ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਪਿੱਛਲੇ ਕੁਝ ਅਰਸੇ ਤੋਂ ਰਾਸ਼ਟਰਪਤੀ ਦੇ ਖਿਲਾਫ਼ ਕਾਰਵਾਈ ਨਾਂ ਕਰਨ ਕਰਕੇ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਪਰ ਉਨ੍ਹਾਂ ਨੇ ਇਹ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਕੋਈ ਵੀ ਗੈਰ ਸੰਵਿਧਾਨਿਕ ਤੌਰ ਤੇ ਉਨ੍ਹਾਂ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਤੋਂ ਨਹੀਂ ਹਟਾ ਸਕਦਾ। ਉਹ ਸੁਪਰੀਮ ਕੋਰਟ ਵਿੱਚ ਆਪਣੇ ਵਿਰੁੱਧ ਚੱਲ ਰਹੇ ਕੇਸ ਦੀ ਨਿਰਪੱਖ ਸੁਣਵਾਈ ਲਈ ਸਾਰੇ ਯਤਨ ਕਰਨਗੇ।
ਸੁਪਰੀਮ ਕੋਰਟ ਵੱਲੋਂ ਇਹ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ ਕਿ ਸਜ਼ਾ ਤੋਂ ਬਾਅਦ ਗਿਲਾਨੀ ਨੂੰ ਪੰਜ ਸਾਲ ਲਈ ਅਯੋਗ ਠਹਿਰਾਇਆ ਜਾ ਸਕਦਾ ਹੈ। ਗਿਲਾਨੀ ਦਾ ਮਾਮਲਾ ਇਸ ਸਮੇਂ ਨੈਸ਼ਨਲ ਅਸੈਂਬਲੀ ਦੇ ਸਪੀਕਰ ਦੇ ਕੋਲ ਜਾਵੇਗਾ। ਸਪੀਕਰ ਜੇ ਠੀਕ ਸਮਝੇਗਾ ਤਾਂ ਇਹ ਕੇਸ ਮੁੱਖ ਚੋਣ ਕਮਿਸ਼ਨ ਦੇ ਕੋਲ ਭੇਜ ਦੇਵੇਗਾ ਅਤੇ ਫਿਰ ਸੀਈਸੀ ਗਿਲਾਨੀ ਦੀ ਕਿਸਮਤ ਦਾ ਫੈਸਲਾ ਕਰੇਗਾ। ਗਿਲਾਨੀ ਨੇ ਕਿਹਾ ਕਿ ਪ੍ਰਧਾਨਮੰਤਰੀ ਨੂੰ ਹਟਾਉਣ ਦੀ ਧਾਰਾ ਦਾ ਸੰਵਿਧਾਨ ਵਿੱਚ ਸਪੱਸ਼ਟ ਰੂਪ ਵਿੱਚ ਵਰਨਣ ਕੀਤਾ ਗਿਆ ਹੈ, ਇਸ ਲਈ ਕੋਈ ਵੀ ਗੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਨੂੰ ਅਹੁਦੇ ਤੋਂ ਨਹੀਂ ਹਟਾ ਸਕਦਾ। ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਉਨ੍ਹਾਂ ਕੋਲ ਅਪੀਲ ਕਰਨ ਦਾ ਅਧਿਕਾਰ ਹੈ। ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਫੈਸਲੇ ਸੰਵਿਧਾਨ ਦੇ ਤਹਿਤ ਹੀ ਕੀਤੇ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਗਿਲਾਨੀ ਅਹੁਦਾ ਨਾਂ ਛੱਡਣ ਦੇ ਆਪਣੇ ਸਟੈਂਡ ਤੇ ਕਾਇਮ ਹਨ।