ਨਵੀਂ ਦਿੱਲੀ- ਤੇਲ ਕੰਪਨੀਆਂ ਨੇ ਪੈਟਰੌਲ ਦੇ ਮੁੱਲ ਵਿੱਚ 7.50 ਰੁਪੈ ਪ੍ਰਤੀ ਲਿਟਰ ਦੇ ਵਾਧੇ ਦਾ ਐਲਾਨ ਕਰਕੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੀ ਜਨਤਾ ਨੂੰ ਇੱਕ ਹੋਰ ਵੱਡਾ ਝੱਟਕਾ ਦਿੱਤਾ ਹੈ। ਪੈਟਰੌਲ ਦੀ ਕੀਮਤ ਵਿੱਚ ਪਹਿਲਾਂ ਕਦੇ ਵੀ ਏਨਾ ਜਿਆਦਾ ਵਾਧਾ ਨਹੀਂ ਕੀਤਾ ਗਿਆ।ਇਸ ਵਾਧੇ ਨਾਲ ਦਿੱਲੀ ਵਿੱਚ ਪੈਟਰੌਲ 73.14 ਰੁਪੈ ਪ੍ਰਤੀ ਲਿਟਰ ਹੋ ਜਾਵੇਗਾ।
ਡਾਲਰ ਦੇ ਮੁਕਾਬਲੇ ਲਗਾਤਾਰ ਰੁਪੈ ਦੇ ਡਿੱਗਣ ਦਾ ਪ੍ਰਭਾਵ ਪੈਟਰੌਲ ਦੀਆਂ ਕੀਮਤਾਂ ਤੇ ਵੀ ਪਿਆ ਹੈ।ਸਾਰੇ ਰਾਜਨੀਤਕ ਦਬਾਅ ਨੂੰ ਨਕਾਰਦੇ ਹੋਏ ਤੇਲ ਕੰਪਨੀਆਂ ਨੇ ਪੈਟਰੌਲ ਦੇ ਮੁੱਲ ਵਿੱਚ ਭਾਰੀ ਵਾਧਾ ਕੀਤਾ ਹੈ।ਪੈਟਰੌਲ ਬੁੱਧਵਾਰ ਰਾਤ ਤੋਂ 7.50 ਰੁਪੈ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਡੀਜ਼ਲ ਅਤੇ ਐਲਪੀਜੀ ਦੇ ਮੁੱਲ ਵਿੱਚ ਅਜੇ ਕੋਈ ਵਾਧਾ ਨਹੀਂ ਕੀਤਾ ਗਿਆ।
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਰੁਪੈ ਵਿੱਚ ਹੋਰ ਵੀ ਕਮਜੋਰੀ ਆ ਸਕਦੀ ਹੈ।ਡਾਲਰ ਦੇ ਮੁਕਾਬਲੇ ਰੁਪਿਆ 60 ਤੱਕ ਦੇ ਹੇਠਲੇ ਪੱਧਰ ਤੇ ਪਹੁੰਚ ਸਕਦਾ ਹੈ। ਬੁੱਧਵਾਰ ਨੂੰ ਇਹ 56.21 ਤੱਕ ਪਹੁੰਚ ਗਿਆ ਸੀ ਜੋ ਹੁਣ ਤੱਕ ਦਾ ਸੱਭ ਤੋਂ ਹੇਠਲਾ ਪੱਧਰ ਹੈ। ਵਰਨਣਯੋਗ ਹੈ ਕਿ ਭਾਰਤ ਵੱਡੀ ਮਾਤਰਾ ਵਿੱਚ ਪੈਟਰੌਲ ਦਾ ਆਯਾਤ ਕਰਦਾ ਹੈ ਅਤੇ ਇਸ ਦਾ ਭੁਗਤਾਨ ਡਾਲਰਾਂ ਵਿੱਚ ਕਰਨਾ ਪੈਂਦਾ ਹੈ। ਤੇਲ ਕੰਪਨੀਆਂ ਨੂੰ ਰੇਟ ਵਧਾਉਣ ਤੋਂ ਪਹਿਲਾਂ ਪੈਟਰੌਲ ਤੇ 12 ਰੁਪੈ ਅਤੇ ਡੀਜ਼ਲ ਤੇ 15 ਰੁਪੈ ਪ੍ਰਤੀ ਲਿਟਰ ਦਾ ਘਾਟਾ ਹੋ ਰਿਹਾ ਸੀ। ਪੈਟਰੌਲ ਦੀ ਕੀਮਤ ਮੁੰਬਈ ਵਿੱਚ 78.16 ਰੁਪੈ ਪ੍ਰਤੀ ਲਿਟਰ ਅਤੇ ਕੋਲਕਤਾ ਵਿੱਚ 77.53 ਰੁਪੈ ਪ੍ਰਤੀ ਲਿਟਰ ਹੋਵੇਗੀ।