ਚੰਡੀਗੜ੍ਹ- ਕੇਂਦਰ ਦੇ ਗਰਾਮੀਣ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੋਂ 2000 ਹਜ਼ਾਰ ਕਰੋੜ ਰੁਪੈ ਦੇ ਦੁਰਉਪਯੋਗ ਦਾ ਹਿਸਾਬ ਲਿਆ ਜਾਵੇਗਾ। ਪਿੱਛਲੇ ਕੁਝ ਅਰਸੇ ਤੋਂ ਕਾਂਗਰਸੀ ਨੇਤਾ ਬਾਦਲ ਸਰਕਾਰ ਤੇ ਇਹ ਅਰੋਪ ਲਗਾਉਂਦੇ ਆ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਮਿਲੇ ਧੰਨ ਦੀ ਵਰਤੋਂ ਗਲਤ ਢੰਗ ਨਾਲ ਕੀਤੀ ਗਈ ਹੈ।
ਕੇਂਦਰ ਸਰਕਾਰ ਦੇ ਮੰਤਰੀ ਜੈਰਾਮ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ ਵੱਖ-ਵੱਖ ਰਾਜਾਂ ਨੂੰ ਭੇਜੀ ਜਾਣ ਵਾਲੀ ਧੰਨ ਰਾਸ਼ੀ ਦੇ ਦੁਰਉਪਯੋਗ ਦੀ ਜਾਂਚ ਕੈਗ ਤੋਂ ਕਰਵਾਈ ਜਾਵੇਗੀ। ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਕੇਂਦਰੀ ਯੋਜਨਾਵਾਂ ਲਈ ਦਿੱਤੇ ਗਏ ਧੰਨ ਦੀ ਗਲਤ ਵਰਤੋਂ ਕੀਤੇ ਜਾਣ ਸਬੰਧੀ ਰਾਜ ਸਰਕਾਰ ਦੇ ਖਿਲਾਫ਼ ਕੇਂਦਰ ਸਿੱਧੇ ਸੀਬੀਆਈ ਜਾਂਚ ਨਹੀਂ ਕਰਵਾ ਸਕਦਾ। ਇਸ ਲਈ ਰਾਜ ਸਰਕਾਰ ਦੀ ਮਨਜੂਰੀ ਅਤੇ ਕੋਰਟ ਦੇ ਆਦੇਸ਼ ਜਰੂਰੀ ਹਨ। ਜਿਆਦਾਤਰ ਰਾਜ ਸਰਕਾਰਾਂ ਇਸ ਦੀ ਮਨਜੂਰੀ ਨਹੀਂ ਦਿੰਦੀਆਂ। ਉਨ੍ਹਾਂ ਨੇ ਕਿਹਾ ਕਿ ਵਿੱਤਮੰਤਰੀ ਢੀਂਢਸਾ ਦੇ ਉਸ ਦਾਅਵੇ ਤੇ ਮੁੱਖਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਨਰੇਗਾ ਸਮੇਤ ਵੱਖ-ਵੱਖ ਯੋਜਨਾਵਾਂ ਦੇ ਤਹਿਤ ਕੇਂਦਰ ਤੋਂ ਮਿਲੀ 2000 ਹਜ਼ਾਰ ਕਰੋੜ ਦੀ ਰਕਮ ਦੀ ਮਿਸ ਮੈਨਿਜਮੈਂਟ ਹੋਈ ਹੈ।
ਜੈਰਾਮ ਨੇ ਕਿਹਾ ਕਿ ਕੇਂਦਰ ਦਾ ਕੰਮ ਯੋਜਨਾਵਾਂ ਦੇ ਤਹਿਤ ਪੈਸਾ ਦੇਣਾ ਹੈ। ਉਸ ਨੂੰ ਖਰਚ ਕਰਨ ਦਾ ਕੰਮ ਰਾਜ ਸਰਕਾਰ ਦਾ ਹੁੰਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁੱਖਮੰਤਰੀ ਨੇ ਸਾਰੇ ਦਲਾਂ ਦੇ ਵਿਧਾਇਕਾਂ ਨੂੰ ਨਰੇਗਾ ਅਤੇ ਕੇਂਦਰ ਦੀਆਂ ਹੋਰ ਯੋਜਨਾਵਾਂ ਸਬੰਧੀ ਜਾਣਕਾਰੀ ਦੇਣ ਲਈ ਉਨ੍ਹਾਂ ਨੂੰ ਸਪੈਸ਼ਲ ਬੁਲਾਇਆ ਹੈ। ਉਨ੍ਹਾਂ ਨੇ ਇਹ ਖੁਲਾਸਾ ਕੀਤਾ ਕਿ ਕੇਂਦਰੀ ਯੋਜਨਾਵਾਂ ਦਾ ਲਾਭ ਜਿਆਦਾਤਰ ਲੋਕਾਂ ਨੂੰ ਨਹੀਂ ਮਿਲ ਰਿਹਾ।