ਨਿਊਯਾਰਕ-ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਅਤੇ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵੱਲ ਭੁੱਟੋ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਤੇ ਇਹ ਅਰੋਪ ਲਗਾਇਆ ਹੈ ਕਿ ਉਸ ਦੀ ਮਾਂ ਦੀ ਮੌਤ ਲਈ ਉਹ ਜਿੰਮੇਵਾਰ ਹੈ। ਬਿਲਾਵੱਲ ਭੁੱਟੋ ਨੇ ਅਮਰੀਕਾ ਦੇ ਇੱਕ ਨਿਊਜ਼ ਚੈਨਲ ਸੀਐਨਐਨ ਨਾਲ ਗੱਲਬਾਤ ਦੌਰਾਨ ਇਹ ਸ਼ਬਦ ਕਹੇ।
ਬਿਲਾਵੱਲ ਭੁੱਟੋ ਨੇ ਸੀਐਨਐਨ ਨਾਲ ਇੰਟਰਵਿਯੂ ਦੌਰਾਨ ਕਿਹਾ ਕਿ ਮੁਸ਼ਰਫ਼ ਨੂੰ ਨਾਂ ਕੇਵਲ ਉਸ ਦੀ ਮਾਂ ਨੂੰ ਮਿਲਣ ਵਾਲੀਆਂ ਧਮਕੀਆਂ ਦੀ ਹੀ ਜਾਣਕਾਰੀ ਸੀ, ਸਗੋਂ ਉਨ੍ਹਾਂ ਨੇ ਖੁਦ ਧਮਕੀ ਦੇ ਕੇ ਕਿਹਾ ਸੀ ਕਿ ਉਸ ਦੀ ਸੁਰੱਖਿਆ ਦੋਵਾਂ ਦੇ ਸਬੰਧਾਂ ਤੇ ਨਿਰਭਰ ਕਰਦੀ ਹੈ। ਇਸ ਲਈ ਆਪਣੀ ਮਾਂ ਦੀ ਮੌਤ ਲਈ ਮੈਂ ਮੁਸ਼ਰਫ਼ ਨੂੰ ਹੀ ਜਿੰਮੇਵਾਰ ਮੰਨਦਾ ਹਾਂ। ਬੇਨਜ਼ੀਰ ਦੀ ਸੁਰੱਖਿਆ ਇਸ ਗੱਲ ਨਾਲ ਸਬੰਧਿਤ ਸੀ ਕਿ ਉਹ ਉਸ ਸਮੇਂ ਦੇ ਪਾਕਿਸਤਾਨ ਦੇ ਰਾਸ਼ਟਰਪਤੀ ਨਾਲ ਸਹਿਯੋਗ ਕਰਦੀ ਹੈ ਜਾਂ ਨਹੀਂ। ਉਨ੍ਹਾਂ ਦੇ ਸਬੰਧ ਸੁਖਾਲੇ ਨਾਂ ਹੋਣ ਕਰਕੇ ਬੇਨਜ਼ੀਰ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ।
ਓਸਾਮਾ ਬਿਨ ਲਾਦਿਨ ਨੂੰ ਮਰਵਾਉਣ ਲਈ ਸੀਆਈਏ ਦੀ ਮੱਦਦ ਕਰਨ ਵਾਲੇ ਪਾਕਿਸਤਾਨੀ ਡਾ: ਸ਼ਕੀਲ ਅਹਿਮਦ ਅਫਰੀਦੀ ਨੂੰ ਦਿੱਤੀ ਗਈ ਸਜ਼ਾ ਦੇ ਸਬੰਧ ਵਿੱਚ ਬਿਲਾਵੱਲ ਨੇ ਕਿਹਾ ਕਿ ਇਹ ਉਸ ਦੇ ਦੇਸ਼ ਦਾ ਕਾਨੂੰਨੀ ਮਾਮਲਾ ਹੈ ਅਤੇ ਕਾਨੂੰਨ ਦੇ ਹਿਸਾਬ ਨਾਲ ਹੀ ਉਸ ਨੂੰ ਸਜ਼ਾ ਦਿੱਤੀ ਗਈ ਹੈ। ਅਮਰੀਕਾ ਨਾਲ ਖਰਾਬ ਰਿਸ਼ਤਿਆਂ ਬਾਰੇ ਗੱਲ ਕਰਦੇ ਹੋਏ ਬਿਲਾਵੱਲ ਨੇ ਕਿਹਾ ਕਿ ਸਲਾਲਾ ਹਮਲੇ ਵਿੱਚ ਅਮਰੀਕਾ ਨੂੰ ਪਾਕਿਸਤਾਨ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਤਾਂ ਜੋ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤੇ ਸੁਧਰ ਸਕਣ। ੳਾਪਣੇ ਰਾਜਨੀਤਕ ਕੈਰੀਅਰ ਬਾਰੇ ਬਿਲਾਵੱਲ ਨੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਉਹ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਿਲ ਹੋ ਕੇ ਸਰਗਰਮ ਭੂਮਿਕਾ ਨਿਭਾਉਣਗੇ।