ਪਟਿਆਲਾ,(ਪ੍ਰੋ: ਰਵਿੰਦਰ ਭੱਠਲ):30 ਅਪ੍ਰੈਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਸਰਵ ਭਾਰਤੀ ਪੰਜਾਬੀ ਕਾਨਫਰੰਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਪੇਂਡੂ ਵਿਕਾਸ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਅਤੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਨੇ ਪੰਜਾਬੀ ਭਾਸ਼ਾ, ਸਾਹਿਤ, ਚਿੰਤਨ ਅਤੇ ਸਭਿਆਚਾਰ ਨੂੰ ਸਮਰਪਿਤ 58 ਵਰ੍ਹੇ ਪੁਰਾਣੀ ਸੰਸਥਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਅਕੈਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਪ੍ਰਾਪਤ ਕੀਤਾ। ਤੁਹਾਡੀ ਜਾਣਕਾਰੀ ਵਾਸਤੇ ਇਹ ਦੱਸਣਾ ਜ਼ਰੂਰੀ ਹੈ ਕਿ 1947 ਵਿੱਚ ਦੇਸ਼ ਨੂੰ ਅਜ਼ਾਦੀ ਮਿਲਣ ਤੋਂ ਬਾਅਦ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸਰਵਪੱਖੀ ਤਰੱਕੀ ਲਈ ਪੰਜਾਬੀ ਸਾਹਿਤਕਾਰਾਂ, ਵਿਦਵਾਨਾਂ ਤੇ ਹਿਤੈਸ਼ੀਆਂ ਤੇ ਫ਼ਿਕਰਵਾਨ ਲੋਕਾਂ ਦੇ ਮਨਾਂ ਅੰਦਰ ਇਕ ਸੰਗਠਿਤ ਜਥੇਬੰਦੀ ਦੀ ਰੀਝ ਉਪਜੀ। ਇਹ ਸੁਪਨਾ ਲੈਣ ਵਾਲਿਆਂ ਵਿੱਚ ਮੋਹਰੀ ਭੂਮਿਕਾ ਸਰਕਾਰੀ ਕਾਲਜ ਲੁਧਿਆਣਾ ਦੇ ਅਧਿਆਪਕਾਂ ਨੇ ਅਦਾ ਕੀਤੀ। ਡਾ: ਸ਼ੇਰ ਸਿੰਘ, ਡਾ: ਪਿਆਰ ਸਿੰਘ ਡਾ: ਉਜਾਗਰ ਸਿੰਘ ਸਿੱਧੂ, ਡਾ: ਪ੍ਰਮਿੰਦਰ ਸਿੰਘ, ਡਾ: ਵਿਦਿਆ ਭਾਸਕਰ ਅਰੁਣ, ਪ੍ਰੋ: ਕਿਰਪਾਲ ਸਿੰਘ ਅਭਿਲਾਸ਼ੀ ਆਦਿ ਨੇ ਮੁੱਢਲਾ ਕਦਮ ਪੁੱਟਿਆ ਤੇ ਡਾ: ਭਾਈ ਜੋਧ ਸਿੰਘ ਜੀ ਨੇ ਇਨ੍ਹਾਂ ਦੀ ਸਰਪ੍ਰਸਤੀ ਦਾ ਹੁੰਗਾਰਾ ਭਰਿਆ। ਇਸ ਸੁਪਨੇ ਦੀ ਪੂਰਤੀ 24 ਅਪ੍ਰੈਲ 1954 ਨੂੰ ਪੰਜਾਬੀ ਸਾਹਿਤ ਅਕਾਡਮੀ ਦੀ ਸਥਾਪਨਾ ਨਾਲ ਹੋਈ। ਪ੍ਰੋ: ਮਹਿੰਦਰ ਸਿੰਘ ਚੀਮਾ ਅਤੇ ਹੋਰ ਅਨੇਕ ਪੰਜਾਬੀ ਪਿਆਰਿਆਂ ਨੇ ਆਪਣੀ ਪਹਿਲੀ ਤਨਖ਼ਾਹ ਇਸ ਸੰਸਥਾ ਦੇ ਨਿਰਮਾਣ ਹਿਤ ਸਪੁਰਦ ਕੀਤੀ।
ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਲਈ ਉਪਰਾਲੇ ਕਰਨੇ, ਵਿਦਵਾਨਾਂ ਨੂੰ ਸਾਹਿਤ ਦੀ ਖੋਜ ਕਰਨ ਅਤੇ ਮੌਲਿਕ ਸਾਹਿਤ ਰਚਣ ਲਈ ਉਤਸ਼ਾਹਿਤ ਕਰਨਾ, ਢੁੱਕਵੇਂ ਮਾਹੌਲ ਲਈ ਇਕ ਭਰਪੂਰ ਲਾਇਬ੍ਰੇਰੀ ਤੇ ਖੋਜ ਕੇਂਦਰ ਦੀ ਸਥਾਪਨਾ, ਪ੍ਰਮਾਣਿਕ ਤੇ ਮੁੱਲਵਾਨ ਪੁਸਤਕਾਂ ਦੀ ਪ੍ਰਕਾਸ਼ਨਾ, ਦੂਜੀਆਂ ਭਾਸ਼ਾਵਾਂ ਦੀਆਂ ਉੱਤਮ ਰਚਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਨਾ ਆਦਿ ਇਸ ਅਕਾਡਮੀ ਦੇ ਉਦੇਸ਼ਾਂ ਵਿੱਚ ਸ਼ਾਮਿਲ ਸਨ। ਇਹਨਾਂ ਤੋਂ ਵੀ ਉੱਚਾ ਤੇ ਵੱਡਾ ਸੁਪਨਾ ਪੰਜਾਬੀ ਭਾਸ਼ਾ ਦੇ ਨਾਂ ਤੇ ਯੂਨੀਵਰਸਿਟੀ ਦੀ ਸਥਾਪਨਾ ਦਾ ਸੀ ਜਿਸ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅਧਿਐਨ ਖੋਜ ਤੇ ਵਿਕਾਸ ਤੋਂ ਉਪਰੰਤ ਵਿਗਿਆਨ, ਡਾਕਟਰੀ, ਟੈਕਨਾਲੋਜੀ ਤੇ ਹੋਰ ਵਿਸ਼ਿਆਂ ਨਾਲ ਸਬੰਧਤ ਉਚੇਰੀ ਸਿੱਖਿਆ ਨੂੰ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਪੜ੍ਹਾਉਣ ਦਾ ਪ੍ਰਬੰਧ ਹੋਵੇ ਕਿਉਂਕਿ ਸੰਸਾਰ ਭਰ ਦੇ ਸਿੱਖਿਆ ਸਾਸ਼ਤਰੀਆਂ ਤੇ ਮਨੋਵਿਗਿਆਨੀਆਂ ਦੀ ਇਹ ਨਿਸ਼ਚਿਤ ਧਾਰਨਾ ਹੈ ਕਿ ਹਰ ਪੱਧਰ ਤੇ ਹਰ ਵਿਸ਼ੇ ਲਈ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੋਣਾ ਚਾਹੀਦਾ ਹੈ। ਇਸ ਮਨੋਰਥ ਦੀ ਪੂਰਤੀ ਲਈ 1954 ਤੋਂ ਲੈ ਕੇ 1961 ਤਕ ਪੰਜਾਬੀ ਸਾਹਿਤ ਅਕਾਡਮੀ ਨੇ 1955 ਵਿੱਚ ਲੁਧਿਆਣਾ, 1956 ਵਿੱਚ ਦਿੱਲੀ, 1957 ਵਿੱਚ ਅੰਮ੍ਰਿਤਸਰ, 1959 ਵਿੱਚ ਚੰਡੀਗੜ੍ਹ ਦੀਆਂ ਆਪਣੀਆਂ ਸਾਲਾਨਾ ਸਰਬ ਹਿੰਦ ਕਾਨਫਰੰਸਾਂ ਵਿੱਚ ‘‘ਪੰਜਾਬੀ ਯੂਨੀਵਰਸਿਟੀ’’ ਦੀ ਸਥਾਪਨਾ ਦੇ ਮਤੇ ਪਾਸ ਕੀਤੇ।
1960 ਦੀ ਅੰਬਾਲੇ ਦੀ ਛੇਵੀਂ ਕਾਨਫੰਰਸ ਵਿੱਚ ਜਦ ਇਹ ਮਤਾ ਬੜੇ ਜ਼ੋਰ ਨਾਲ ਮੁੜ ਪੇਸ਼ ਕੀਤਾ ਗਿਆ ਤਾਂ ਪੰਜਾਬ ਸਰਕਾਰ ਨੇ ਇਸ ਮੰਗ ਨੂੰ ਉਚਿਤ ਸਮਝ ਕੇ 5 ਅਗਸਤ 1960 ਨੂੰ 13 ਮੈਂਬਰੀ ਕਮਿਸ਼ਨ ਮੁਕਰਰ ਕਰ ਦਿੱਤਾ । ਇਸ ਕਮਿਸ਼ਨ ਦੀ ਜਿੰਮੇਂਵਾਰੀ ਇਹ ਦੱਸਣਾ ਸੀ ਕਿ ਪੰਜਾਬੀ ਯੂਨੀਵਰਸਿਟੀ ਦੀ ਕੀ ਰੂਪ ਰੇਖਾ ਹੋਵੇ ਤੇ ਕਿਹੜੀ ਥਾਂ ਤੇ ਸਥਾਪਿਤ ਕੀਤੀ ਜਾਏ। ਮਹਾਰਾਜਾ ਪਟਿਆਲਾ ਸ: ਯਾਦਵਿੰਦਰਾ ਸਿੰਘ ਇਸਦੇ ਚੇਅਰਮੈਨ ਥਾਪੇ ਗਏ। ਅਕਾਡਮੀ ਦੇ ਪ੍ਰਧਾਨ ਡਾ: ਭਾਈ ਜੋਧ ਸਿੰਘ ਇਸ ਦੇ ਪਹਿਲੇ ਵਾਈਸ ਚਾਂਸਲਰ ਥਾਪੇ ਗਏ। 1962 ਵਿੱਚ ਪਟਿਆਲਾ ਵਿਖੇ ਇਸ ਯੂਨੀਵਰਸਿਟੀ ਦੀ ਨੀਂਹ ਰੱਖੀ ਗਈ, ਨਿਰੋਲ ਭਾਸ਼ਾ ਦੇ ਨਾਂ ਤੇ ਬਨਣ ਵਾਲੀ ਇਹ ਸੰਸਾਰ ਦੀ ਦੂਜੀ ਤੇ ਭਾਰਤ ਦੀ ਪਹਿਲੀ ਯੂਨੀਵਰਸਿਟੀ ਸੀ। ਇਸ ਤੋਂ ਪਹਿਲਾਂ ਸਿਰਫ਼ ਹੈਬਰਿਊ ਯੂਨੀਵਰਸਿਟੀ ਹੋਂਦ ਵਿੱਚ ਆ ਚੁੱਕੀ ਸੀ।
ਪੰਜਾਬੀ ਸਾਹਿਤ ਅਕਾਡਮੀ ਦਾ ਉਦੇਸ਼ ਸੀ ਕਿ ਲੇਖਕਾਂ ਤੇ ਪੰਜਾਬੀ ਹਿਤੈਸ਼ੀਆਂ ਦੀਆਂ ਸਾਹਿਤਕ ਗਤੀਵਿਧੀਆਂ ਨੁੰ ਵਧੇਰੇ ਉਸਾਰੂ ਤੇ ਸੁਚਾਰੂ ਰੂਪ ਵਿੱਚ ਚਲਾਉਣ ਲਈ ਸਾਹਿਤ ਸਦਨ ਦੀ ਸਥਾਪਨਾ ਕੀਤੀ ਜਾਵੇ। ਮੁੱਢ ਤੋਂ ਹੀ ਅਕਾਡਮਕ ਦੇ ਅਸ਼ਿਆਂ ਦੀ ਪੂਰਤੀ ਲਈ ਨਾਲ ਜੁੜੇ ਮਾਲ ਮੰਤਰੀ ਗਿਆਨੀ ਕਰਤਾਰ ਸਿੰਘ ਦੇ ਯਤਨਾਂ ਸਦਕਾ ਲੁਧਿਆਣਾ ਵਿਖੇ ਦੋ ਏਕੜ ਜ਼ਮੀਨ ਦਾ ਟੋਟਾ ਕਿਸ਼ਤਾਂ ਵਿੱਚ ਅਲਾਟ ਹੋ ਗਿਆ। ਇਹ ਰਕਮ ਲੇਖਕਾਂ ਵੱਲੋਂ ਇਕੱਠੀ ਕਰਨੀ, ਕਿਸ਼ਤਾਂ ਤਾਰਨੀਆਂ, ਸੀਮਤ ਸਾਧਨਾਂ ਕਾਰਨ ਕਾਫ਼ੀ ਔਖਾ ਕਾਰਜ ਸੀ। ਕਿਸ਼ਤਾਂ ਤਾਰਨ ਲਈ ਤਿੰਨ ਚਾਰ ਸਾਲ ਕਾਫ਼ੀ ਸੰਘਰਸ਼ ਕਰਨਾ ਪਿਆ। ਇਸ ਦੌਰਾਨ ਅਕਾਡਮੀ ਦਾ ਦਫ਼ਤਰ ਇਸ ਦੇ ਪਹਿਲੇ ਜਨਰਲ ਸਕੱਤਰ ਡਾ: ਸ਼ੇਰ ਸਿੰਘ ਦੇ ਘਰ ਵਿੱਚ ਹੀ ਚਲਦਾ ਰਿਹਾ। ਭਵਨ ਦਾ ਨਕਸ਼ਾ ਤਿਆਰ ਹੋਇਆ ਤੇ ਭਾਰਤ ਦੇ ਉਸ ਵੇਲੇ ਦੀ ਰਾਸ਼ਟਰਪਤੀ ਸਰਵਪਲੀ ਡਾ: ਰਾਧਾ ਕ੍ਰਿਸ਼ਨਨ ਜੀ ਦੇ ਕਰ ਕਮਲਾਂ ਰਾਹੀਂ 2 ਜੁਲਾਈ 1966 ਨੂੰ ਇਸ ਦਾ ਨੀਂਹ ਪੱਥਰ ਰੱਖਿਆ ਗਿਆ। ਅਕਾਡਮੀ ਦੇ ਪ੍ਰਧਾਨ ਡਾ: ਭਾਈ ਜੋਧ ਸਿੰਘ ਜੀ ਨੇ ਸੁਆਗਤੀ ਭਾਸ਼ਨ ਵਿੱਚ ਗਿਲਾ ਕੀਤਾ ਕਿ ਬਾਕੀ ਪ੍ਰਾਂਤਕ ਸਰਕਾਰਾਂ ਵਾਂਗ ਪੰਜਾਬ ਸਰਕਾਰ ਪੰਜਾਬੀ ਦੀ ਉੱਨਤੀ ਲਈ ਦ੍ਰਿੜਤਾ ਨਾਲ ਵਚਨਬੱਧ ਨਹੀਂ । ਕਾਮਰੇਡ ਰਾਮ ਕ੍ਰਿਸ਼ਨ ਉਸ ਵੇਲੇ ਮੁੱਖ ਮੰਤਰੀ ਸਨ ਅਤੇ ਰਾਜਪਾਲ ਸ਼੍ਰੀ ਧਰਮਵੀਰ ਸਨ। ਉਸੇ ਵੇਲੇ ਐਲਾਨ ਕੀਤਾ ਕਿ ਜਿਹੜੀ ਜ਼ਮੀਨ ਅਕਾਡਮੀ ਨੂੰ ਵੇਚੀ ਗਈ ਹੈ, ਉਸਨੂੰ ਸਰਕਾਰ ਵੱਲੋਂ ਤੋਹਫ਼ਾ ਸਮਝਿਆ ਜਾਵੇ ਤੇ ਜਿਹੜੀ ਕਿਸ਼ਤਾਂ ਭਰੀਆਂ ਜਾ ਚੁੱਕੀਆਂ ਸਨ, ਉਹ ਵੀ ਵਾਪਸ ਦੇ ਦਿੱਤੀਆਂ ਜਾਣਗੀਆਂ। ਇਵੇਂ ਹੀ ਹੋਇਆ।
ਇੰਜ ਲੇਖਕਾਂ ਦਾ ਆਪਣਾ ਘਰ ਪੰਜਾਬੀ ਭਵਨ ਹੋਂਦ ਵਿੱਚ ਆਇਆ। ਇਸ ਵਿੱਚ ਪੰਜ ਹਜ਼ਾਰ ਦਰਸ਼ਕਾਂ ਦੇ ਬੈਠਣ ਵਾਲਾ ਬਲਰਾਜ ਸਾਹਨੀ ਓਪਨ ਏਅਰ ਥੀਏਅਰ, ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ, ਪ੍ਰਬੰਧਕੀ ਬਲਾਕ, ਡਾ: ਮ ਸ ਰੰਧਾਵਾ ਆਰਟ ਗੈਲਰੀ, ਲੇਖਕਾਂ ਦੇ ਠਹਿਰਨ ਲਈ ਦੋ ਰਿਹਾਇਸ਼ੀ ਕਮਰੇ, ਖੁੱਲਾ ਵਿਸ਼ਾਲ, ਫੁੱਲਾਂ ਨਾਲ ਭਰਿਆ ਲਾਅਨ ਤੋਂ ਇਲਾਵਾ 54 ਹਜ਼ਾਰ ਪੁਸਤਕਾਂ ਵਾਲੀ ਖੋਜ ਤੇ ਰੈਂਫਰੈਂਸ ਲਾਇਬ੍ਰੇਰੀ ਹੈ। ਇਸ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਇਤਿਹਾਸ, ਧਰਮ, ਦਰਸ਼ਨ, ਸਭਿਆਚਾਰ ਆਦਿ ਨਾਲ ਸਬੰਧਿਤ ਪੁਸਤਕਾਂ ਤੋਂ ਬਿਨਾਂ ਵੱਖ ਵੱਖ ਯੂਨੀਵਰਸਿਟੀਆਂ ਵੱਲੋਂ ਕਰਵਾਏ ਖੋਜ ਕਾਰਜਾਂ ਦੇ ਥੀਸਸ ਅਤੇ ਪੁਰਾਤਨ ਹੱਥ ਲਿਖਤਾਂ ਦੇ ਖਰੜੇ ਤੇ ਲੇਖਕਾਂ ਦੀਆਂ ਚਿੱਠੀਆਂ ਦਾ ਸੰਗ੍ਰਹਿ ਹੈ। ਖੁੱਲਾ ਰੀਡਿੰਗ ਹਾਲ ਹੈ ਜਿਥੇ ਦੂਰੋਂ ਦੂਰੋਂ ਖੋਜਾਰਥੀ ਆਉਂਦੇ ਤੇ ਅਧਿਐਨ ਕਰਦੇ ਹਨ। ਪੰਜਾਬੀ ਭਵਨ ਦੇ ਵਿਹੜੇ ਵਿੱਚ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਜ਼ਿਲ੍ਹਾ ਦਫ਼ਤਰ ਹਨ।
ਇਸ ਵਕਤ ਪੰਜਾਬੀ ਸਾਹਿਤ ਅਕਾਡਮੀ ਨਾਲ ਸਰਪ੍ਰਸਤ, ਮੁੱਢਲੇ ਮੈਂਬਰ ਤੇ ਜੀਵਨ ਮੈਂਬਰਾਂ ਸਮੇਤ 1600 ਦੇ ਕਰੀਬ ਲੇਖਕ ਤੇ ਹਿਤੈਸ਼ੀ ਜੁੜੇ ਹੋਏ ਹਨ। ਅਕਾਡਮੀ ਦੀ ਸੁਚਾਰੂ ਸੰਚਾਲਨਾ ਹਿਤ ਡਾ: ਭਾਈ ਜੋਧ ਸਿੰਘ, ਡਾ: ਮਹਿੰਦਰ ਸਿੰਘ ਰੰਧਾਵਾ, ਪ੍ਰੋ: ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ, ਡਾ: ਸਰਦਾਰਾ ਸਿੰਘ ਜੌਹਲ, ਸ: ਅਮਰੀਕ ਸਿੰਘ ਪੂੰਨੀ, ਡਾ: ਸੁਰਜੀਤ ਪਾਤਰ, ਡਾ: ਦਲੀਪ ਕੌਰ ਟਿਵਾਣਾ ਨੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ। ਮੌਜੂਦਾ ਸਮੇਂ ਪ੍ਰੋ: ਗੁਰਭਜਨ ਸਿੰਘ ਗਿੱਲ ਪੂਰੀ ਤਨਦੇਹੀ ਤੇ ਨਵੀਆਂ ਸੋਚਾਂ ਲੈ ਕੇ ਕਾਰਜਸ਼ੀਲ ਹਨ। ਅਕਾਡਮੀ ਕਾਰਜਾਂ ਨੂੰ ਅਮਲੀ ਰੂਪ ਦੇਣ ਲਈ ਕਾਰਜਕਾਰਨੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਆਪਣੀ ਯਥਾਯੋਗ ਸੇਵਾਵਾਂ ਦਿੰਦੇ ਜਨਰਲ ਸਕੱਤਰ ਡਾ: ਸ਼ੇਰ ਸਿੰਘ, ਡਾ: ਪਿਆਰ ਸਿੰਘ, ਡਾ: ਪਰਮਿੰਦਰ ਸਿੰਘ, ਪ੍ਰੋ: ਮੋਹਨ ਸਿੰਘ, ਪ੍ਰੋ: ਮਹਿੰਦਰ ਸਿੰਘ ਚੀਮਾ, ਡਾ: ਸੁਰਜੀਤ ਸਿੰਘ ਭਾਟੀਆ, ਪ੍ਰਿੰ: ਪ੍ਰੇਮ ਸਿੰਘ ਬਜਾਜ, ਪ੍ਰੋ: ਰਵਿੰਦਰ ਭੱਠਲ ਅਕਾਡਮੀ ਦੇ ਵੱਡੇ ਤੇ ਮਹੱਤਵਪੂਰਨ ਉਦੇਸ਼ਾਂ ਲਈ ਕਾਰਜਸ਼ੀਲ ਰਹੇ ਤੇ ਹੁਣ ਡਾ: ਸੁਖਦੇਵ ਸਿੰਘ ਜਨਰਲ ਸਕੱਤਰ ਵਜੋਂ ਇਹ ਕਾਰਜ ਨਿਭਾ ਰਹੇ ਹਨ। ਅਕਾਡਮੀ ਪੰਜਾਬ ਤੇ ਪੰਜਾਬੋਂ ਬਾਹਰ ਦੀ ਕਾਨਫਰੰਸਾਂ, ਗੋਸ਼ਟੀਆਂ ਕਰਵਾਉਂਦੀ ਹੈ। ਕਵੀ ਦਰਬਾਰ, ਸੁਰਮਈ ਸੰਗੀਤਕ ਸ਼ਾਮਾਂ ਦਾ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ। ਪ੍ਰਸਿੱਧ ਲੇਖਕਾਂ ਦੇ ਰੂ-ਬਰੂ, ਵਿਦੇਸ਼ੀ ਲੇਖਕਾਂ ਨੂੰ ਜੀ ਆਇਆਂ ਤਹਿਤ ਮੁਲਾਕਾਤਾਂ ਵੀ ਇਸਦੇ ਕਾਰਜ ਦਾ ਹਿੱਸਾ ਹੈ।
ਅਕਾਡਮੀ ਦੀ ਖੋਜ ਪਤ੍ਰਿਕਾ, ਆਲੋਚਨਾ 1955 ਤੋਂ ਨਿਰੰਤਰ ਪ੍ਰਕਾਸ਼ਤ ਹੋਣੀ ਸ਼ੁਰੂ ਹੋ ਗਈ ਸੀ। ਇਸ ਤ੍ਰੈਮਾਸਿਕ ਪਤ੍ਰਿਕਾ ਦੇ ਹੁਣ ਤਕ 232 ਦੇ ਕਰੀਬ ਮੁੱਲਵਾਨ ਸਮੱਗਰੀ ਵਾਲੇ ਅੰਕ ਪ੍ਰਕਾਸ਼ਿਤ ਹੋ ਚੁੱਕੇ ਹਨ। 50 ਦੇ ਕਰੀਬ ਵਿਸ਼ੇਸ਼ ਅੰਕਾਂ ਦੇ ਰੂਪ ਵਿੱਚ ਹਨ। ਅਕਾਡਮੀ ਵੱਲੋਂ ਹੁਣ ਤੀਕ ਲਗਪਗ 100 ਕਿਤਾਬਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ ਜਿੰਨ੍ਹਾਂ ਚੋਂ ‘ਪਿੰਗਲ ਤੇ ਆਰੂਜ’, ਸੱਸੀ ਹਾਸ਼ਮ, ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’, ਸੰਖਿਆ ਕੋਸ਼, ਸ਼ਹੀਦ ਬਿਲਾਸ ਆਦਿ ਪ੍ਰਮੁੱਖ ਹੈ। ਰਾਬਿੰਦਰ ਨਾਥ ਟੈਗੋਰ ਦੀਆਂ 12 ਪੁਸਤਕਾਂ ਦਾ ਪੰਜਾਬੀ ਅਨੁਵਾਦ ਵਾਲਾ ਸੈੱਟ ਪਹਿਲਾਂ 1960-61 ਵਿੱਚ ਅਤੇ ਹੁਣ 2011 ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ। ਅਕਾਡਮੀ ਵੱਲੋਂ ਇਹ ਸੈੱਟ ਸ਼ਾਂਤੀ ਨਿਕੇਤਨ (ਪੱਛਮੀ ਬੰਗਾਲ) ਵਿਖੇ ਜਾ ਕੇ ਰਿਲੀਜ਼ ਕੀਤਾ ਗਿਆ।
ਪੰਜਾਬੀ ਭਵਨ ਦੇ ਬਲਰਾਜ ਸਾਹਨੀ ਓਪਨ ਏਅਰ ਥੀਏਟਰ ’ਚ ਰੰਗ ਮੰਗ ਸਰਗਰਸਮੀਆਂ ਸਵ:ਹਰਪਾਲ ਟਿਵਾਣਾ ਦੇ ਯਤਨਾਂ ਸਦਕਾ ਮੰਚ ਪੇਸ਼ਕਾਰੀਆਂ ਤੋਂ ਬਅਦ ‘ਦੀਵਾ ਬਲੇ ਸਾਰੀ ਰਾਤ’ ਅਤੇ ‘ਲੌਂਗ ਦਾ ਲਿਸ਼ਕਾਰਾ’ ਫਿਲਮ ਦਾ ਨਿਰਮਾਣ ਹੋਇਆ। ਅਸ਼ਵਨੀ ਚੈਟਲੇ ਦੇ ਯਤਨਾਂ ਸਦਕਾ ‘ਮਿੱਟੀ ਨਾ ਹੋਵੇ ਮਤਰੇਈ’ ਦੀਆਂ ਲਗਪਗ 20 ਪੇਸ਼ਕਾਰੀਆਂ ਵੀ ਇਸੇ ਮੰਚ ਤੋਂ ਹੋਈਆਂ। ਹੁਣ ਨਿਰਮਲ ਰਿਸ਼ੀ, ਤਰਲੋਚਨ ਸਿੰਘ ਅਤੇ ਕਈ ਹੋਰ ਨਾਟ ਨਿਰਦੇਸ਼ਕਾਂ ਦੀ ਹਿੰਮਤ ਸਦਕਾ ਪੰਜਾਬੀ ਭਵਨ ਨਾਟਕ ਪੇਸ਼ਕਾਰੀਆਂ ਕਰਕੇ ਲੁਧਿਆਣਾ ਵਾਸੀਆਂ ਨੂੰ ਮੰਚ ਨਾਲ ਜੋੜਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਵੱਲੋਂ ਆਪਣਾ ਸਰਵ ਸ੍ਰੇਸ਼ਟ ਸਾਹਿਤ ਪੁਰਸਕਾਰ ‘ਫੈਲੋਸ਼ਿਪ’ ਹੈ। ਜੋ ਹੁਣ ਤਕ ਤੀਹ ਤੋਂ ਉਪਰ ਸਾਹਿਤਕਾਰਾਂ ਤੇ ਵਿਦਵਾਨਾਂ ਨੂੰ ਪ੍ਰਦਾਨ ਕੀਤਾ ਜਾ ਚੁੱਕਿਆ ਹੈ। ਅਮਰੀਕਾ ਵੱਸਦੇ ਧਨਾਢ ਵਪਾਰੀ ਸ: ਦਰਸ਼ਨ ਸਿੰਘ ਧਾਲੀਵਾਲ ਨੇ 1985 ’ਚ ਆਪਣੇ ਸਤਿਕਾਰਯੋਗ ਪਿਤਾ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੇ ਨਾਂ ਤੇ ਪੁਰਸਕਾਰ ਸਥਾਪਤ ਕੀਤਾ ਜੋ ਹੁਦ ਉਨ੍ਹਾਂ ਮੌਤ ਮਗਰੋਂ ਯਾਦਗਾਰੀ ਸਨਮਾਨ ਬਣ ਚੁੱਕਾ ਹੈ। ਇਸ ਵਿੱਚ ਸਰਵ ਸ੍ਰੇਸ਼ਟ ਸਾਹਿਤਕਾਰ ਪੁਰਸਕਾਰ ਇਕ ਲੱਖ ਰੁਪਏ ਦਾ ਤੇ ਪੰਜ ਪੁਰਸਕਾਰ ਇੱਕੀ ਇੱਕੀ ਹਜ਼ਾਰ ਦੇ ਹਨ। ਪ੍ਰੋ: ਪ੍ਰੀਤਮ ਸਿੰਘ ਹੋਰਾਂ ਵੱਲੋਂ ਆਪਣੀ ਮਾਤਾ ਜਸਵੰਤ ਕੌਰ ਦੀ ਯਾਦ ਵਿੱਚ ਹਰ ਸਾਲ ਬਾਲ ਪੁਸਤਕ ਨੂੰ 11000 ਦਾ ਪੁਰਸਕਾਰ ਦਿੱਤਾ ਜਾਂਦਾ ਹੈ। ਪੰਜਾਬੀ ਕਵੀ ਕੁਲਵੰਤ ਜਗਰਾਉਂ ਦੇ ਪਰਿਵਾਰ ਨੇ ਵੀ ਇਕ ਪੁਰਸਕਾਰ ਸਥਾਪਤ ਕੀਤਾ ਹੈ। ਸ: ਜਗਜੀਤ ਸਿੰਘ ਅਨੰਦ ਪੁਰਸਕਾਰ ਵੀ ਸ: ਰੂਪ ਸਿੰਘ ਰੂਪਾ ਨੇ ਸਥਾਪਤ ਕਰਨ ਲਈ ਇਕ ਲੱਖ ਰੁਪਿਆ ਅਕੈਡਮੀ ਨੂੰ ਭੇਂਟ ਕੀਤਾ ਹੈ।
ਪੰਜਾਬੀ ਭਵਨ ਨੂੰ ਸਾਹਿਤਕਾਰਾਂ ਦਾ ਮੱਕਾ ਕਰਕੇ ਵੀ ਜਾਣਿਆ ਜਾਂਦਾ ਹੈ। ਇਸ ਦੇ ਵਿਹੜੇ ਵਿੱਚ ਸ਼ਹਿਰ ਅਤੇ ਬਾਹਰਲੀਆਂ ਦੋ ਦਰਜਨ ਸਾਹਿਤਕ ਸੰਸਥਾਵਾਂ ਆਪਣੇ ਸਮਾਗਮ ਤੇ ਮਹੀਨਾਵਾਰ ਮੀਟਿੰਗਾਂ ਕਰਦੀਆਂ ਹਨ।
ਪੁਸਤਕ ਸਭਿਆਚਾਰ ਦੇ ਵਿਕਾਸ ਲਈ ਸਾਈਂ ਮੀਆਂ ਮੀਰ ਭਵਨ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੇ ਪਿਛਲੇ ਬਜਟ ਵਿੱਚ 2 ਕਰੋੜ ਰੁਪਏ ਦੀ ਧਨ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਰਾਸ਼ੀ ਨਾ ਮਿਲਣ ਕਾਰਨ ਇਹ ਪ੍ਰਾਜੈਕਟ ਹਾਲ ਦੀ ਘੜੀ ਰੁਕ ਗਿਆ ਹੈ।
ਹਰ ਰੋਜ਼ ਕੋਈ ਨਾ ਕੋਈ ਵਿਦੇਸ਼ੀ ਸਾਹਿਤਕਾਰ ਇਥੇ ਵਿਚਰਦਾ ਦਿਖਾਈ ਦੇਵੇਗਾ। ਖੁੱਲੇ ਲਾਅਨ ਵਿੱਚ ਬੈਂਚਾਂ ਤੇ ਬੈਠੇ ਲੇਖਕ ਗੁਫ਼ਤਗੂ ਕਰਦੇ ਵਿਖਾਈ ਦੇਣਗੇ। ਸ਼ਹਿਰ ਦੇ ਵਿਚਕਾਰ ਹੋਣ ਅਤੇ ਰੇਲਵੇ ਤੇ ਸੜਕੀ ਆਵਾਜਾਈ ਦੇ ਨਜ਼ਦੀਕ ਹੋਣ ਕਰਕੇ ਕੇਂਦਰੀ ਲੇਖਕ ਸਭਾਵਾਂ ਦੇ ਇਕੱਠ ਵੀ ਤਕਰੀਬਨ ਇਸੇ ਭਵਨ ਦੇ ਨਸੀਬੀਂ ਹੁੰਦੇ ਹਨ। ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਪਾਸੋਂ ਲਾਇਬ੍ਰੇਰੀ ’ਚ ਉਰਦੂ ਸਿੱਖਣ ਵਾਲਿਆਂ ਦੀ ਰੌਣਕ ਵੀ ਕਮਾਲ ਹੈ। ਭਾਰਤੀ ਜ਼ੁਬਾਨਾਂ ’ਚੋਂ ਸ਼ਾਇਦ ਪੰਜਾਬੀ ਸਾਹਿਤ ਅਕੈਡਮੀ ਇਕੋ ਇਕ ਸੰਸਥਾ ਹੈ ਹੋਵੇ ਜਿਸ ਕੋਲ ਆਪਣਾ ਏਡਾ ਵੱਡਾ ਵਿਸ਼ਾਲ ਘਰ ਅਤੇ ਢਾਂਚਾ ਹੈ।
*ਲੇਖਕ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਲ 2002 ਤੋਂ 2008 ਤੀਕ ਜਨਰਲ ਸਕੱਤਰ ਰਹੇ ਹਨ।