ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਖਰਚਿਆਂ ਵਿੱਚ ਕਟੌਤੀ ਅਤੇ ਵਿੱਤੀ ਗਤੀਸ਼ੀਲਤਾ ਸਬੰਧੀ ਸਖਤ ਫੈਸਲੇ ਲਵੇਗੀ।
ਪ੍ਰਧਾਨਮੰਤਰੀ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੈ ਜਦੋਂ ਕਿ ਸਰਕਾਰ ਵਿੱਤੀ ਚੁਣੌਤੀਆਂ ਨਾਲ ਨਜਿੱਠਣ ਲਈ ਖਰਚਿਆਂ ਵਿੱਚ ਕਟੌਤੀ ਦੇ ਸਬੰਧ ਵਿੱਚ ਘੋਸ਼ਣਾ ਕਰਨ ਦੀ ਤਿਆਰੀ ਕਰ ਰਹੀ ਹੈ।ਯੂਪੀਏ ਸਰਕਾਰ ਦੀ ਦੂਸਰੀ ਟਰਮ ਦੇ 3 ਸਾਲ ਪੂਰੇ ਹੋਣ ਦੇ ਮੌਕੇ ਤੇ ਆਯੋਜਿਤ ਇੱਕ ਸਮਾਗਮ ਦੌਰਾਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ, “ ਖਰਚ ਅਤੇ ਵਿੱਤੀ ਗਤੀਸ਼ੀਲਤਾ ਦੋਵਾਂ ਤੇ ਸਖਤ ਫੈਸਲੇ ਲੈਣੇ ਹੋਣਗੇ।” ਇਸ ਤੋਂ ਪਹਿਲਾਂ ਵਿੱਤਮੰਤਰੀ ਪ੍ਰਣਬ ਮੁੱਖਰਜੀ ਨੇ ਵੀ ਕਿਹਾ ਸੀ ਕਿ ਸਰਕਾਰ ਖਰਚ ਵਿੱਚ ਕਟੌਤੀ ਦੇ ਯਤਨ ਕਰੇਗੀ।
ਢਾ: ਮਨਮੋਹਨ ਸਿਂਘ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਸਰਕਾਰ ਦਾ ਧਿਆਨ ਕਿਹੜੇ ਸਖਤ ਫੈਸਲਿਆਂ ਵੱਲ ਹੈ ਤਾਂ ਉਨ੍ਹਾਂ ਨੇ ਕਿਹਾ, “ ਇੰਤਜਾਰ ਕਰੋ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੁਝ ਚੀਜਾਂ ਸੁਭਾਵਿਕ ਤੌਰ ਤੇ ਹੋ ਜਾਂਦੀਆਂ ਹਨ।” ਉਨ੍ਹਾਂ ਨੇ ਕਿਹਾ, “ ਮੈਂ ਮੰਨਦਾ ਹਾਂ ਕਿ ਅਸੀਂ ਆਪਣੇ ਭੁਗਤਾਨ ਸੰਤੁਲਨ ਤੇ ਦਬਾਅ ਦਾ ਸਾਹਮਣਾ ਕਰਦੇ ਹਾਂ ਅਤੇ ਇਸ ਵਿੱਤੀ ਹਾਲਾਤ ਦਾ ਪ੍ਰਬੰਧ ਸਾਵਧਾਨੀਪੂਰਵਕ ਕਰਨ ਦੀ ਜਰੂਰਤ ਹੈ। ਘਰੇਲੂ ਅਤੇ ਵਿਦੇਸ਼ਾਂ ਵਿੱਚ ਉਦਯੋਗਿਕ ਨਿਵੇਸ਼ ਵਧਾਉਣ ਦੇ ਲਈ ਵੱਡੇ ਉਪਾਅ ਕਰਨ ਦੀ ਲੋੜ ਹੈ।” ਰੁਪੈ ਦੀ ਕੀਮਤ ਵਿੱਚ ਆ ਰਹੀ ਗਿਰਾਵਟ ਸਬੰਧੀ ਪੁੱਛੇ ਜਾਣ ਤੇ ਪ੍ਰਧਾਨਮੰਤਰੀ ਨੇ ਕਿਹਾ ਕਿ ਕਿਸੇ ਵੀ ਬਾਜ਼ਾਰ ਦੀ ਅਰਥਵਿਵਸਥਾ ਵਿੱਚ ਮੁਦਰਾ ਉਪਰ ਨੀਚੇ ਜਾਂਦੀ ਆਉਂਦੀ ਰਹਿੰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਵਿਪਰੀਤ ਮਹੌਲ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਸਾਲ 2011-12 ਵਿੱਚ 7% ਦੀ ਦਰ ਨਾਲ ਵਧੇਗੀ।