ਹਿਮਾਚਲ ਪ੍ਰਦੇਸ਼ ਦੇ ਪਿੰਡ ਅੰਦਰੇਟਾ ਵਿਖੇ ਨਾਮਵਰ ਚਿੱਤਰਕਾਰ ਸੋਭਾ ਸਿੰਘ ਦੀ ਆਰਟ ਗੈਲਰੀ ਨੂੰ ਭਾਵੇਂ ਹਾਲੇ ਵਿਸ਼ਵ ਵਿਰਾਸਤ ਦਾ ਦਰਜਾ ਤਾਂ ਨਹੀਂ ਮਿਲਿਆ, ਪਰ ਕਲਾ ਜਗਤ ਵਿਚ ਉਨ੍ਹਾਂ ਦੇ ਚਿੱਤਰਾਂ ਦੀ ਬੜੀ ਮਹਤੱਤਾ ਅਤੇ ਪ੍ਰਸਿੱਧੀ ਹੈ। ਪਿਛਲੇ ਸਾਲ ਨਿਊ ਯਾਰਕ (ਅਮਰੀਕਾ) ਵਿਖੇ ਉਨ੍ਹਾਂ ਦੇ ਜਾਦੂਈ ਬੁਰਸ਼ ਤੋਂ ਬਣਿਆ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਚਿੱਤਰ ਇੱਕ ਕਰੋੜ ਚਾਰ ਹਜ਼ਾਰ ਰੁਪਏ ਵਿਚ ਵਿਕਿਆ ਸੀ।ਅੰਦਰੇਟਾ ਸਥਿਤ ਆਰਟ ਗੈਲਰੀ ਦੀਆਂ ਦੀਵਾਰਾਂ ਅਨੇਕਾਂ ਹੀ ਅਜੇਹੇ ਬਹੁਮੁੱਲੇ ਚਿਤਰ ਪਰਦਰਸ਼ਤ ਹਨ।
ਪਿਛਲੇ ਦਿਨੀਂ ਚਿੱਤਰਕਾਰ ਦੇ ਇੰਗਲੈਂਡ ਰਹਿਦੇ ਪ੍ਰਸੰਸਕ ਕਲਾ-ਪ੍ਰੇਮੀਆਂ ਤੇ ਪਰਿਵਾਰ ਨੇ ਤਾਲ ਮੇਲ ਕਰ ਕੇ ਕੌਮਾਂਤਰੀ ਪ੍ਰਸਿੱਧੀ ਵਾਲੇ ਦੋ ਬਰਤਾਨਵੀ ਮਾਹਰਾਂ ਦੀ ਮੱਦਦ ਨਾਲ ਇਨ੍ਹਾਂ ਚਿੱਤਰਾਂ ਦੀ ਪੁਰਾਨੀ ਸ਼ਾਨ ਬਹਾਲ ਕਰ ਦਿਤੀ ਹੈ। ਇਸ ਸਾਰੇ ਕਾਰਜ ਲਈ ਇਨ੍ਹਾਂ ਦੋ ਮਾਹਰਾਂ ਦੇ ਇੰਗਲੈਂਡ ਤੋਂ ਅੰਦਰੇਟਾ ਆ ਕੇ 15 ਦਿਨ ਕੰਮ ਕਰਨ ਦਾ ਸਾਰਾ ਖਰਚਾ ਇੰਗਲੈਂਡ ਵਿਚ ਰਹਿੰਦੇ ਕਲਾ-ਪ੍ਰੇਮੀਆਂ ਨੇ ਕੀਤਾ ਹੈ।
ਜ਼ਿਲਾ ਕਾਂਗੜਾ ਦੀ ਧਰਮਸ਼ਾਲਾ-ਪਾਲਮਪੁਰ ਵਾਦੀ ਵਿਚ ਜਿਥੇ ਅੰਦਰੇਟਾ ਪਿੰਡ ਵਸਿਆ ਹੋਇਆ ਹੈ, ਬਾਰਿਸ਼ ਬਹੁਤ ਹੁੰਦੀ ਹੈ। ਇਸ ਕਾਰਨ ਵਾਤਾਵਰਣ ਵਿਚ ਕਾਫੀ ਸਿਲ੍ਹ (ਨਮੀ) ਰਹਿੰਦੀ ਹੈ, ਜਿਸ ਨਾਲ ਤੇਲ ਰੰਗਾਂ ਵਿਚ ਬਣੇ ਚਿੱਤਰਾਂ ਵਿਚ ਤ੍ਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ।ਚਿੱਤਰਕਾਰ ਸੋਭਾ ਸਿੰਘ ਆਪਣੇ ਪੁਰਾਨੇ ਚਿਤਰਾਂ ‘ਤੇ ਵੀ ਅਕਸਰ ਕੰਮ ਕਰਦੇ ਰਹਿੰਦੇ ਸਨ, ਉਹ 22 ਅਗੱਸਤ 1986 ਨੂੰ ਅਕਾਲ ਚਲਾਣਾ ਕਰ ਗਏ।ਦਸ ਬਾਰਾਂ ਸਾਲ ਪਹਿਲਾਂ ਚਿੱਤਰਕਾਰ ਦੇ ਪਰਿਵਾਰ ਨੇ ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਲੀ ਤੋਂ ਬੁਲਾ ਕੇ ਸਾਰੇ ਚਿੱਤਰਾਂ ਦੀ ਸਾਂਭ ਸੰਭਾਲ ਬਾਰੇ ਮਾਹਰਾਨਾ ਰਾਏ ਲਈ ਸੀ, ਉਨ੍ਹਾਂ ਨੇ ਚਿੱਤਰਾਂ ਨੂੰ ਨਮੀ ਤੇ ਮਿੱਟੀ ਘਟੇ ਤੋਂ ਬਚਾਕੇ ਰਖਣ ਦਾ ਸੁਝਾਅ ਦਿਤਾ ਸੀ, ਜਿਸ ਪਿਛੋਂ ਕਲਾ ਪ੍ਰੇਮੀਆਂ ਨੂੰ ਗੈਲਰੀ ਦੇਖਣ ਤੋਂ ਪਹਿਲਾਂ ਅਪਣੇ ਜੋੜੇ ਬਾਹਰ ਉਤਾਰਨ ਲਈ ਆਖਿਆ ਜਾਣ ਲਗਾ।ਪਿਛਲੇ ਸਮੇਂ ਵਿਚ ਭਗਵਾਨ ਕ੍ਰਿਸ਼ਨ, ਅੰਮ੍ਰਿਤਾ ਪ੍ਰੀਤਮ, ਇਕ ਡੋਗਰਾ ਫੌਜੀ ਜਰਨੈਲ, ਸਪੇਰਨ ਸਮੇਤ ਛੇ ਚਿਤਰਾਂ ਦੇ ਰੰਗਾਂ ਵਿਚ ਕਾਫੀ ਤ੍ਰੇੜਾਂ ਆ ਗਈਆਂ ਸਨ।
ਚਿਤਰਕਾਰ ਸੋਭਾ ਸਿੰਘ ਸਾਲ 1972 ਦੌਰਾਨ ਤਿੰਨ ਕੁ ਮਹੀਨੇ ਲਈ ਅਪਣੀ ਬੇਟੀ ਨਾਲ ਇੰਗਲੈਂਡ ਗਏ ਸਨ ਅਤੇ ਉਥੇ ਅਪਣੇ ਚਿੱਤਰਾ ਦੀ ਨੁਮਾਇਸ਼ ਵੀ ਲਗਾਈ ਸੀ ਜਿਸ ਕਾਰਨ ਅਨੇਕਾਂ ਕਲਾ-ਪ੍ਰੇਮੀ ਉਨ੍ਹਾਂ ਦੀ ਕਲਾ ਦੇ ਪ੍ਰਸੰਸਕ ਬਣ ਗਏ ਸਨ।ਤਿੰਨ ਕੁ ਮਹੀਨੇ ਪਹਿਲਾਂ ਇੰਗਲੈਂਡ ਤੋਂ ਪ੍ਰਸਿਧ ਚਿੱਤਰਕਾਰ ਬੀਬੀ ਭਜਨ ਹੂੰਜਨ ਅੰਦਰੇਟਾ ਵਿਖੇ ਆਰਟ ਗੈਲਰੀ ਦੇਖਣ ਆਏ ਤਾਂ ਇਨ੍ਹਾਂ ਚਿੱਤਰਾਂ ਦੇ ਰੰਗਾਂ ਵਿਚ ਤ੍ਰੇੜਾ ਦੇਖ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਚਿੱਤਰਕਾਰ ਦੀ ਬੇਟੀ ਬੀਬੀ ਗੁਰਚਰਨ ਕੌਰ ਤੇ ਦੋਹਤੇ ਡਾ. ਹਿਰਦੇਪਾਲ ਸਿੰਘ, ਜੋ ਅਪਣੇ ਪਰਿਵਾਰ ਸਮੇਤ ਆਰਟ ਗੈਲਰੀ ਦੀ ਦੇਖ ਭਾਲ ਕਰ ਰਹੇ ਹਨ, ਨਾਲ ਵਿਚਾਰ ਵਿਟਾਂਦਰਾ ਕਰਕੇ ਇੰਗਲੈਂਡ ਤੋਂ ਸਬੰਧਤ ਮਾਹਰਾਂ ਨੂੰ ਇਥੇ ਲਿਆ ਕੇ ਇਨ੍ਹਾਂ ਚਿੱਤਰਾਂ ਦੀ ਪੁਰਾਨੀ ਸ਼ਾਨ ਬਹਾਲ ਕਰਨ ਬਾਰੇ ਪ੍ਰੋਗਰਾਮ ਬਣਾਇਆ। ਇੰਗਲੈਂਡ ਵਾਪਸ ਪਰਤ ਕੇ ਚਿਤਰਕਾਰ ਹੂੰਜਨ ਨੇ ਯਾਰਕਸ਼ਾਇਰ ਮਿਊਜ਼ੀਅਮ ਵਿਚ ਕੰਮ ਕਰਦੇ ਇਆਨ ਬਰਾਂਡ ਨਾਲ ਗਲਬਾਤ ਕੀਤੀ। ਮਿਸਟਰ ਬਰਾਂਡ ਪਿਛਲੇ 35 ਸਾਲਾਂ ਤੋਂ ਇੰਗਲੈਂਡ ਦੇ ਪ੍ਰਮੁੱਖ ਅਜਾਇਬ ਘਰਾਂ ਤੇ ਆਰਟ-ਗੈਲਰੀਆਂ ਵਿਚ ਪੁਰਾਤਨ ਚਿੱਤਰਾ ਦੀ ਅਸਲੀ ਸ਼ਾਨ ਬਹਾਲ ਕਰਨ ਦਾ ਕੰਮ ਕਰ ਰਹੇ ਹਨ। ਕਲਾ-ਪ੍ਰੇਮੀਆਂ ਦੇ ਸਹਿਯੋਗ ਨਾਲ ਉਹ ਦੋਵੇਂ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਉਤਰੇ ਤੇ ਸ੍ਰੀ ਹਰਿੰਮਦਰ ਸਾਹਿਬ ਨਤਮਸਤਕ ਹੋ ਕੇ ਅੰਦਰੇਟੇ ਪਹੁੰਚ ਗਏ।ਇੱਥੇ ਸਬੰਧਤ ਚਿੱਤਰਾਂ ਦੀ ਪੁਰਾਨੀ ਸ਼ਾਨ ਬਹਾਲ ਕਰਨ ਦਾ ਕਾਰਜ ਪੂਰਾ ਕਰਕੇ ਦੋ ਹਫ਼ਤੇ ਬਾਅਦ ਵਾਪਸ ਇੰਗਲੈਂਡ ਗਏ ਹਨ। ਇਸ ਕਲਾਤਮਿਕ ਕਾਰਜ ਦੇ ਸਾਰੇ ਖਰਚ ਦੀ ਸੇਵਾ ਇੰਗਲੈਂਡ ਸਥਿਤ ਚਿਤਰਕਾਰ ਸੋਭਾ ਸਿੰਘ ਦੀ ਕਲਾ ਦੇ ਪ੍ਰਸੰਸਕਾਂ ਨੇ ਕੀਤੀ ਹੈ।
ਇਨ੍ਹਾਂ ਦੋਵਾਂ ਮਾਹਰਾਂ ਨੇ ਚਿੱਤਰਕਾਰ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਾਰੇ ਚਿੱਤਰਾਂ ਨੂੰ ਨਮੀ ਤੋਂ ਬਚਾਓ ਲਈ ਕਈ ਸੁਝਾਅ ਦਿਤੇ ਅਤੇ ਗੈਲਰੀ ਦੀਆਂ ਦੀਵਾਰਾਂ ਉਤੇ ਚਿੱਤਰਾਂ ਨੂੰ ਇਕ ਖਾਸ ਤਰਤੀਬ ਤੇ ਅੰਦਾਜ਼ ਵਿਚ ਲਗਾਉਣ, ਗੈਲਰੀ ਦੀ ਇਮਾਰਤ ਵਿਚ ਕੁਝ ਤਬਦੀਲੀਆਂ ਕਰਨ ਦੇ ਵੀ ਸੁਝਾਅ ਦਿਤੇ ਹਨ।ਉਨਹਾਂ ਇਹ ਵੀ ਸਲਾਹ ਦਿਤੀ ਕਿ ਸਾਰੇ ਚਿੱਤਰ ਇਕੋ ਵਾਰੀ ਆਰਟ ਗੈਲਰੀ ਵਿਚ ਨਾ ਲਗਾਏ ਜਾਣ, ਸਗੋਂ ਚਿੱਤਰਾਂ ਨੂੰ ਵੀ ਵਾਰੀ ਵਾਰੀ “ਆਰਾਮ” ਕਰਵਾਉਣਾ ਚਾਹੀਦਾ ਹੈ ਤੇ ਉਤਾਰ ਕੈ ਰਖਣਾ ਚਾਹੀਦਾ ਹੈ। ਮਿਸਟਰ ਬਰਾਂਡ ਨੇ ਚਿਤਰਕਾਰ ਸੋਭਾ ਸਿੰਘ ਦੀ ਕਲਾ ਦੀ ਬਾਰੀਕੀ, ਉਚਤਾ ਤੇ ਨਿਪੁੰਨਤਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ, ਭਗਵਾਨ ਸ੍ਰੀ ਕਰਿਸ਼ਨ, ਭਗਵਾਨ ਸ੍ਰੀ ਰਾਮ ਚੰਦਰ, ਭਗਵਾਨ ਈਸਾ ਮਸੀਹ ਵਰਗੇ ਧਾਰਮਿਕ ਮਹਾਂ-ਪੁਰਸ਼ਾਂ ਦੇ ਚਿਹਰਿਆਂ ਤੋਂ ਇਕ ਰੂਹਾਨੀ ਨੂਰ ਝਲਕਦਾ ਹੈ। ਇਕ ਵਿਸੇਸ਼ ਵਿਦਾੲਗੀ ਸਮਾਗਮ ਦੌਰਾਨ ਸ. ਸੋਭਾ ਸਿੰਘ ਮੈਮੋਰੀਅਲ ਸੁਸਾਇਟੀ ਵਲੋਂ ਦੋਨੋ ਮਾਹਰਾਂ ਦਾ ਸਨਮਾਨ ਕੀਤਾ ਗਿਆ ਅਤੇ ਇੰਗਲੈਂਡ ਸਥਿਤ ਦਾਨੀ ਕਲਾ-ਪ੍ਰੇਮੀਆਂ ਦਾ ਇਸ ਸਾਰੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਹਾਰਦਿਕ ਧੰਨਵਾਦ ਕੀਤਾ ਗਿਆ।