ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਅੱਜ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਨਵੇਂ ਪੰਜਾਬ ਦੇ ਨਿਰਮਾਤਾ ਡਾ: ਮਹਿੰਦਰ ਸਿੰਘ ਰੰਧਾਵਾ ਦੀ ਭਾਰਤ-ਪਾਕਿ ਵੰਡ ਬਾਰੇ ਲਿਖੀ ਪੁਸਤਕ ‘‘ਆਊਟ ਆਫ ਐਸ਼ਿਜ’’ ਦੇ ਪੰਜਾਬੀ ਅਨੁਵਾਦ ‘‘ਰਾਖ਼ ’ਚੋਂ ਉੱਗੇ’’ ਨੂੰ ਲੋਕ ਅਰਪਣ ਕਰਦਿਆਂ ਕਿਹਾ ਹੈ ਕਿ ਭਾਰਤ-ਪਾਕਿ ਵੰਡ ਨਾਲ ਸਬੰਧਿਤ ਇਹੋ ਜਿਹੇ ਮਹੱਤਵਪੂਰਨ ਦਸਤਾਵੇਜ਼ ਮਾਂ ਬੋਲੀ ਪੰਜਾਬੀ ਵਿੱਚ ਪ੍ਰਕਾਸ਼ਤ ਹੋਣੇ ਜ਼ਰੂਰੀ ਹਨ ਕਿਉਂਕਿ ਇਹ ਸਾਨੂੰ ਵਿਸ਼ਵ ਅਮਨ ਦੇ ਰਾਹ ਤੋਰਦੇ ਹਨ। ਮਨੁੱਖ ਦੀ ਦਰਿੰਦਗੀ, ਦਹਿਸ਼ਤ ਅਤੇ ਵਹਿਸ਼ਤ ਭਰੇ ਮਾਹੌਲ ਵਿੱਚੋਂ ਵੀ ਜ਼ਿੰਦਗੀ ਲੱਭਦੇ ਡਾ: ਰੰਧਾਵਾ ਵਰਗੇ ਮਹਾਂਪੁਰਖਾਂ ਦੀਆਂ ਲਿਖਤਾਂ ਨੂੰ ਭਵਿੱਖ ਪੀੜ੍ਹੀਆਂ ਨੂੰ ਸੌਂਪ ਕੇ ਇਸ ਪੁਸਤਕ ਦੇ ਅਨੁਵਾਦਕਾਂ ਦਵੀ ਦਵਿੰਦਰ ਕੌਰ ਅਤੇ ਡਾ:ਜਗਦੀਸ਼ ਕੌਰ ਮਹੱਤਵਪੂਰਨ ਕਾਰਜ ਕੀਤਾ ਹੈ। ਡਾ: ਢਿੱਲੋਂ ਨੇ ਆਖਿਆ ਕਿ ਡਾ:ਰੰਧਾਵਾ ਦੀਆਂ ਮਹੱਤਵਪੂਰਨ ਅੰਗਰੇਜ਼ੀ ਪੁਸਤਕਾਂ ਨੂੰ ਪੰਜਾਬੀ ਵਿੱਚ ਛਾਪਣ ਲਈ ਸਾਨੂੰ ਸਭ ਨੂੰ ਹਿੰਮਤ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਖੁਸ਼ੀ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਾਲ ਵਿੱਚ ਸਾਡੀ ਯੂਨੀਵਰਸਿਟੀ ਅਧਿਆਪਕਾ ਡਾ: ਜਗਦੀਸ਼ ਕੌਰ ਨੇ ਇਸ ਕੰਮ ਨੂੰ ਪੁਸਤਕ ਦੇ ਅੰਗਰੇਜ਼ੀ ਪ੍ਰਕਾਸ਼ਨ ਤੋਂ ਲਗਪਗ 58 ਸਾਲ ਬਾਅਦ ਪੰਜਾਬੀ ਵਿੱਚ ਸਹਿਯੋਗੀ ਅਨੁਵਾਦਕ ਦਵੀ ਦਵਿੰਦਰ ਕੌਰ ਨਾਲ ਮਿਲ ਕੇ ਨੇਪਰੇ ਚਾੜਿਆ ਹੈ। ਡਾ:ਢਿੱਲੋਂ ਨੇ ਪੁਸਤਕ ਦੀ ਪਹਿਲੀ ਕਾਪੀ ਦੂਰਦਰਸ਼ਨ ਕੇਂਦਰ ਜ¦ਧਰ ਦੇ ਕੇਂਦਰ ਨਿਰਦੇਸ਼ਕ ਸ਼੍ਰੀ ਓਮ ਗੌਰੀ ਦੱਤ ਸ਼ਰਮਾ ਨੂੰ ਭੇਂਟ ਕੀਤੀ।ਡ ਡਾ: ਢਿੱਲੋਂ ਨੇ ਪੁਸਤਕ ਦੇ ਦੋਹਾਂ ਅਨੁਵਾਦਕਾਂ ਨੂੰ ਅਸ਼ੀਰਵਾਦ ਰੂਪੀ ਲਿਖਤ ਨਾਲ ਸਨਮਾਨਿਤ ਕੀਤਾ।
ਸ਼੍ਰੀ ਓਮ ਗੌਰੀ ਦੱਤ ਸ਼ਰਮਾ ਨੇ ਡਾ: ਮਹਿੰਦਰ ਸਿੰਘ ਰੰਧਾਵਾ ਨਾਲ ਸਬੰਧਿਤ ਯਾਦਾਂ ਸਾਂਝੀਆਂ ਕਰਦਿਆਂ ਆਖਿਆ ਕਿ ਇਸ ਯੂਨੀਵਰਸਿਟੀ ਸਥਿਤ ਪੇਂਡੂ ਵਸਤਾਂ ਦੇ ਅਜਾਇਬ ਘਰ ਬਾਰੇ ਫਿਲਮ ਉਨ੍ਹਾਂ ਨੇ ਡਾ: ਰੰਧਾਵਾ ਦੀ ਪ੍ਰੇਰਨਾ ਨਾਲ ਹੀ ਬਣਾਈ ਸੀ। ਸਰਹਿੰਦ ਦੇ ਆਮ ਖਾਸ ਬਾਗ ਅਤੇ ਹੋਰ ਅਨੇਕਾਂ ਪ੍ਰੋਜੈਕਟਾਂ ਤੇ ਕੰਮ ਕਰਨ ਲਈ ਉਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ। ਉਨ੍ਹਾਂ ਆਖਿਆ ਕਿ ਦੇਸ਼ ਦੀ ਵੰਡ ਬਾਰੇ ਵੀ ਵੱਡ ਅਕਾਰੀ ਫਿਲਮ ਬਣਾਉਣ ਦਾ ਡਾ: ਰੰਧਾਵਾ ਦੇ ਮਨ ਵਿੱਚ ਸੁਪਨਾ ਸੀ ਜੋ ਉਨ੍ਹਾਂ ਦੀ ਅਚਨਚੇਤ ਮੌਤ ਕਾਰਨ ਅੱਧ ਵਿਚਕਾਰ ਰਹਿ ਗਿਆ। ਸ਼੍ਰੀ ਸ਼ਰਮਾ ਨੇ ਡਾ: ਜਗਦੀਸ਼ ਕੌਰ ਅਤੇ ਦਵੀ ਦਵਿੰਦਰ ਕੌਰ ਨੂੰ ਇਸ ਯਾਦਗਾਰੀ ਦਸਤਾਵੇਜ਼ ਦਾ ਪੰਜਾਬੀ ਰੂਪ ਤਿਆਰ ਕਰਨ ਲਈ ਮੁਬਾਰਕਬਾਦ ਦਿੱਤੀ। ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਨੇ ਇਸ ਪੁਸਤਕ ਦੇ ਸੁੰਦਰ ਅਨੁਵਾਦ ਲਈ ਅਨੁਵਾਦਕਾਂ ਨੂੰ ਹੋਰ ਚੰਗੇਰੀਆਂ ਪੁਸਤਕਾਂ ਪੰਜਾਬੀ ਭਾਸ਼ਾ ਵਿੱਚ ਕਰਨ ਦੀ ਅਪੀਲ ਕੀਤੀ।
ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਅਤੇ ਸੰਚਾਰ ਕੇਂਦਰ ਦੇ ਅਧਿਆਪਕ ਗੁਰਭਜਨ ਗਿੱਲ ਨੇ ਇਸ ਪੁਸਤਕ ਵਿੱਚ ਪੇਸ਼ ਅੰਕੜਿਆਂ, ਘਟਨਾਵਾਂ ਦੇ ਹਵਾਲਿਆਂ ਅਤੇ ਉਨ੍ਹਾਂ ਦੇ ਮਾਰਮਿਕ ਦ੍ਰਿਸ਼ ਚਿਤਰਣ ਦਾ ਜ਼ਿਕਰ ਕਰਦਿਆਂ ਆਖਿਆ ਕਿ ਡਾ: ਮਹਿੰਦਰ ਸਿੰਘ ਰੰਧਾਵਾ ਦੀ ਇਹ ਲਿਖਤ ਸਿਰਫ ਇਤਿਹਾਸਕ ਦਸਤਾਵੇਜ਼ ਹੀ ਨਹੀਂ ਹੈ ਸਗੋਂ ਸਮਾਜ ਸਾਸ਼ਤਰੀਆਂ, ਅਰਥ ਸਾਸ਼ਤਰੀਆਂ ਅਤੇ ਨੀਤੀ ਘਾੜਿਆਂ ਲਈ ਵੀ ਭਵਿੱਖ ਦੇ ਨਕਸ਼ ਉਲੀਕਣ ਲਈ ਅਗਵਾਈ ਕਰਨ ਦੇ ਕਾਬਲ ਪੁਸਤਕ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਡਾ: ਮਹਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ ਦੇਸ਼ ਦੀ ਵੰਡ ਉਪਰੰਤ ਵਸਾਉਣ ਅਤੇ ਮੁਰੱਬੇਬੰਦੀ ਵਿੱਚ ਪਾਏ ਯੋਗਦਾਨ ਦੇ ਹਵਾਲੇ ਨਾਲ ਕਿਹਾ ਕਿ ਉਹ ਤ੍ਰੈਕਾਲ ਦਰਸ਼ੀ ਯੋਜਨਾਕਾਰ ਅਤੇ ਦੂਰਦ੍ਰਿਸ਼ਟੀਵਾਨ ਪ੍ਰਸ਼ਾਸਕ ਸਨ ਜਿਨ੍ਹਾਂ ਨੇ ਵਿਰਸੇ ਤੋਂ ਵਰਤਮਾਨ ਤੀਕ ਦੀ ਉਸਾਰੀ ਕੀਤੀ।