ਅੰਮ੍ਰਿਤਸਰ: – ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੁੱਧ ਬੋਲਣ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਆਪਣੇ ਗਿਰੇਬਾਨ ਵੱਲ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ। ਕਈ ਵਾਰ ਵਿਅਕਤੀ ਦੀਵੇ ਥੱਲੇ ਹਨੇਰੇ ਵਾਲੀ ਗੱਲ ਵਾਂਗ ਕੇਵਲ ਆਪਣਾ ਨਾਮ ਚਮਕਾਉਣ ਦੀ ਖਾਤਰ ਹੀ ਉਹ ਕੁਝ ਲਿਖ ਬੈਠਦਾ ਹੈ ਜਿਸ ਦਾ ਅੰਦਾਜਾ ਉਸ ਨੂੰ ਖੁਦ ਨੂੰ ਵੀ ਨਹੀਂ ਹੁੰਦਾ ਕਿ ਮੈਂ ਕੀ ਲਿਖ ਰਿਹਾ ਹਾਂ ਤੇ ਕਿਸਦੇ ਖਿਲਾਫ ਲਿਖ ਰਿਹਾ ਹਾਂ ਜਾਂ ਫਿਰ ਜੋ ਮੈ ਲਿਖ ਰਿਹਾ ਹਾਂ ਉਸ ਨੂੰ ਸੰਗਤ ਸਵੀਕਾਰ ਵੀ ਕਰੇਗੀ? ਜਾਂ ਉਸ ਵਿਅਕਤੀ ਨੂੰ ਇਹ ਵੀ ਪਤਾ ਨਹੀ ਹੁੰਦਾ ਹੈ ਕਿ ਜੋ ਮੈ ਲਿਖ ਰਿਹਾ ਹਾਂ ਇਹ ਕੇਵਲ ਆਪਣੇ ਵਿਅਕਤੀਗਤ ਵਿਚਾਰ ਹਨ। ਇਹਨਾਂ ਵਿਚਾਰਾਂ ਨੂੰ ਏਸ ਢੰਗ ਨਾਲ ਸਿੱਖ ਸੰਗਤਾਂ ‘ਚ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ ਘਿਨਾਉਣੀ ਹਰਕਤ ਹੈ। ਹਰੇਕ ਲੇਖਕ ਦੀ ਆਪਣੀ ਇਕ ਸੀਮਾਂ ਹੁੰਦੀ ਹੈ ਤੇ ਜਦੋਂ ਕਿਸੇ ਦੀਆਂ ਭਾਵਨਾਵਾਂ ਨੂੰ ਜਖਮੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਫਿਰ ਠੇਡਾ ਲਗਣਾ ਸੁਭਾਵਿਕ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਕਿਹਾ ਕਿ ਪੰਜਾਬੀ ਅਖਬਾਰ ਦੇ ਪੱਤਰਕਾਰ ਨੂੰ ਇਹ ਨਹੀਂ ਪਤਾ ਕਿ ਅਥਾਹ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸੰਸਥਾ ਪ੍ਰਤੀ ਜੋ ਕੁਝ ਭਾਵਨਾਤਮਕ ਲਿਖ ਰਿਹਾ ਹੈ ਉਹ ਉਸ ਦੇ ਅਧਿਕਾਰ ਖੇਤਰ ‘ਚ ਆਉਂਦਾ ਵੀ ਹੈ ਪੱਤਰਕਾਰ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਘਰ ਦੇ ਪਰਿਵਾਰ ‘ਚ ਵੀ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਰਹਿੰਦੀ ਹੈ ਕੋਈ ਵੀ ਵਿਅਕਤੀ ਸੋਲਾਂ ਕਲਾਂ ਸੰਪੂਰਨ ਨਹੀਂ ਹੁੰਦਾ। ਨਿਆਸਰਿਆਂ ਦਾ ਆਸਰਾ ਮੰਨੀ ਜਾਂਦੀ ਇਸ ਸੰਗਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ‘ਚ ਗੁਰਦੁਆਰਾ ਦੂਖ ਨਿਵਾਰਨ ਦੇ ਅਧਿਕਾਰੀਆਂ ਪ੍ਰਤੀ ਜੋ ਤੀਸਰੇ ਦਰਜੇ ਦੀ ਭਾਸ਼ਾ ਦਾ ਇਸਤੇਮਾਲ ਆਪਣੀ ਲਿਖਤ ‘ਚ ਪੱਤਰਕਾਰ ਨੇ ਕੀਤਾ ਹੈ ਇਹ ਉਸ ਦੀ ਬਿਮਾਰ ਮਾਨਸਿਕਤਾ ਤੋਂ ਵੱਧ ਹੋਰ ਕੁਝ ਵੀ ਨਹੀਂ।
ਸ. ਦਲਮੇਘ ਸਿੰਘ ਖੱਟੜਾ ਨੇ ਕਿਹਾ ਕਿ ਇੱਕ ਅਖਬਾਰ ‘ਚ ਛਪੀ ਖ਼ਬਰ ਨੂੰ ਉਹ ਪੂਰੀ ਗੰਭੀਰਤਾ ਨਾਲ ਲੈ ਰਹੇ ਹਨ ਤੇ ਇਸ ਖਬਰ ਬਾਰੇ ਕਾਨੂੰਨੀ ਮਾਹਰਾ ਨਾਲ ਸਲਾਹ ਮਸ਼ਵਰੇ ਉਪਰੰਤ ਜਲਦੀ ਹੀ ਇਸ ਪੱਤਰਕਾਰ ਅਤੇ ਅਖਬਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਮੁਲਾਜਮ ਦਾ ਸਵਾਲ ਹੈ ਦਰਜਾ ਬਾ-ਦਰਜਾ ਹਰੇਕ ਵਿਅਕਤੀ ਨੂੰ ਇਸ ਅਦਾਰੇ ਵਿੱਚ ਸੇਵਾ ਕਰਨੀ ਹੀ ਪੈਂਦੀ ਹੈ, ਮੁਲਾਜਮ ਦੀ ਯੋਗਤਾ ਅਨੁਸਾਰ ਉਸ ਨੂੰ ਬਣਦੀ ਤਨਖਾਹ ਸਮੇਂ-ਸਮੇਂ ਅਨੁਸਾਰ ਲਗੇ ਵਾਧੇ ਮੁਤਾਬਿਕ ਹੀ ਮਿਲਦੀ ਹੈ। ਉਹਨਾਂ ਕਿਹਾ ਕਿ ਜਿਸ ਵਿਅਕਤੀ ਦੀ ਤਸਵੀਰ ਪੱਤਰਕਾਰ ਵੱਲੋਂ ਖ਼ਬਰ ਦੇ ਨਾਲ ਅਖਬਾਰ ਵਿੱਚ ਪ੍ਰਕਾਸ਼ਤ ਕੀਤੀ ਹੈ, ਉਹ ਵਿਅਕਤੀ ਸਾਡਾ ਮੁਲਾਜ਼ਮ ਹੀ ਨਹੀ ਤੇ ਜਿਥੋਂ ਤੀਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮਖਾਣਿਆਂ ਦੇ ਪ੍ਰਸ਼ਾਦਿ ਵਿੱਚੋਂ ਜੁੱਤੀ ਵਾਲੀਆਂ ਮੇਖਾਂ ਨਿਕਲਣ ਬਾਰੇ ਲਿਖਿਆ ਹੈ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਕੇਵਲ ਕੜਾਹਿ ਪ੍ਰਸ਼ਾਦਿ ਦੀ ਦੇਗ ਹੀ ਵਰਤਾਈ ਜਾਂਦੀ ਹੈ, ਮਖਾਣਿਆਂ ਦੀ ਖ੍ਰੀਦ ਹੀ ਨਹੀ ਕੀਤੀ ਜਾਂਦੀ।