ਵਾਸ਼ਿੰਗਟਨ- ਓਸਾਮਾ ਬਿਨ ਲਾਦਿਨ ਨੇ ਅਮਰੀਕੀ ਰਾਸ਼ਟਰਪਤੀ ਓਬਾਮਾ ਅਤੇ ਨੈਟੋ ਦੇ ਅਧਿਕਾਰੀ ਡੇਵਿਡ ਪੈਟਰਿਅਮ ਨੂੰ ਆਤਮਘਾਤੀ ਹਮਲਿਆਂ ਦੁਆਰਾ ਉਡਾਉਣ ਦੀ ਯੋਜਨਾ ਬਣਾਈ ਸੀ। ਇਸ ਲਈ ਉਸ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਆਤਮਘਾਤੀ ਦਸਤੇ ਤਿਆਰ ਕਰਨ ਦੇ ਆਦੇਸ਼ ਦਿੱਤੇ ਸਨ। ਇਹ ਜਾਣਕਾਰੀ ਲਾਦਿਨ ਦੇ ਟਿਕਾਣੇ ਤੋਂ ਪ੍ਰਾਪਤ ਹੋਏ ਕੁਝ ਦਸਤਾਂਵੇਜਾਂ ਤੋਂ ਮਿਲੀ ਹੈ।
ਪਾਕਿਸਤਾਨ ਵਿੱਚ ਸਥਿਤ ਲਾਦਿਨ ਦੇ ਨਿਵਾਸ ਤੇ ਉਸ ਦੀ ਮੌਤ ਤੋਂ ਬਾਅਦ ਅਮਰੀਕੀ ਸੀਲਜ਼ ਨੇ ਕੁਝ ਦਸਤਾਵੇਜ਼ ਜ਼ਬਤ ਕੀਤੇ ਸਨ। ਅਮਰੀਕੀ ਸੈਨਾ ਦੇ ਵੈਸਟ ਪੁਆਇੰਟ ਕਮਬੈਟਿੰਗ ਟੈਰਿਜ਼ਮ ਸੈਂਟਰ ਦੁਆਰਾ 17 ਦਸਤਾਵੇਜ਼ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਹੀ ਇੱਕ ਇਹ ਪੱਤਰ ਹੈ ਜਿਸ ਵਿੱਚ ਓਬਾਮਾ ਅਤੇ ਡੇਵਿਡ ਦੇ ਖਿਲਾਫ਼ ਨਿਰਦੇਸ਼ ਦਿੱਤੇ ਗਏ ਹਨ। ਮਈ 2010 ਦੇ ਇੱਕ ਪੱਤਰ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ।
ਓਸਾਮਾ ਨੇ ਲਿਖਿਆ ਹੈ, “ ਮੈਂ ਸ਼ੇਖ ਸਈਅਦ ਨੂੰ ਕਿਹਾ ਸੀ ਕਿ ਉਹ ਭਾਈ ਇਲਿਆਸ ਨੂੰ ਅਜਿਹੇ ਦੋ ਸੰਗਠਨ ਤਿਆਰ ਕਰਨ ਦੀ ਜਿੰਮੇਵਾਰੀ ਸੌਂਪੇ ਜੋ ਇੱਕ ਪਾਕਿਸਤਾਨ ਵਿੱਚ ਅਤੇ ਦੂਸਰਾ ਅਫ਼ਗਾਨਿਸਤਾਨ ਦੇ ਬਗਰਾਮ ਵਿੱਚ , ਜੋ ਓਬਾਮਾ ਅਤੇ ਡੇਵਿਡ ਦੇ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੇ ਲਈ ਉਨ੍ਹਾਂ ਦੇ ਪਾਕਿਸਤਾਨ ਜਾਂ ਅਫ਼ਗਾਨਿਸਤਾਨ ਦੇ ਦੌਰਿਆਂ ਤੇ ਨਜ਼ਰ ਰੱਖੇ।” ਇਸ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋ ਬਾਈਡਨ ਨੂੰ ਨਿਸ਼ਾਨਾ ਨਾਂ ਬਣਾਇਆ ਜਾਵੇ ਕਿਉਂਕਿ ਬਾਈਡਨ ਰਾਸ਼ਟਰਪਤੀ ਦੇ ਅਹੁਦੇ ਦੇ ਯੋਗ ਨਹੀਂ ਹਨ । ਇਸ ਲਈ ਉਹ ਅਮਰੀਕਾ ਨੂੰ ਸੰਕਟ ਵਿੱਚ ਪਾ ਦੇਣਗੇ। ਇਹ ਵੀ ਕਿਹਾ ਗਿਆ ਹੈ ਕਿ ਗੇਟਸ , ਮੂਲੇਨ ਅਤੇ ਹਾਲਬੁਕ ਨੂੰ ਨਿਸ਼ਾਨਾ ਨਾਂ ਬਣਾਇਆ ਜਾਵੇ।