ਵੂਲਗੂਲਗਾ (ਰਿਸ਼ੀ ਗੁਲਾਟੀ) : ਅੱਜ ਆਸਟ੍ਰੇਲੀਆ ਦੀ ਸਿੱਖ ਸੰਗਤ ਲਈ ਬੜਾ ਸੁਭਾਗਾ ਦਿਹਾੜਾ ਸੀ ਕਿ ਇੱਥੋਂ ਦੇ ਸਥਾਪਿਤ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ । ਇਹ ਗੁਰਦੁਆਰਾ ਸਾਹਿਬ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਕਸਬੇ ਵੂਲਗੂਲਗਾ ਵਿਖੇ ਸਥਿਤ ਹੈ । ਇਸ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਜੱਥਿਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਢਿਲੋਂ ਤੇ ਸਹਿਯੋਗੀ ਅਮਰਜੀਤ ਸਿੰਘ ਮੋਰ (ਡਾ.) ਨੇ ਦੱਸਿਆ ਕਿ ਆਸਟ੍ਰੇਲੀਆ ਦੇ ਇਸ ਪਹਿਲੇ
ਗੁਰਦੁਆਰਾ ਸਾਹਿਬ ਦਾ ਉਦਘਾਟਨ ਜੂਨ 1968 ‘ਚ ਕੀਤਾ ਗਿਆ ਸੀ, ਜਿਸਦੀ ਪਹਿਲੀ ਪ੍ਰਬੰਧਕ ਕਮੇਟੀ ਦੇ ਛੇ ਪੰਜਾਬੀ ਮੈਂਬਰ ਸਾਹਿਬਾਨਾਂ ਤੋਂ ਇਲਾਵਾ ਤਿੰਨ ਸਥਾਨਕ ਗੋਰੇ ਮੈਂਬਰ ਵੀ ਲਏ ਗਏ, ਜਿਨ੍ਹਾਂ ‘ਚ ਇੱਕ ਸਕੂਲ ਦਾ ਪ੍ਰਿੰਸੀਪਲ ਤੇ ਚਰਚ ਦਾ ਪਾਦਰੀ ਵੀ ਸ਼ਾਮਲ ਸਨ ।
ਵਧ ਰਹੀ ਸੰਗਤ ਦੀਆਂ ਲੋੜਾਂ ਨੂੰ ਮੱਦੇ ਨਜ਼ਰ ਰੱਖਦਿਆਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਨਾਉਣ ਦੀ ਲੋੜ ਮਹਿਸੂਸ ਕਰਦਿਆਂ ਇਲਾਕੇ ਦੇ ਭਾਈਚਾਰੇ ਵੱਲੋਂ ਬੜੇ ਉਤਸ਼ਾਹ ਨਾਲ਼ ਇਸ ਮੁਬਾਰਕ ਮੌਕੇ ‘ਤੇ ਆਪਣਾ ਯੋਗਦਾਨ ਪਾਇਆ ਗਿਆ । ਅਰਦਾਸ ਉਪਰੰਤ ਪੰਜ ਪਿਆਰਿਆਂ ਨੇ ਧਰਤੀ ‘ਚ ਟੱਕ ਲਗਾ ਕੇ ਨੀਂਹ ਪੱਥਰ ਰੱਖਿਆ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ‘ਤੇ 24 ਘੰਟੇ ਚੱਲਣ ਵਾਲੇ ਆਸਟ੍ਰੇਲੀਆ ਦੇ ਪਹਿਲੇ ਰੇਡੀਓ “ਹਰਮਨ ਰੇਡੀਓ” ਵੱਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ ।