ਜੈਪੁਰ- ਗਜ਼ਲਾਂ ਦੇ ਬਾਦਸ਼ਾਹ ਮੇਂਹਦੀ ਹਸਨ ਦੀ ਸਿਹਤ ਇਨ੍ਹਾਂ ਦਿਨਾਂ ਵਿੱਚ ਬਹੁਤ ਹੀ ਖਰਾਬ ਚੱਲ ਰਹੀ ਹੈ। ਉਸ ਦਾ ਪਰੀਵਾਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਮੇਂਹਦੀ ਹਸਨ ਨੂੰ ਇਲਾਜ ਲਈ ਭਾਰਤ ਲਿਆਂਦਾ ਜਾਵੇ। ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ ਇਲਾਜ ਦਾ ਪੂਰਾ ਖਰਚ ਉਠਾਉਣ ਦੀ ਪੇਸ਼ਕਸ਼ ਕੀਤੀ ਹੈ।
ਮੇਂਹਦੀ ਹਸਨ ਇਸ ਸਮੇਂ ਪਾਕਿਸਤਾਨ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਦੇ ਪੁੱਤਰ ਮੁਹੰਮਦ ਆਰਿਫ਼ ਨੇ ਰਾਜਸਥਾਨ ਦੇ ਮੁੱਖਮੰਤਰੀ ਗਹਿਲੋਤ ਨਾਲ ਸੰਪਰਕ ਕਰਕੇ ਆਪਣੇ ਵਾਲਿਦ ਦੀ ਖਰਾਬ ਸਿਹਤ ਦੀ ਜਾਣਕਾਰੀ ਦਿੱਤੀ ਹੈ। ਆਰਿਫ਼ ਨੇ ਕਿਹਾ, “ਉਨ੍ਹਾਂ ਦੀ ਹਾਲਤ ਬਹੁਤ ਨਾਜੁਕ ਹੈ, ਉਨ੍ਹਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਹਨ। ਅਸੀਂ ਆਪਣੇ ਪਿਤਾ ਨੂੰ ਪਾਕਿਸਤਾਨ ਤੋਂ ਭਾਰਤ ਲਿਆਉਣਾ ਚਾਹੁੰਦੇ ਹਾਂ।” ਉਨ੍ਹਾਂ ਨੇ ਮੁੱਖਮੰਤਰੀ ਤੋਂ ਆਪਣੇ ਪਰੀਵਾਰ ਦੇ ਕੁਝ ਹੋਰ ਲੋਕਾਂ ਨੂੰ ਵੀਜ਼ਾ ਦਿਵਾਉਣ ਦੀ ਵੀ ਮੰਗ ਕੀਤੀ ਹੈ। ਗਹਿਲੋਤ ਨੇ ਵਿਦੇਸ਼ਮੰਤਰੀ ਕ੍ਰਿਸ਼ਨਾ ਨੂੰ ਅਪੀਲ ਕੀਤੀ ਹੈ ਕਿ ਦੋ ਹੋਰ ਲੋਕਾਂ ਨੂੰ ਵੀ ਵੀਜ਼ੇ ਸਬੰਧੀ ਮਨਜੂਰੀ ਦਿੱਤੀ ਜਾਵੇ। ਪਾਕਿਸਤਾਨ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਮੇਂਹਦੀ ਹਸਨ ਦੇ ਪਰੀਵਾਰ ਦੇ ਨਾਲ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਜਲਦੀ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੇਂਹਦੀ ਹਸਨ ਮੂਲ ਰੂਪ ਵਿੱਚ ਰਾਜਸਥਾਨ ਦੇ ਜੰਮਪਲ ਹਨ ਅਤੇ ਉਨ੍ਹਾਂ ਦਾ ਪੁਸ਼ਤੈਨੀ ਪਿੰਡ ਝੰਜਨ ਜਿਲ੍ਹੇ ਵਿੱਚ ਹੈ। ਉਸ ਦੇ ਭਾਰਤ ਵਿੱਚਲੇ ਪਿੰਡ ਦੇ ਲੋਕ ਉਸ ਦੀ ਚੰਗੀ ਸਿਹਤ ਲਈ ਦੁਆ ਕਰ ਰਹੇ ਹਨ। ਉਹ ਰਾਜਸਥਾਨ ਵਿੱਚ ਪੈਦਾ ਹੋਏ ਅਤੇ ਦੇਸ਼ ਦੀ ਵੰਡ ਦੌਰਾਨ ਪਾਕਿਸਤਾਨ ਚਲੇ ਗਏ ਸਨ। ਦੋਵਾਂ ਦੇਸ਼ਾਂ ਦੇ ਲੋਕ ਮੇਂਹਦੀ ਹਸਨ ਦੀ ਆਵਾਜ਼ ਦੇ ਕਾਇਲ ਹਨ।