ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਸਰਕਾਰ ਵੱਲੋਂ ਕਣਕ ਸੀਜ਼ਨ ਦੌਰਾਨ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਬਹੁਤ ਦੁਖੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਅੱਜ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੰਡੀਆਂ ’ਚ ਹਾਲਾਤਾਂ ਨੂੰ ਵੇਖ ਕੇ ਤੇ ਕਿਸਾਨਾਂ ਨੂੰ ਮਿਲ ਕੇ ਪਤਾ ਲੱਗਦਾ ਹੈ ਕਿ ਸਰਕਾਰ ਵੱਲੋਂ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਸਬੰਧੀ ਸਹੂਲਤਾਂ ਦੇਣ ਦੇ ਕੀਤੇ ਗਏ ਵਾਅਦੇ ਫੋਕੇ ਹਨ। ਉਨ੍ਹਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਕਈ-ਕਈ ਦਿਨਾਂ ਤੋਂ ਮੰਡੀਆਂ ਵਿਚ ਡੇਰੇ ਲਾਈ ਬੈਠੇ ਹਨ ਜਦਕਿ ਮੰਡੀਆਂ ਵਿਚ ਖੁੱਲੇ ਅਸਮਾਨ ਥੱਲੇ ਕਣਕ ਨਾਲ ਭਰੇ ਗੱਟਿਆਂ ਦੇ ਅੰਬਾਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਬਾਰਦਾਨੇ ਦੀ ਘਾਟ ਕਾਰਨ ਨਵੀਂ ਆ ਰਹੀ ਕਣਕ ਨੂੰ ਸਾਂਭਣ ’ਚ ਭਾਰੀ ਦਿੱਕਤ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਥਾਂਵਾਂ ਤੇ ਕਥਿਤ ਤੌਰ ਤੇ ਪੁਰਾਣੇ ਬਾਰਦਾਨੇ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਖਰੀਦ ਪ੍ਰਬੰਧਾਂ ਨੂੰ ਯਕੀਨੀ ਬਣਾ ਕੇ ਕਿਸਾਨਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਜਿੰਦਰ ਸਿੰਘ ਬਰਾੜ, ਗੁਰਦੀਪ ਸਿੰਘ ਗਾਗਾ, ਅੰਗਰੇਜ਼ ਸਿੰਘ ਉਦੇਕਰਨ, ਜੁਗਿੰਦਰ ਸਿੰਘ ਸਰਪੰਚ ਫੱਤਣਵਾਲਾ, ਰੌਬੀ ਬਰਾੜ, ਜਸਵੰਤ ਸਿੰਘ ਬਧਾਈ, ਸੁਖਵਿੰਦਰ ਸਿੰਘ ਨੰਬਰਦਾਰ, ਜਸਪਾਲ ਸਿੰਘ ਬਧਾਈ ਤੇ ਨਿਸ਼ਾਨ ਫੌਜੀ ਆਦਿ ਸ਼ਾਮਲ ਸਨ।