ਵਾਸ਼ਿੰਗਟਨ-ਵਾਈਟ ਹਾਊਸ ਦੁਆਰਾ ਦਿੱਤੀ ਗਈ ਧਮਕੀ ਦੀ ਪਰਵਾਹ ਨਾਂ ਕਰਦੇ ਹੋਏ ਅਮਰੀਕੀ ਸੰਸਦ ਦੀ ਪ੍ਰਤੀਨਿਧੀ ਸੱਭਾ ਨੇ ਸਾਲ 2013 ਦੇ ਲਈ 643 ਅਰਬ ਡਾਲਰ ਦੇ ਰੱਖਿਆ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਵਿੱਚ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਤੇ ਕੁਝ ਸ਼ਰਤਾਂ ਲਗਾਏ ਜਾਣ ਦਾ ਵੀ ਪ੍ਰਸਤਾਵ ਵੀ ਸ਼ਾਮਿਲ ਹੈ। ਪ੍ਰਤੀਨਿਧੀ ਸੱਭਾ ਵਿੱਚ ਰੀਪਬਲੀਕਨਾਂ ਦਾ ਬਹੁਮੱਤ ਹੈ।
ਡੀਫੈਂਸ ਆਥਰਾਇਜੇਸ਼ਨ ਬਿੱਲ ਸ਼ੁਕਰਵਾਰ ਨੂੰ ਹਾਊਸ ਵਿੱਚ 120 ਦੇ ਮੁਕਾਬਲੇ 299 ਵੋਟਾਂ ਨਾਲ ਪਾਸ ਹੋ ਗਿਆ। ਹੁਣ ਇਸ ਨੂੰ ਸੈਨਟ ਵਿੱਚ ਭੇਜਿਆ ਜਾਵੇਗਾ। ਇਸ ਬਿੱਲ ਵਿੱਚ ਤਦ ਤੱਕ ਪਾਕਿਸਤਾਨ ਨੂੰ ਆਰਥਿਕ ਸੁਰੱਖਿਆ ਸਹਾਇਤਾ ਦੇਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਦੋਂ ਤੱਕ ਉਹ ਅੱਤਵਾਦ ਨਾਲ ਨਜਿਠਣ ਦੇ ਯਤਨਾਂ ਅਤੇ ਹੋਰ ਮੁੱਦਿਆਂ ਤੇ ਅਮਰੀਕਾ ਨਾਲ ਸਹਿਯੋਗ ਨਹੀਂ ਕਰਦਾ। ਇਨ੍ਹਾਂ ਸ਼ਰਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਇਹ ਮੱਦਦ ਤਦ ਤੱਕ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਉਹ ਇੰਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੇ ਵਿਆਪਕ ਇਸਤੇਮਾਲ ਦੇ ਖਿਲਾਫ਼ ਕੋਈ ਠੋਸ ਰਣਨੀਤੀ ਨਹੀਂ ਬਣਾਉਂਦਾ। ਅਫ਼ਗਾਨਿਸਤਾਨ ਵਿੱਚ ਅਮਰੀਕੀ ਸੈਨਾ ਨੂੰ ਨਿਸ਼ਾਨਾ ਬਣਾਉਣ ਲਈ ਸੱਭ ਤੋਂ ਵੱਧ ਆਈਈਡੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਾਕਿਸਤਾਨ ਤੋਂ ਵਸਤੂਆਂ ਅਤੇ ਸੇਵਾਵਾਂ ਦੀ ਖ੍ਰੀਦ ਤੇ ਤੱਦ ਤੱਕ ਰੋਕ ਲਗਾਈ ਜਾਵੇਗੀ ਜਦੋਂ ਤੱਕ ਉਹ ਅਫ਼ਗਾਨਿਸਤਾਨ ਵਿੱਚ ਨੈਟੋ ਸੈਨਿਕਾਂ ਦੇ ਸਪਲਾਈ ਮਾਰਗ ਨਹੀਂ ਖੋਲ੍ਹਦਾ। ਪਾਕਿਸਤਾਨ ਨੂੰ ਬਿਨਾਂ ਸ਼ਰਤ ਅਮਰੀਕੀ ਸਹਾਇਤਾ ਸਮੇਤ ਰੱਖਿਆ ਬਿੱਲ ਦਾ ਵਿਰੋਧ ਕਰਦੇ ਹੋਏ ਵਾਈਟ ਹਾਊਸ ਨੇ ਕਿਹਾ ਸੀ ਕਿ ਜੇ ਬਿੱਲ ਵਿੱਚ ਅਮਰੀਕੀ ਰੱਖਿਆ ਰਣਨੀਤੀ ਨੂੰ ਲਾਗੂ ਕਰਨ ਵਿੱਚ ਸਰਕਾਰ ਨੂੰ ਕੋਈ ਅੜਚਣ ਆਈ ਤਾਂ ਵੀਟੋ ਦਾ ਇਸਤੇਮਾਲ ਕੀਤਾ ਜਾਵੇਗਾ।