵੀ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਗਿਲਾਨੀ ਦੀ ਸੁਰਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਸੁਪਰੀਮ ਕੋਰਟ ਦੇ ਚਹੁੰ ਪਾਸੀਂ ਦੋ ਹਜ਼ਾਰ ਤੋਂ ਵੀ ਵਧੇਰੇ ਪੁਲਿਸ ਵਾਲੇ ਤੈਨਾਤ ਕੀਤੇ ਗਏ ਸਨ। ਅਸਮਾਨ ਤੋਂ ਹੈਲੀਕਾਪਟਰ ਰਾਹੀਂ ਹੇਠਾਂ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਸੀ।