ਵਾਸ਼ਿੰਗਟਨ- ਅਮਰੀਕਾ ਦੀ ਸੈਨਿਟ ਦੀ ਇੱਕ ਅਹਿਮ ਕਮੇਟੀ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਵਿੱਚ 3 ਕਰੋੜ 30 ਲੱਖ ਡਾਲਰ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਡਾ: ਅਫ਼ਰੀਦੀ ਨੂੰ ਸਜ਼ਾ ਸੁਣਾਏ ਜਾਣ ਕਰਕੇ ਕੀਤੀ ਗਈ ਹੈ।
ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦਿਨ ਨੂੰ ਮਰਵਾਉਣ ਵਿੱਚ ਸੀਆਈਏ ਦੀ ਮੱਦਦ ਕਰਨ ਵਾਲੇ ਡਾ: ਸ਼ਕੀਲ ਅਫ਼ਰੀਦੀ ਨੂੰ 33 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਤੋਂ ਨਰਾਜ਼ ਅਮਰੀਕੀ ਸਾਂਸਦਾਂ ਨੇ ਆਪਣੀ ਨਰਾਜਗੀ ਜਾਹਿਰ ਕਰਨ ਲਈ ਇਹ ਕਟੌਤੀ ਕੀਤੀ ਹੈ। ਇਸ ਕਮੇਟੀ ਦੇ 30 ਦੇ 30 ਸੈਨੇਟਰਾਂ ਨੇ ਇਸ ਪ੍ਰਸਤਾਵ ਦੇ ਹੱਕ ਵਿੱਚ ਵੋਟ ਪਾ ਕੇ ਆਰਥਿਕ ਕਟੌਤੀ ਨੂੰ ਮਨਜੂਰੀ ਦਿੱਤੀ। ਪਾਕਿਸਤਾਨ ਦੀ ਇੱਕ ਕਬਾਇਲੀ ਅਦਾਲਤ ਨੇ ਡਾ: ਅਫ਼ਰੀਦੀ ਨੂੰ 33 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਵੀ ਇਸ ਦੀ ਜੋਰਦਾਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਕਿਹਾ, “ ਕਿ ਏਨੀ ਵੱਡੀ ਸਜ਼ਾ ਦਿੱਤੇ ਜਾਣਾ ਅਨਿਆਂਪੂਰਣ ਹੈ। ਇੱਕ ਖਤਰਨਾਕ ਕਾਤਿਲ ਨੂੰ ਮਾਰਨ ਵਿੱਚ ਡਾ: ਅਫ਼ਰੀਦੀ ਵੱਲੋਂ ਕੀਤੀ ਗਈ ਮੱਦਦ ਅਹਿਮ ਸੀ ਅਤੇ ਇਹ ਪਾਕਿਸਤਾਨ ਅਤੇ ਅਮਰੀਕਾ ਸਮੇਤ ਪੂਰੀ ਦੁਨੀਆਂ ਦੇ ਹਿੱਤ ਵਿੱਚ ਉਠਾਇਆ ਗਿਆ ਕਦਮ ਸੀ।” ਹਿਲਰੀ ਕਲਿੰਟਨ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਉਹ ਪਾਕਿਸਤਾਨ ਨਾਲ ਗੱਲਬਾਤ ਕਰਦੀ ਰਹੇਗੀ।
ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮੱਦਦ ਵਿੱਚ ਕੀਤੀ ਕਟੌਤੀ
This entry was posted in ਅੰਤਰਰਾਸ਼ਟਰੀ.