ਫਤਹਿਗੜ੍ਹ ਸਾਹਿਬ -“ਤਿਆਗ ਅਤੇ ਕੁਰਬਾਨੀ ਕਿਸੇ ਵਿਸ਼ੇਸ਼ ਕੌਮੀ ਅਤੇ ਸਮਾਜਪੱਖੀ ਮਕਸਦ ਅਧੀਨ ਕੀਤੇ ਜਾਂਦੇ ਹਨ । ਕੌਂਮ ਅਤੇ ਸਮਾਜ ਨੂੰ ਤਾਕਤ ਦੇਣ ਲਈ ਬੀਤੇ ਸਮੇਂ ਦੇ ਸਿੱਖ ਇਤਿਹਾਸ ਵਿਚ ਵੀ ਵੱਡੀਆਂ ਕੁਰਬਾਨੀਆਂ ਅਤੇ ਤਿਆਗ ਹੋਏ ਹਨ ਅਤੇ ਅਜ਼ੋਕੇ ਸਮੇਂ ਵਿਚ ਵੀੰਂ ਸਿੱਖ ਨੌਜ਼ਵਾਨੀ ਨੂੰ ਅਸਹਿ ਅਤੇ ਅਕਹਿ ਸਰੀਰਕ ਅਤੇ ਮਾਨਸਿਕ ਤਕਲੀਫਾਂ ਝੱਲਣੀਆਂ ਪੈ ਰਹੀਆਂ ਹਨ । ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬੰਦੀ ਤਿਹਾੜ ਜੇਲ੍ਹ ਦੀ ਮਾਨਸਿਕ ਸਥਿਤੀ ਵਿਗੜਨ ਪਿੱਛੇਂ ਸਾਡੇ ਰਹਿਬਰਾਂ ਵੱਲੋਂ ਕੀਤੀ ਗਈ ਗੈਰ ਦਲੀਲ ਬਿਆਨਬਾਜ਼ੀ ਵੀ ਕਾਫੀ ਹੱਦ ਤੱਕ ਜਿੰਮੇਵਾਰ ਹੈ । ਕਿਉਕਿ ਪੰਜਾਬੀ ਵਿਚ ਕਹਾਵਤ ਹੈ “ਸੱਜ਼ਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈਂ” ਦੀ ਭਾਵਨਾ ਅਨੁਸਾਰ ਜੇਲ੍ਹਾਂ ਵਿਚ ਫਾਂਸੀ ਅਤੇ ਉਮਰਕੈਦਾਂ ਦੀਆਂ ਸਜ਼ਾਵਾਂ ਨਾਲ ਜੂਝ ਰਹੇ ਨੌਜ਼ਵਾਨਾਂ ਦੀਆਂ ਵੱਡੀਆਂ ਕੁਰਬਾਨੀਆਂ ਹਨ । ਪਰ ਜਦੋਂ ਇਨ੍ਹਾਂ ਵਿਚੋਂ ਗੈਰ ਦਲੀਲ ਤਰੀਕੇ ਬਿਆਨਬਾਜ਼ੀ ਕੀਤੀ ਜਾਂਦੀ ਹੈ ਤਾਂ ਕੁਰਬਾਨੀਂ ਵਾਲੇ ਅਜਿਹੇ ਸਿੰਘਾਂ ਨੂੰ ਡੂੰਘੀ ਤਕਲੀਫ ਤੇ ਦੁੱਖ ਦਿੰਦੀ ਹੈ । ਇਸ ਲਈ ਕਿਸੇ ਨੂੰ ਵੀ ਛੋਟਾ ਜਾਂ ਵੱਡਾ ਗਰਦਾਨਕੇ ਬਿਆਨਬਾਜੀ ਕਤਈਂ ਨਹੀ ਹੋਣੀ ਚਾਹੀਦੀਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਰੀਰਕ ਅਤੇ ਮਾਨਸਿਕ ਤੌਰ ਤੇ ਹੋਈ ਕਮਜੋਰੀ ਲਈ ਸਰਕਾਰ ਅਤੇ ਜੇਲ੍ਹ ਪ੍ਰਬੰਧਕਾਂ ਵੱਲੋਂ ਬਣਦੀਆਂ ਡਾਕਟਰੀ ਅਤੇ ਹੋਰ ਸਹੂਲਤਾਂ ਨਾ ਦੇਣ ਦੇ ਕੀਤੇ ਜਾ ਰਹੇ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾਂ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਜੇਲ੍ਹਾਂ ਵਿਚ ਬੰਦੀਂ ਨੌਜ਼ਵਾਨਾਂ ਦੀ ਕੁਰਬਾਨੀਂ ਨੂੰ ਇਕ ਦੂਸਰੇ ਨਾਲੋਂ ਘੱਟ ਅਤੇ ਵੱਧ ਕਹਿਣਾ ਮੁਨਾਸਿਬ ਨਹੀਂ । ਸ. ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਵੇ ਉਹਨਾਂ ਨੇ ਭਾਈ ਰਾਜੋਆਣਾ ਨੂੰ ਕੌਮੀ ਜਿੰਦਾਂ ਸ਼ਹੀਦ ਕਰਾਰ ਦਿੱਤਾ ਹੈ ਉਸੇ ਤਰ੍ਹਾਂ ਉਹ ਪ੍ਰੋ. ਭੁੱਲਰ ਨੂੰ ਵੀ ਜਿੰਦਾਂ ਸ਼ਹੀਦ ਹੋਣ ਦਾ ਐਲਾਣ ਕਰਨ । ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਬੰਦੀਂ ਨੌਜ਼ਵਾਨ ਸਿੱਖ ਕੌਂਮ ਦਾ ਵੱਡਮੁੱਲਾ ਸਤਿਕਾਰਯੋਗ ਸਰਮਾਇਆ ਹਨ । ਮੈਂ ਬਤੌਰ ਐਮ.ਪੀ. ਹੁੰਦੇ ਹੋਏ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾਂ ,ਜਗਤਾਰ ਸਿੰਘ ਤਾਰਾ ਨੂੰ ਚੰਡੀਗੜ੍ਹ ਜੇਲ੍ਹ ਵਿਚ ਮੁਲਾਕਾਤਾਂ ਕਰਦਾ ਰਿਹਾ ਹਾਂ । ਇਸੇ ਤਰ੍ਹਾਂ ਅਮਰੀਕਾ ਦੀਆਂ ਅਦਾਲਤਾਂ ਵਿਚ ਕੇਸ ਭੁਗਤ ਰਹੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਦੇ ਹੱਕ ਵਿਚ ਗਵਾਹੀ ਦੇਣ ਲਈ ਗਿਆ ਸੀ, ਉਸ ਸਮੇ ਭਾਈ ਹਰਪਾਲ ਸਿੰਘ ਚੀਮਾਂ ਵੀ ਉਥੇ ਮੌਜੂਦ ਸਨ । ਇਹ ਜਿੰਮੇਵਾਰੀਆਂ ਕੌਮੀ ਫਰਜ਼ਾਂ ਦੀ ਪੂਰਤੀ ਲਈ ਕੀਤੀਆ ਜਾਂਦੀਆਂ ਰਹੀਆਂ ਹਨ । ਮੈਂ ਨਾਭਾ ਜੇਲ੍ਹ ਵਿਚ ਬੰਦੀਂ ਨੌਜ਼ਵਾਨਾਂ ਨਾਲ ਮੁਲਾਕਾਤ ਕਰਨ ਲਈ ਡੀ.ਸੀ. ਪਟਿਆਲਾ ਨੂੰ ਲਿਖਿਆ ਪਰ ਸਾਨੂੰ ਕੋਈ ਜਵਾਬ ਨਾ ਦਿੱਤਾ ਗਿਆ । ਪਹਿਲੀਆਂ ਮੁਲਾਕਾਤਾਂ ਬਤੌਰ ਐਮ.ਪੀ. ਦੇ ਹੁੰਦੀਆਂ ਰਹੀਆਂ । ਲੇਕਿਨ ਹੁਣ ਮੈਂਨੂੰ ਜੇਲ੍ਹਾਂ ਵਿਚ ਬੰਦੀਂ ਨੌਜ਼ਵਾਨਾਂ ਨੂੰ ਮਿਲਣ ਲਈ ਹਕੂਮਤਾਂ ਵੱਲੋਂ ਇਜ਼ਾਜਤ ਨਹੀ ਦਿੱਤੀ ਜਾ ਰਹੀ । ਇਹ ਸੱਚ ਹੈ ਕਿ ਮੈਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕੋਈ ਇਕ ਮੁਲਾਕਾਤ ਵੀ ਨਹੀ ਕਰ ਸਕਿਆ ਸ਼ਾਇਦ ਉਨ੍ਹਾਂ ਦਾ ਸ਼ਿਕਵਾਂ ਜ਼ਾਇਜ ਹੀ ਹੈ । ਮੇਰੇ ਮਨ ਅਤੇ ਆਤਮਾਂ ਵਿਚ ਇਹਨਾਂ ਕੌਮੀਂ ਨੌਜ਼ਵਾਨਾਂ ਨਾਲ ਮੁਲਾਕਾਤਾਂ ਕਰਨ ਅਤੇ ਵਿਚਾਰ ਵਟਾਦਰੇ ਕਰਨ ਦੀ ਤਾਂਘ ਸੁਰੂ ਤੋ ਰਹੀ ਹੈ । ਪਰ ਜ਼ਾਲਿਮ ਹਕੂਮਤਾਂ ਅਕਸਰ ਹੀ ਸਿੱਖ ਕੌਮ ਨੂੰ ਭਰਾਮਾਰੂ ਜੰਗ ਵਿਚ ਉਲਝਾਉਣ ਵਿਚ ਮਸਰੂਫ ਰਹਿੰਦੀਆ ਹਨ । ਜਿਨ੍ਹਾਂ ਤੋਂ ਸਾਡੇ ਰਹਿਬਰਾਂ ਅਤੇ ਜੇਲ੍ਹਾਂ ਵਿਚ ਬੰਦੀਂ ਨੌਜ਼ਵਾਨਾਂ ਨੂੰ ਸੁਚੇਤ ਰਹਿਣਾ ਪਵੇਗਾ ਅਤੇ ਹਰ ਤਰ੍ਹਾਂ ਦੀਆਂ ਕੌਂਮ ਵਿਰੋਧੀ ਅਫਵਾਹਾਂ ਤੋਂ ਦੂਰ ਰਹਿਕੇ ਆਪਣੀ ਕੌਮੀ ਮੰਜਿਲ ਦੀ ਪ੍ਰਾਪਤੀ ਲਈ ਇਕ ਦੂਸਰੇ ਦਾ ਸਹਿਯੋਗ ਲੈਕੇ ਅੱਗੇ ਵੱਧਣਾ ਪਵੇਗਾ ।