ਵੰਦਨਾ ਗੰਡੋਤਰਾ, ਰੁਪਿੰਦਰ ਕੌਰ
ਨਵੇਂ ਨਵੇਂ ਕੱਪੜਿਆਂ ਦੀ ਖਰੀਦਦਾਰੀ ਦਾ ਸ਼ੌਂਕ ਹਰ ਮਨੁੱਖ ਨੂੰ ਹੁੰਦਾ ਹੈ। ਖਾਸ ਕਰਕੇ ਅੱਜਕੱਲ ਦਾ ਸਮਾਂ ਦਿਖਾਵੇਬਾਜੀ ਦਾ ਹੈ। ਹਰ ਕੋਈ ਇਸ ਦੌੜ ਵਿੱਚ ਲੱਗਿਆ ਹੋਇਆ ਹੈ ਕਿ ਉਹ ਦੂਸਰਿਆਂ ਉਪਰ ਆਪਣਾ ਚੰਗਾ ਪ੍ਰਭਾਵ ਪਾ ਸਕੇ। ਲੋਕਾਂ ਦੇ ਰਹਿਣ ਸਹਿਣ ਦਾ ਅੰਦਾਜਾ ਬਹੁਤੀ ਵਾਰੀ ਅਸੀਂ ਉਹਨ੍ਹਾਂ ਦੇ ਪਹਿਰਾਵੇ ਤੋਂ ਹੀ ਲਗਾਉਂਦੇ ਹਾਂ। ਜੇਕਰ ਨਜਦੀਕ ਤੋਂ ਦੇਖਿਆ ਜਾਵੇ ਤਾਂ ਬਹੁਤੇ ਸਾਰੇ ਲੋਕਾਂ ਦਾ ਖਾਣਾ ਪੀਣਾ ਜਿੰਨਾ ਖਰਾਬ ਹੈ, ਉਹਨ੍ਹਾਂ ਦਾ ਪਹਿਰਾਵਾ ਉਨ੍ਹਾਂ ਹੀ ਸੁਹਣਾ ਹੁੰਦਾ ਜਾ ਰਿਹਾ ਹੈ। ਕੰਮਕਾਜੀ ਔਰਤਾਂ ਦਾ ਪਹਿਰਾਵੇ ਉਪਰ ਜਿਆਦਾ ਖਰਚ ਕਰਨਾ ਤਾਂ ਕਾਫੀ ਹੱਦ ਤੱਕ, ਉਹਨ੍ਹਾਂ ਦੀ ਜਰੂਰਤ ਹੈ ਪਰ ਘਰ ਰਹਿਣ ਵਾਲੀਆਂ ਔਰਤਾਂ ਵੀ ਕੱਪੜਿਆਂ ਉਪਰ ਘੱਟ ਖਰਚਾ ਨਹੀਂ ਕਰਦੀਆਂ। ਘਰ ਵਿੱਚ ਹੀ ਰੋਜਾਨਾਂ ਨਵੇਂ ਨਵੇਂ ਸੂਟ ਪਹਿਨਣਾ ਅਤੇ ਕਿੱਟੀ ਪਾਰਟੀਆਂ ਜਾਂ ਕਲੱਬਾਂ ਲਈ ਨਿੱਤ ਨਵੇਂ ਕੱਪੜੇ ਸਿਲਵਾਉਣ ਦਾ ਕੰਮ ਬਹੁਤ ਹੀ ਵੱਧਦਾ ਜਾ ਰਿਹਾ ਹੈ। ਜਰੂਰਤ ਤੋਂ ਵੱਧ ਇਸ ਤਰ੍ਹਾਂ ਖਰਚਾ ਕਰਨਾ ਫਜੂਲ ਖਰਚੀ ਨਹੀਂ ਤਾਂ ਹੋਰ ਕੀ ਹੈ? ਕਹਿਣ ਦਾ ਭਾਵ ਇਹ ਹੈ ਕਿ ਹਰ ਕੋਈ ਇੱਕ ਦੂਸਰੇ ਤੋਂ ਵਧੀਆ ਦਿਸਣ ਦੇ ਚੱਕਰ ਵਿੱਚ ਬੇਹਿਸਾਬ ਪੈਸਾ ਖਰਚ ਕਰ ਰਿਹਾ ਹੈ।
ਮੱਧਮ ਵਰਗ ਜਾਂ ਘੱਟ ਆਮਦਨ ਵਾਲੇ ਪਰਿਵਾਰ ਇਸ ਦਿਖਾਵੇ ਵਿੱਚ ਪਿਸ ਰਹੇ ਹਨ, ਕਿਉਂਕਿ ਘਰ ਵਿੱਚ ਹੋਰ ਵੀ ਬਹੁਤ ਸਾਰੇ ਜਰੂਰੀ ਖਰਚੇ ਹੁੰਦੇ ਹਨ ਜਿਹੜੇ ਕਈ ਵਾਰ ਨਜਰ ਅੰਦਾਜ ਹੋ ਜਾਂਦੇ ਹਨ। ਇਸ ਲਈ ਸੋਚੋ ਕਿ ਤੁਸੀਂ ਇਹੋ ਜਿਹੇ ਲੋਕਾਂ ਵਿੱਚੋਂ ਤਾਂ ਨਹੀਂ ਜਿਹੜੇ ਕਿ ਆਪਣੀ ਆਮਦਨ ਦਾ ਵੱਡਾ ਹਿੱਸਾ ਇਸ ਤਰ੍ਹਾਂ ਬੇਕਾਰ ਖਰਚ ਕਰ ਰਹੇ ਹਨ? ਸੋਹਣੇ ਤੇ ਚੰਗੇ ਦਿਸਣ ਲਈ ਇਹ ਜਰੁਰੀ ਨਹੀਂ ਕਿ ਤੁਸੀਂ ਕੱਪੜਿਆਂ ਉਪਰ ਢੇਰ ਸਾਰੇ ਪੈਸੇ ਖਰਚ ਕਰੋ। ਇੱਕ ਔਰਤ ਜਿਸਦੇ ਕੱਪੜਿਆਂ ਦੀ ਚੋਣ ਸਹੀ ਹੋਵੇ, ਜਿਵੇਂ ਕਿ ਉਹ ਠੀਕ ਤਲ, ਰੰਗ ਅਤੇ ਡਿਜਾਇਨ ਦੇ ਕੱਪੜਿਆਂ ਦੀ ਚੋਣ ਕਰਦੀ ਹੈ ਜਿਹੜੇ ਕਿ ਕਿਸੇ ਇੱਕ ਮੌਕੇ ਤੇ ਪਹਿਨੇ ਜਾਣ ਦੀ ਥਾਂ ਤੇ ਕਈ ਮੌਕਿਆਂ ਤੇ ਪਹਿਨਣ ਯੋਗ ਹੁੰਦੇ ਹਨ ਅਤੇ ਉਹ ਉਹਨਾਂ ਦੀ ਵਧੀਆ ਸੰਭਾਲ ਕਰਕੇ ਪਹਿਨਦੀ ਹੈ ਤਾਂ ਉਹ ਹਮੇਸਾਂ ਵਧੀਆ ਤਿਆਰ ਹੋਈ ਦਿਖ ਸਕਦੀ ਹੈ। ਇਸ ਤੋਂ ਉਲਟ ਇੱਕ ਦੂਸਰੀ ਔਰਤ ਜਿਹੜੀ ਕਿ ਕੱਪੜਿਆਂ ਉਪਰ ਬਹੁਤ ਜਿਆਦਾ ਖਰਚ ਕਰਦੀ ਹੈ, ਪਰ ਕਿਤੇ ਆਉਣਾ ਜਾਣਾ ਹੋਵੇ ਤਾਂ ਹਮੇਸਾਂ ਇਹ ਕਹਿੰਦੀ ਹੈ ਕਿ ਮੇਰੇ ਕੋਲ ਤਾਂ ਕੋਈ ਢੰਗ ਦਾ ਸੂਟ ਹੀ ਨਹੀਂ ਹੈ, ਮੈਂ ਕੀ ਪਾਵਾਂ ? ਇਸਦਾ ਮਤਲਬ ਹੈ ਕਿ ਪਹਿਲੇ ਵਾਲੀ ਔਰਤ ਜਿਸਦੇ ਕੋਲ ਭਾਵੇਂ ਘੱਟ ਕੱਪੜੇ ਹਨ, ਪਰ ਉਸਦੀ ਕੱਪੜਿਆਂ ਦੀ ਚੋਣ ਸਹੀ ਹੋਣ ਕਰਕੇ ਅਤੇ ਸੰਭਾਲ ਚੰਗੀ ਹੋਣ ਕਾਰਨ ਉਹ ਦੂਸਰੀ ਔਰਤ ਨਾਲੋਂ ਜਿਆਦਾ ਚੰਗੀ ਤਰ੍ਹਾਂ ਤਿਆਰ ਹੋਣ ਦਾ ਪ੍ਰਭਾਵ ਪਾਉਂਦੀ ਹੈ।
ਪੋਸਾਕਾਂ ਚਾਹੇ ਘੱਟ ਹੋਣ, ਪਰ ਸਹੀ ਢੰਗ ਦੀਆਂ ਹੋਣ ਤਾਂ ਜਿਆਦਾ ਖਰਚ ਕਰਨ ਦੀ ਕੀ ਲੋੜ ਹੈ? ਜਿਵੇਂ ਕਿ ਸੂਤੀ ਕੱਪੜਿਆਂ ਦੀ ਥਾਂ ਤੇ ਮਿਸ਼ਰਿਤ ਰੇਸਿਆਂ ਦੇ ਕੱਪੜੇ ਜਿਨ੍ਹਾਂ ਉਪਰ ਹਲਕੀ ਕਢਾਈ ਕੀਤੀ ਹੋਵੇ, ਸੋਹਣੇ ਰੰਗ ਹੋਣ, ਇਹੋ ਜਿਹੇ ਕੱਪੜੇ ਹਰ ਤਰ੍ਹਾਂ ਦੇ ਮੌਕਿਆਂ ਉਪਰ ਪਹਿਨੇ ਚੰਗੇ ਲੱਗਦੇ ਹਨ। ਕੋਸਿਸ ਕਰੋ ਕਿ ਬਹੁਤ ਜਿਆਦਾ ਫਿੱਕੇ ਰੰਗ ਦੇ ਕੱਪੜੇ ਨਾਂ ਖਰੀਦੋ। ਦਰਮਿਆਨੇ ਰੰਗ ਹਰ ਮੌਸਮ ਲਈ ਠੀਕ ਰਹਿੰਦੇ ਹਨ।
ਇਸ ਤੋਂ ਇਲਾਵਾ ਖਰੀਦਦਾਰੀ ਹਿਸਾਬ ਨਾਲ ਕਰੋ। ਵਧੇਰੇ ਕੱਪੜੇ ਇਸ ਲਈ ਵੀ ਖਰੀਦਣੇ ਠੀਕ ਨਹੀਂ ਕਿਉਂਕਿ ਫੈਸ਼ਨ ਨਿੱਤ ਬਦਲਦੇ ਰਹਿੰਦੇ ਹਨ। ਜੇਕਰ ਖਰੀਦਦਾਰੀ ਹਿਸਾਬ ਨਾਲ ਹੋਵੇਗੀ ਤਾਂ ਫੈਸ਼ਨ ਬਦਲਣ ਨਾਲ ਜਿਆਦਾ ਕੱਪੜੇ ਬੇਕਾਰ ਵੀ ਨਹੀਂ ਹੋਣਗੇ। ਪਰ ਫੈਸ਼ਨ ਜੇਕਰ ਬਦਲ ਵੀ ਗਿਆ ਹੈ ਤਾਂ ਸਮਝਦਾਰੀ ਇਸੇ ਵਿੱਚ ਹੀ ਹੈ ਕਿ ਤੁਸੀਂ ਉਨ੍ਹਾਂ ਕੱਪੜਿਆਂ ਨੂੰ ਫੈਸਨ ਦੇ ਹਿਸਾਬ ਨਾਲ ਤਰਤੀਬ ਕਰ ਲਵੋ ਜਿਵੇਂ ਕਿ ਲੰਬੇ ਸੂਟਾਂ ਤੋਂ ਬਾਅਦ ਛੋਟੇ ਸੂਟਾਂ ਦਾ ਫੈਸ਼ਨ ਆਉਣ ਤੇ ਉਹਨ੍ਹਾਂ ਨੂੰ ਕੱਟ ਕੇ ਛੋਟਾ ਕਰ ਲਵੋ ਅਤੇ ਛੋਟੇਆਂ ਤੋਂ ਬਾਅਦ ਲੰਬੇ ਸੂਟਾਂ ਦਾ ਫੈਸਨ ਆ ਜਾਣ ਤੇ ਕੋਈ ਲੇਸ ਜਾਂ ਡੋਰੀਆਂ ਲਗਾ ਕੇ ਜਾਂ ਹਿਸਾਬ ਨਾਲ ਕਢਾਈ ਕਰਕੇ ਉਨ੍ਹਾਂ ਨੂੰ ਲੰਬਾ ਕਰ ਲਵੋ। ਵੱਡੇ ਘੇਰੇ ਵਾਲੇ ਸੂਟਾਂ ਨੂੰ ਕੱਟ ਕੇ ਛੋਟਾ ਕੀਤਾ ਜਾ ਸਕਦਾ ਹੈ। ਕਢਾਈ ਵਾਲੀਆਂ ਕਮੀਜਾਂ ਵਿੱਚੋਂ ਬੇਟੀਆਂ / ਬੱਚਿਆਂ ਦੇ ਲਈ ਪੈਂਟਾਂ ਦੇ ਨਾਲ ਪਹਿਨਣ ਵਾਲੀਆਂ ਕੁੜਤੀਆਂ ਜਾਂ ਟਾਪ ਬਣਾ ਲਓ। ਫੈਸ਼ਨ ਬਦਲਣ ਦੇ ਉਪਰੰਤ ਸਾੜ੍ਹੀਆਂ ਦੀਆ ਚਾਦਰਾਂ, ਰਜਾਈਆਂ ਅਤੇ ਉਨ੍ਹਾਂ ਦੇ ਕਵਰ, ਕੰਬਲਾਂ ਦੇ ਕਵਰ, ਬੈਗ ਆਦਿ ਬਣਾ ਲਓ। ਸੂਤੀ ਸਾੜੀਆਂ ਵਿੱਚੋਂ ਪਰਦਿਆਂ ਦੇ ਹੇਠਾਂ ਲਗਾਉਣ ਲਈ ਲਾਈਨਿੰਗ ਬਣਾ ਲਓ। ਸਿਲਕ ਦੇ ਸੂਟਾਂ ਅਤੇ ਸਾੜ੍ਹੀਆਂ ਦੀਆਂ ਜਰੀ ਵਾਲੀਆਂ ਪੱਟੀਆਂ ਉਤਾਰ ਕੇ ਦੂਸਰੇ ਸੂਟਾਂ ਜਾਂ ਦੁਪੱਟਿਆਂ ਉਪਰ ਲਗਾ ਲਓ ਜਾਂ ਦੂਜੇ ਸੂਟਾਂ ਉਪਰ ਪੈਚ ਲਗਾ ਲਓ। ਇਸੇ ਤਰ੍ਹਾਂ ਇਨ੍ਹਾਂ ਵਿੱਚੋਂ ਕੁਸ਼ਨ ਕਵਰ ਵੀ ਤਿਆਰ ਕੀਤੇ ਜਾ ਸਕਦੇ ਹਨ।
ਦੇਖਣ ਵਿੱਚ ਆਉਂਦਾ ਹੈ ਕਿ ਹਰ ਸੂਟ ਦੇ ਨਾਲ ਨਵਾਂ ਦੁਪੱਟਾ ਖਰੀਦਿਆ ਜਾਂਦਾ ਹੈ। ਹਾਲਾਂਕਿ ਪਹਿਲਾਂ ਢੇਰਾਂ ਦੁਪੱਟੇ ਘਰ ਵਿੱਚ ਪਏ ਹੁੰਦੇ ਹਨ ਤਾਂ ਕਿਉਂ ਨਾਂ ਪੁਰਾਣੇ ਦੁਪੱਟਿਆਂ ਨੂੰ ਨਵਾਂ ਰੰਗ ਕਰਵਾ ਕੇ ਅਸੀਂ ਵਰਤੋਂ ਵਿੱਚ ਲੈ ਲਈਏ, ਖਾਸ ਕਰਕੇ ਹਲਕੇ ਹਲਕੇ ਰੰਗਾਂ ਉਪਰ ਕੋਈ ਵੀ ਗੂੜ੍ਹਾ ਰੰਗ ਕਰਵਾਉਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਇਸੇ ਤਰ੍ਹਾਂ ਪਲੇਨ ਸਲਵਾਰਾਂ, ਜਿਨ੍ਹਾਂ ਦੀ ਹਾਲਤ ਵਧੀਆ ਪਈ ਹੋਵੇ, ਖਾਸ ਕਰਕੇ ਸਿਲਕ ਦੇ ਸੂਟਾਂ ਦੀਆਂ ਸਲਵਾਰਾਂ ਖਰਾਬ ਨਹੀਂ ਹੁੰਦੀਆਂ। ਇਸ ਲਈ ਉਹਨਾਂ ਨਾਲ ਅਸੀਂ ਦੁਬਾਰਾ ਨਵੀਆਂ ਕਮੀਜਾਂ ਬਣਵਾ ਸਕਦੇ ਹਾਂ। ਖਰੀਦਦਾਰੀ ਕਰਨ ਲਈ ਸਹੀ ਸਮੇਂ ਦੀ ਚੋਣ ਕਰੋ। ਕੋਈ ਵੀ ਸੀਜਨ ਜਦੋਂ ਸੁਰੂ ਹੁੰਦਾ ਹੈ ਤਾਂ ਉਸ ਵੇਲੇ ਕੱਪੜਾ ਮਹਿੰਗਾ ਹੁੰਦਾ ਹੈ। ਧਿਆਨ ਰੱਖੋ ਕਿ ਜਦੋਂ ਕੋਈ ਛੁੱਟ ਹੋਵੇ ਜਾਂ ਸੀਜਨ ਦੇ ਅੰਤ ਵਿੱਚ ਚੰਗੀ ਤੇ ਸਹੀ ਪ੍ਰਕਾਰ ਦੀ ਸੇਲ ਹੋਵੇ ਤਾਂ ਉਸ ਸਮੇਂ ਖਰੀਦਦਾਰੀ ਕਰੋ। ਕਿਉਂਕਿ ਇਹੋ ਜਿਹੇ ਮੌਕਿਆਂ ਤੇ ਕਈ ਵਾਰ ਅੱਧੇ ਮੁੱਲ ਵਿੱਚ ਚੀਜਾਂ ਮਿਲ ਜਾਂਦੀਆਂ ਹਨ। ਹਮੇਸ਼ਾਂ ਯੋਜਨਾ ਬਣਾ ਕੇ ਖਰੀਦਦਾਰੀ ਕਰੋ ਤਾਂਕਿ ਜਰੂਰੀ ਖਰਚੇ ਪੂਰੇ ਹੋ ਜਾਣ ਤੋਂ ਬਾਅਦ ਤੁਹਾਨੂੰ ਸਹੀ ਅੰਦਾਜਾ ਹੋਵੇ ਕਿ ਤੁਹਾਡੀ ਖਰੀਦਣ ਦੀ ਕੀ ਸਮਰੱਥਾ ਹੈ, ਕਿਉਂਕਿ ਮੱਧਮ ਤੇ ਹੇਠਲੇ ਵਰਗ ਦੇ ਪਰਿਵਾਰ ਕਈ ਵਾਰ ਫੈਸ਼ਨ ਦੀ ਦੌੜ ਵਿੱਚ ਜਰੂਰਤ ਤੋਂ ਜਿਆਦਾ ਪੈਸਾ ਖਰਚ ਬੈਠਦੇ ਹਨ। ਔਰਤਾਂ ਆਪਣੇ ਹੱਥੀਂ ਕੰਮ ਕਰਕੇ ਕੱਪੜਿਆਂ ਉਪਰ ਖਰਚ ਹੋ ਰਹੇ ਪੈਸਿਆਂ ਨੂੰ ਬਚਾ ਸਕਦੀਆਂ ਹਨ, ਜਿਵੇਂ ਕਿ ਜੇਕਰ ਉਹ ਆਪਣੇ ਕੱਪੜਿਆਂ ਦੀ ਸਿਲਾਈ, ਕਢਾਈ ਕਰਕੇ, ਫੈਬਰਿਕ ਪੇਂਟਿੰਗ, ਬਲਾਕ ਪ੍ਰਿੰਟਿੰਗ, ਸਿੱਪੀਆਂ ਅਤੇ ਮੋਤੀ ਲਗਾ ਕੇ ਸਜਾਵਟਾਂ ਆਦਿ ਆਪ ਹੀ ਕਰ ਲੈਂਦੀਆਂ ਹਨ ਤਾਂ ਬਹੁਤ ਸਾਰੀ ਬਚਤ ਹੋ ਜਾਂਦੀ ਹੈ। ਇਸ ਲਈ ਖਰੀਦਦਾਰੀ ਕਰਨ ਜਾਵੋ ਤਾਂ ਇਨ੍ਹਾਂ ਗਲਾਂ ਬਾਰੇ ਵਿਚਾਰ ਜਰੂਰ ਕਰਨਾ ਤਾਂ ਜੋ ਆਪਣੀ ਮਿਹਨਤ ਦੀ ਕਮਾਈ ਨੂੰ ਵਿਅਰਥ ਜਾਣ ਤੋਂ ਬਚਾ ਸਕੋ।