ਨਵੀਂ ਦਿੱਲੀ- ਭਾਰਤ ਨੇ ਬੋਫਰਜ਼ ਸੌਦੇ (1986) ਤੋਂ ਬਾਅਦ ਰੱਖਿਆ ਮੰਤਰਾਲੇ ਨੇ ਥੱਲ ਸੈਨਾ ਲਈ ਤੋਪਾਂ ਖ੍ਰੀਦਣ ਦੇ ਫੈਸਲੇ ਨੂੰ ਮਨਜੂਰੀ ਦੇ ਦਿੱਤੀ ਹੈ। ਅਮਰੀਕਾ ਤੋਂ 145 ਐਮ-777 ਹਾਵਿਤਜ਼ਰ ਤੋਪਾਂ ਦਾ ਆਯਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ ਐਲ- 70 ਹਵਾਈ ਰੱਖਿਆ ਤੋਪਾਂ ਦੇ ਲਈ 3 ਹਜ਼ਾਰ ਕਰੋੜ ਰੁਪੈ ਦੀ ਲਾਗਤ ਦੇ 65 ਰਾਡਾਰ ਖ੍ਰੀਦਣ ਨੂੰ ਵੀ ਮਨਜੂਰੀ ਦਿੱਤੀ। ਟੀ- 90 ਟੈਂਕਾਂ ਦੇ ਲਈ ਸਿਮੂਲੇਟਰ ਕ੍ਰੀਦਣ ਨੂੰ ਵੀ ਮਨਜੂਰੀ ਦਿੱਤੀ ਗਈ। ਇਨ੍ਹਾਂ ਸਾਰੇ ਸੌਦਿਆਂ ਤੇ 7,000 ਕਰੋੜ ਰੁਪੈ ਖਰਚ ਆਉਣ ਦਾ ਅਨੁਮਾਨ ਹੈ।
ਪਾਕਿਸਤਾਨ ਅਤੇ ਚੀਨ ਦੇ ਨਾਲ ਲਗਦੇ ਪਹਾੜੀ ਖੇਤਰ ਦੀਆਂ ਸੀਮਾਵਾਂ ਤੇ ਬਹੁਤ ਜਲਦੀ ਹੀ 145 ਐਮ-777 ਹਾਵਿਤਜ਼ਰ ਤੋਪਾਂ ਤੈਨਾਤ ਕੀਤੀਆਂ ਜਾਣਗੀਆਂ।ਰੱਖਿਆ ਮੰਤਰਾਲੇ ਵੱਲੋਂ ਮਨਜੂਰੀ ਮਿਲਣ ਨਾਲ ਜਲਦੀ ਹੀ ਇਨ੍ਹਾਂ ਤੋਪਾਂ ਦਾ ਅਮਰੀਕਾ ਤੋਂ ਆਯਾਤ ਕੀਤਾ ਜਾਵੇਗਾ।ਚੀਨ ਦੀ ਸੀਮਾ ਨਾਲ ਲਗਦੇ ਪਹਾੜੀ ਖੇਤਰ ਦੀਆਂ ਚੌਂਕੀਆਂ ਤੇ ਅਜਿਹੀਆਂ ਤੋਪਾਂ ਦੀ ਲੋੜ ਸੀ ਜਿਨ੍ਹਾਂ ਨੂੰ ਹੈਲੀਕਾਪਟਰ ਦੁਆਰਾ ਇਨ੍ਹਾਂ ਚੌਂਕੀਆਂ ਤੇ ਤੈਨਾਤ ਕੀਤਾ ਜਾ ਸਕੇ। ਇਹ ਤੋਪਾਂ ਅਮਰੀਕੀ ਪ੍ਰਸ਼ਾਸਨ ਦੀ ਫਾਰਨ ਮਿਲੀਟਰੀ ਸੇਲਜ਼ ਪ੍ਰੋਗਰਾਮ ਦੇ ਤਹਿਤ ਆਯਾਤ ਕੀਤੀਆਂ ਜਾਣਗੀਆਂ। ਇਸ ਪ੍ਰੋਗਰਾਮ ਦੇ ਤਹਿਤ ਅਮਰੀਕੀ ਕੰਪਨੀ ਨੂੰ ਉਹੋ ਹੀ ਕੀਮਤ ਅਦਾ ਕੀਤੀ ਜਾਵੇਗੀ, ਜਿਸ ਕੀਮਤ ਤੇ ਅਮਰੀਕਾ ਦੀ ਸੈਨਾ ਨੂੰ ਵੇਚੀਆਂ ਜਾਂਦੀਆਂ ਹਨ। ਭਾਰਤ 26 ਸਾਲ ਬਾਅਦ ਤੋਪਾਂ ਦੀ ਇਹ ਖ੍ਰੀਦ ਕਰ ਰਿਹਾ ਹੈ।