ਨਵੀਂ ਦਿੱਲੀ :-ਸ. ਹਰਭਜਨ ਸਿੰਘ ਸੇਠੀ ਚੇਅਰਮੈਨ ਪਾਕਿਸਤਾਨ ਗੁਰਧਾਮ ਯਾਤਰਾ ਸਬ-ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਪ੍ਰੈਸ ਸਕਤ੍ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਉਨ੍ਹਾਂ ਨੂੰ ਅਖਬਾਰਾਂ ਵਿੱਚ ਇਹ ਪੜ੍ਹ ਕੇ ਹੈਰਾਨੀ ਹੋਈ ਕਿ ਪਾਕਿਸਤਾਨੀ ਦੂਤਾਵਾਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਡੇਹਰਾ ਸਾਹਿਬ, ਲਾਹੌਰ ਜਾਣ ਵਾਲੇ ਜੱਥੇ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਸਿਆ ਕਿ ਇਹ ਖਬਰ ਪੜ੍ਹਦਿਆਂ ਹੀ ਉਨ੍ਹਾਂ ਸਿੱਖ ਜਗਤ ਦਾ ਰੋਸ ਦਰਜ ਕਰਾਉਣ ਲਈ ਪਾਕਿਸਤਾਨੀ ਦੂਤਾਵਾਸ ਦੇ ਵੀਜ਼ਾ ਕੌਂਸਲਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪਾਕਿਸਤਾਨੀ ਵੀਜ਼ਾ ਕੌਂਸਲਰ ਨੇ ਉਨ੍ਹਾਂ ਦਸਿਆ ਕਿ ਪਾਕਿਸਤਾਨ ਸਰਕਾਰ ਵਲੋਂ ਸ਼ਹੀਦੀ ਪੁਰਬ ਮੰਨਾਉਣ ਲਈ ਲਾਹੌਰ ਜਾਣ ਵਾਲੇ ਜੱਥੇ ਨੂੰ ਵੀਜ਼ਾ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ, ਸਗੋਂ ਉਸਦੇ ਆਯੋਜਕਾਂ ਨੂੰ ਇਹ ਦਸਿਆ ਗਿਆ ਕਿ 2003 ਵਿੱਚ ਸ੍ਰੀ ਅਕਾਲ ਤਖ਼ਤ ਤੋਂ ਲਾਗੂ ਕੀਤੇ ਗਏ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ 16 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ, ਇਸ ਲਈ ਸ਼ਹੀਦੀ ਪੁਰਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ 8 ਜੂਨ ਤੋਂ ਦਸ ਦਿਨਾਂ ਤਕ ਦਾ ਵੀਜ਼ਾ ਜਾਰੀ ਕੀਤਾ ਜਾਇਗਾ, ਉਸਤੋਂ ਪਹਿਲਾਂ ਸ਼ਹੀਦੀ ਪੁਰਬ ਮਨਾਉਣ ਲਈ ਜਾਣ ਦਾ ਵੀਜ਼ਾ ਦੇਣਾ ਸੰਭਵ ਨਹੀਂ ਹੋਵੇਗਾ।
ਸ. ਸੇਠੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੁਰਬਾਂ ਦੀਆਂ ਤਾਰੀਖਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਆਪ ਭੰਬਲ-ਭੂਸਾ ਪੈਦਾ ਕੀਤਾ ਹੋਇਆ ਹੈ। ਦੇਸ਼ ਦੇ ਬਹੁਤੇ ਹਿਸਿਆਂ ਦੇ ਨਾਲ ਹੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਵਲੋਂ ਸਮੁਚੇ ਸਿੱਖ ਪੰਥ ਦੀ ਸਹਿਮਤੀ ਨਾਲ 2003 ਵਿੱਚ ਸ੍ਰੀ ਅਕਾਲ ਤਖ਼ਤ ਤੋਂ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੂ ਸਾਹਿਬਾਨ ਦੇ ਪ੍ਰਕਾਸ਼, ਸ਼ਹੀਦੀ, ਗੁਰਗਦੀ ਅਤੇ ਖਾਲਸਾ ਸਿਰਜਨਾ ਦਿਵਸ ਆਦਿ ਪੁਰਬ ਮਨਾਏ ਜਾਂਦੇ ਚਲੇ ਆ ਰਹੇ ਹਨ। ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਬਿਨਾਂ ਸਮੁਚੇ ਪੰਥ ਦੀ ਸਹਿਮਤੀ ਦੇ 2010 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਨਜ਼ਰ-ਅੰਦਾਜ਼ ਕਰ ਮੁੜ ਬਿਕਰਮੀ ਕੈਲੰਡਰ ਨੂੰ ‘ਸੋਧੇ ਨਾਨਕਸ਼ਾਹੀ ਕੈਲੰਡਰ’ ਦੇ ਨਾਂ ਤੇ ਅਪਨਾ, ਇਹ ਪੁਰਬ ਮਨਾਉਣੇ ਸ਼ੁਰੂ ਕਰ ਦਿਤੇ, ਜਿਸ ਨਾਲ ਸਿੱਖ ਸੰਗਤਾਂ ਵਿੱਚ ਭਰਮ-ਭੁਲੇਖਾ ਪੈਦਾ ਹੋ ਗਿਆ। ਸ. ਸੇਠੀ ਨੇ ਕਿਹਾ ਕਿ ਇਸਦੇ ਬਾਵਜੂਦ ਵਿਦੇਸ਼ਾਂ ਅਤੇ ਦੇਸ਼ ਦੇ ਵਖ-ਵਖ ਹਿਸਿਆਂ ਵਿੱਚ ਵਸਦੇ ਆਮ ਸਿੱਖਾਂ ਵਲੋਂ 2003 ਵਿੱਚ ਸਮੁਚੇ ਪੰਥ ਦੀ ਸਹਿਮਤੀ ਨਾਲ ਸ੍ਰੀ ਅਕਾਲ ਤਖ਼ਤ ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਪ੍ਰਤੀ ਸਮਰਪਿਤ ਰਹਿ, ਉਸੇ ਅਨੁਸਾਰ ਹੀ ਸਾਰੇ ਪੁਰਬ ਮਨਾਏ ਜਾਂਦੇ ਚਲੇ ਆ ਰਹੇ ਹਨ। ਸ. ਸੇਠੀ ਨੇ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਸਲਾਹ ਦਿੱਤੀ ਕਿ ਉਹ ਸਿੱਖ ਪੰਥ ਵਿੱਚ ਪਈ ਦੁਬਿਧਾ ਨੂੰ ਦੂਰ ਕਰਨ ਲਈ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ’ਤੇ ਅਖੌਤੀ ਸੋਧੇ ਕੈਲੰਡਰ ਨਾਲੋਂ ਨਾਤਾ ਤੋੜ, 2003 ਵਿੱਚ ਸਮੁਚੇ ਪੰਥ ਦੀ ਸਹਿਮਤੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨਾਲ ਸਾਂਝ ਪਾਣ।