ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਲਿਖਤੀ ਰੂਪ ਵਿੱਚ ਪਾਰਟੀ ਹਾਈਕਮਾਨ ਨੂੰ ਦੇ ਦਿੱਤਾ ਹੈ।
ਕਾਂਗਰਸ ਪਾਰਟੀ ਦੇ ਹੈਡ ਕਵਾਟਰ ਵਿੱਚ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਰਚ ਵਿੱਚ ਹੋਈ ਮੱਤਗਣਨਾ ਦੇ ਤੁਰੰਤ ਬਾਅਦ ਹੀ ਉਹ ਦਿੱਲੀ ਗਏ ਸਨ ਅਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ। ਉਨ੍ਹਾਂ ਨੇ ਦਸਿਆ ਕਿ ਅਸਤੀਫ਼ਾ ਦਿੰਦੇ ਸਮੇਂ ਸੋਨੀਆ ਨੂੰ ਜੂਨ ਵਿੱਚ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਤੋਂ ਵੀ ਜਾਣੂੰ ਕਰਵਾਇਆ ਸੀ। ਸੋਨੀਆ ਨੇ ਕਿਹਾ ਸੀ ਕਿ ਇਸ ਸਬੰਧੀ ਕਾਰਵਾਈ ਬਾਰੇ ਉਨ੍ਹਾਂ ਨੂੰ ਬਾਅਦ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ। ਹੁਣ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਨਗਰ ਨਿਗਮ ਦੀਆਂ ਚੋਣਾਂ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਗਿਆ ਹੈ। ਬਾਅਦ ਵਿੱਚ ਪਾਰਟੀ ਹਾਈ ਕਮਾਨ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਨੂੰ ਇਸ ਅਹੁਦੇ ਤੇ ਰੱਖਣਾ ਹੈ ਜਾਂ ਨਹੀਂ। ਕੈਪਟਨ ਨੇ ਕਿਹਾ ਕਿ ਪਾਰਟੀ ਜੋ ਵੀ ਫੈਸਲਾ ਕਰੇਗੀ ਉਨ੍ਹਾਂ ਨੂੰ ਸਵੀਕਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਪੂਰੀ ਤਰ੍ਹਾਂ ਨਾਲ ਇੱਕਮੁੱਠ ਹੈ ਅਤੇ ਪਾਰਟੀ ਦਾ ਕੋਈ ਵੀ ਨੇਤਾ ਜਾਂ ਵਰਕਰ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣ ਬਾਰੇ ਸੋਚ ਵੀ ਨਹੀਂ ਸਕਦਾ ਅਤੇ ਪਿੱਛਲੇ ਦਿਨੀੰ ਕੁਝ ਅਖ਼ਬਾਰਾਂ ਵਿੱਚ ਛੱਪੀਆਂ ਖ਼ਬਰਾਂ ਦਾ ਕੋਈ ਆਧਾਰ ਨਹੀਂ ਹੈ।