ਅੰਮ੍ਰਿਤਸਰ:- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੰਮ੍ਰਿਤ ਸੰਚਾਰ ਸਮਾਗਮ ‘ਚ ਜੁੜੀਆਂ ਸੰਗਤਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਮੁੱਚੀ ਸਿੱਖ ਕੌਮ ਹੁਣ ਜਾਗਰੂਕ ਹੋ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਸ਼ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਵਾਲੇ ਬਣ ਰਹੇ ਹਨ, ਕਿਉਕਿ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਨਾਲ ਤਰਾਂ-ਤਰਾਂ ਦੇ ਨਸ਼ਿਆਂ ਤੋਂ ਬਚਿਆ ਜਾ ਸਕਦਾ ਹੈ। ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਸਿੱਖੀ ਸਰੂਪ ਦੀ ਸ਼ਾਨ ਹੀ ਨਿਵੇਕਲੀ ਹੈ। ਉਹਨਾਂ ਕਿਹਾ ਕਿ ਸ.ਰਾਮਪਾਲ ਸਿੰਘ ਬਹਿਣੀਵਾਲਾ ਨੇ ਇਲਾਕੇ ਦੀਆਂ ਸੰਗਤਾਂ ਨਾਲ ਮਿਲ ਕੇ ਅੰਮ੍ਰਿਤ-ਸੰਚਾਰ ਕਰਵਾਉਣ ਦਾ ਜੋ ਵਿਸ਼ੇਸ਼ ਉਪਰਾਲਾ ਕੀਤਾ ਹੈ, ਇਹ ਸ਼ਲਾਘਾ ਯੋਗ ਹੈ।
ਉਹਨਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਆਉਣ ਵਾਲੇ ਸਮੇਂ ‘ਚ ਹੋਰ ਵੀ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਲਹਿਰ ਚਲਾਈ ਜਾਵੇਗੀ। ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਹਰ ਹਲਕੇ ਵਿੱਚ ਸਿੱਖ ਸੰਗਤਾਂ ਨੂੰ ਪ੍ਰੇਰ ਕੇ ਗੁਰੂ ਲੜ ਲਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲਾ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਛਾਹੜ ਜਿਲਾ ਸੰਗਰੂਰ ਵਿਖੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਅਤੇ ਅੰਮ੍ਰਿਤ-ਸੰਚਾਰ ਕਰਵਾਇਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ ਪਹੁੰਚੇ ਪੰਜ ਪਿਆਰੇ ਸਾਹਿਬਾਨ ਪਾਸੋਂ 245 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲਾ ਤੇ ਸ.ਸਤਿਬੀਰ ਸਿੰਘ ਐਡੀ:ਸਕੱਤਰ ਧਰਮ ਪ੍ਰਚਾਰ ਕਮੇਟੀ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ। ਸ.ਸਤਿਬੀਰ ਸਿੰਘ ਐਡੀ:ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਸੰਗਤਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਅੰਮ੍ਰਿਤ-ਸੰਚਾਰ ਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਆਪਣੇ-ਆਪਣੇ ਹਲਕੇ ‘ਚ ਅੰਮ੍ਰਿਤ-ਸੰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਮੰਗ ਅਨੁਸਾਰ ਢਾਡੀ,ਕਵੀਸ਼ਰ ਤੇ ਪ੍ਰਚਾਰਕਾਂ ਦੀ ਡਿਊਟੀ ਲਗਾਈ ਜਾਵੇਗੀ। ਉਹਨਾਂ ਭਾਈ ਭੁਪਿੰਦਰ ਸਿੰਘ ਪ੍ਰਚਾਰਕ ਤੇ ਭਾਈ ਤਰਸੇਮ ਸਿੰਘ ਢਾਡੀ ਵੱਲੋਂ ਪਿੰਡ-ਪਿੰਡ ਜਾ ਕੇ ਕੀਤੇ ਪ੍ਰਚਾਰ ਦੀ ਵੀ ਸਹਾਰਨਾ ਕੀਤੀ। ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਧੰਨਵਾਦ ਕਰਦਿਆਂ ਸਿਰੋਪਾਉ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਬਾਬਾ ਸੁਰਜੀਤ ਸਿੰਘ ਹਰੀਗੜ੍ਹ ਵਾਲੇ, ਸੰਤ ਸਾਧੂ ਸਿੰਘ ਛਾਹੜ, ਜਥੇਦਾਰ ਗੁਰਲਾਲ ਸਿੰਘ ਫਤਹਿਗੜ੍ਹ, ਬੀਬੀ ਪਰਮਜੀਤ ਕੌਰ ਵਿਰਕ, ਸ.ਭਰਪੂਰ ਸਿੰਘ ਇੰਚਾਰਜ ਮਾਲਵਾ ਜੋਨ ਧਰਮ ਪ੍ਰਚਾਰ ਕਮੇਟੀ, ਸ.ਬਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਛਾਹੜ, ਸ.ਮਨਦੀਪ ਸਿੰਘ ਖਜਾਨਚੀ, ਜਥੇਦਾਰ ਮੱਘਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਹਾਜਰ ਸਨ।