ਨਵੀਂ ਦਿੱਲੀ- ਪੰਜਾਬ ਲਈ ਸਾਲ 2012-13 ਦੀ ਯੋਜਨਾ ਨਿਰਧਾਰਿਤ ਕਰ ਦਿੱਤੀ ਗਈ ਹੈ। ਨਵੀਂ ਦਿੱਲੀ ਵਿੱਚ ਯੋਜਨਾ ਕਮਿਸ਼ਨ ਦੇ ਪ੍ਰਧਾਨ ਸ: ਮੋਨਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਦੇ ਮੁੱਖਮੰਤਰੀ ਸ; ਪਰਕਾਸ਼ ਸਿੰਘ ਬਾਦਲ ਦਰਮਿਆਨ ਹੋਈ ਬੈਠਕ ਵਿੱਚ ਰਾਜ ਦੀ ਯੋਜਨਾ 14,000 ਕਰੋੜ ਰੁਪੈ ਰੱਖਣ ਤੇ ਸਹਿਮਤੀ ਹੋ ਗਈ ਹੈ।
ਮੋਨਟੇਕ ਸਿੰਘ ਆਹਲੂਵਾਲੀਆ ਨੇ ਰਾਜ ਵਿੱਚ ਜਨਤਾ ਦੀ ਸਿਹਤ ਅਤੇ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਸਬੰਧੀ ਕੋਸ਼ਿਸ਼ਾਂ ਦੀ ਸਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰਾ ਧਿਆਨ ਸਿੱਖਿਆ ਅਤੇ ਸਿਹਤ ਸਬੰਧੀ ਗੁਣਵਤਾ ਨੂੰ ਸੁਧਾਰਨ ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਰਾਜ ਵਿੱਚ ਪਾਣੀ ਦੇ ਡਿੱਗ ਰਹੇ ਲੈਵਲ, ਪੀਣ ਵਾਲੇ ਪਾਣੀ ਦੀ ਕਵਾਲਟੀ ਸੁਧਾਰਨ ਅਤੇ ਪਾਣੀ ਦੀ ਸਪਲਾਈ ਅਤੇ ਪਿੰਡਾਂ ਦੇ ਛੱਪੜਾਂ ਦੀ ਸਾਫ਼ ਸਫਾਈ ਵੱਲ ਧਿਆਨ ਦੇਣ ਦੀ ਗੱਲ ਵੀ ਜੋਰ ਦੇ ਕੇ ਕਹੀ। ਯੋਜਨਾ ਕਮਿਸ਼ਨ ਨੇ ਪੰਜਾਬ ਦੀ ਸਥਿਤੀ ਦਾ ਜਾਇਜਾ ਲੈਣ ਲਈ ਇੱਕ ਸਪੈਸ਼ਲ ਦੱਲ ਭੇਜਣ ਦਾ ਵੀ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ ਕਿ ਜਲ ਸਰੋਤਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ ਸਬੰਧੀ ਕਾਨੂੰਨ ਬਣਾਉਣ ਵਰਗੇ ਕਦਮ ਉਠਾਏ ਜਾਣ। ਰਾਜ ਸਰਕਾਰ ਦਾ ਧਿਆਨ ਨਸਿ਼ਆਂ ਤੇ ਰੋਕਥਾਮ ਲਗਾਉਣ ਵੱਲ ਵੀ ਦਿਵਾਇਆ ਗਿਆ। ਇਹ ਵੀ ਕਿਹਾ ਗਿਆ ਕਿ ਕੇਂਦਰ ਵੱਲੋਂ ਮਿਲੀ ਧੰਨ ਰਾਸ਼ੀ ਨੂੰ ਹੋਰ ਪਾਸੇ ਖਰਚ ਨਾਂ ਕੀਤਾ ਜਾਵੇ।
ਮੁੱਖਮੰਤਰੀ ਬਾਦਲ ਨੇ ਕਿਹਾ ਕਿ ਰਾਜ ਦੀ ਸਾਲਾਨਾ ਯੋਜਨਾ -2012-13 ਦਾ ਪੂਰਾ ਜੋਰ ਬਿਜਲੀ, ਸੜਕਾਂ, ਗਰਾਮੀਣ ਪੇਅਜੱਲ ਸਪਲਾਈ ਅਤੇ ਸਫ਼ਾਈ, ਜੱਲ ਮੱਲ ਨਿਕਾਸੀ ਅਤੇ ਸਿਹਤ ਸਬੰਧੀ ਸੇਵਾਵਾਂ ਦੇ ਸੁਧਾਰ ਤੇ ਹੋਵੇਗਾ। ਜਨ ਕਲਿਆਣ ਯੋਜਨਾਵਾਂ ਦਾ ਸਰਕਲ ਵਧਾ ਦਿੱਤਾ ਗਿਆ ਹੈ। ਯੋਜਨਾ ਆਯੋਗ ਨੇ ਸੀਮਾਵਰਤੀ ਜਿਲ੍ਹਿਆਂ ਵਿੱਚ ਵਿਕਾਸ ਕੇਂਦਰਾਂ ਨੂੰ ਮਜਬੂਤ ਕਰਨ ਤੇ ਜੋਰ ਦਿੱਤਾ ਹੈ। ਇਹ ਕੇਂਦਰ ਨੌਜਵਾਨਾਂ ਨੂੰ ਟਰੇਨਿੰਗ ਦੇਣਗੇ ਅਤੇ ਉਦਯੋਗੀਕਰਣ ਅਤੇ ਰੁਜ਼ਗਾਰ ਵਧਾਉਣ ਵਿੱਚ ਸਹਾਇਕ ਹੋਣਗੇ। ਰਾਜ ਵਿੱਚ ਮਾਲਵਾ ਖੇਤਰ ਵਿੱਚ ਕੈਂਸਰ ਨਾਲ ਜਿਆਦਾ ਮੌਤਾਂ ਹੋਣ ਕਰਕੇ ਪੰਜਾਬ ਵਿੱਚ ਕੈਂਸਰ ਹਸਪਤਾਲ ਸਥਾਪਿਤ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ।