ਕੇਂਦਰੀ ਕੈਬਨਿਟ ਨੇ ਸਿੱਖ ਰੀਤੀ ਅਨੁਸਾਰ ਹੋਏ ਵਿਆਹ ਸ਼ਾਦੀਆਂ ਨੂੰ ਰਜਿਸਟਰ ਕਰਨ ਲਈ ਅਨੰਦ ਮੈਰਿਜ ਐਕਟ-1909 ਵਿਚ ਸੋਧ ਕਰਨ ਨੂੰ ਪਰਵਾਨਗੀ ਦੇ ਦਿਤੀ ਹੈ।ਆਸ ਹੈ ਕਿ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੋਰਾਨ ਇਹ ਸੋਧ ਦੋਨਾਂ ਸਦਨਾਂ ਵਲੋਂ ਪਾਸ ਕਰ ਦਿਤੀ ਜਾਵੇਗੀ।ਇਸ ਨਾਲ ਸਿੱਖ ਧਰਮ ਨੂੰ ਇਕ ਵੱਖਰਾ ਤੇ ਸੁਤੰਤਰ ਧਰਮ ਹੋਣ ਵਜੋਂ ਕਾਨੂੰਨੀ ਮਾਨਤਾ ਮਿਲ ਜਾਏਗੀ ਤੇ ਸੰਵਿਧਾਨ ਦੀ ਧਾਰਾ 25 ਵਿਚ ਸੋਧ ਕਰਨ ਲਈ ਰਸਤਾ ਸਾਫ ਹੋ ਜਾਏਗਾ।
ਇਸ ਸੋਧ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਲਗਭਗ ਸੰਮੂਹ ਸਿੱਖ ਸੰਸਥਾਵਾਂ, ਆਗੂਆਂ ਤੇ ਵਿਦਵਾਨਾਂ ਨੇ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਇਸ ਸੋਧ ਲਈ ਸਾਰਾ ਸਿਹਰਾ ਲੈਣ ਲਈ ਸਿੱਖ ਲੀਡਰਾਂ ਵਿਚ ਦੌੜ ਲਗ ਗਾਈ ਹੈ। ਮੁਖ ਤੌਰ ‘ਤੇ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਸ ਸੋਧ ਕਰਵਾਉਣ ਲਈ ਦੌੜ ਭੱਜ ਕੀਤੀ ਹੈ। ਬਤੌਰ ਮੈਂਬਰ, ਤਰਲੋਚਨ ਸਿੰਘ ਨੇ ਇਸ ਸੋਧ ਲਈ ਰਾਜ ਸਭਾ ਵਿਚ ਪ੍ਰਾਈਵੇਟ ਬਿਲ ਪੇਸ਼ ਕੀਤਾ ਸੀ, ਉਨ੍ਹਾਂ ਇਸ ਤੋਂ ਪਹਿਲਾਂ ਜੱਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੋਮਣੀ ਕਮੇਟੀ ਨਾਲ ਵੀ ਸਲਾਹ ਮਸ਼ਵਰਾ ਕੀਤਾ ਸੀ ਅਤੇ ਪਾਰਲੀਮੈਂਟ ਦੇ ਸਾਰੇ ਸਿੱਖ ਮੈਂਬਰਾਂ ਤੋਂ ਦਸਤਖਤ ਕਰਵਾ ਕੇ ਭਾਰਤ ਸਰਕਾਰ ਨੂੰ ਦਿਤੇ ਸਨ ਜਦੋਂ ਕਿ ਸ੍ਰੀ ਸਰਨਾ ਨੇ ਸਾਲ 2007 ਦੌਰਾਨ ਸਿੱਖ ਵਿਦਵਾਨਾਂ ਨੂੰ ਦਿੱਲੀ ਬੁਲਾਕੇ, ਇਕ ਪੂਰਾ “ਸਿੱਖ ਮੈਰਿਜ ਐਕਟ” ਤਿਆਰ ਕਰਵਾਕੇ ਪਾਕਿਸਤਾਨ ਸਰਕਾਰ ਤੋਂ ਪਾਸ ਕਰਵਾ ਕੇ ਲਾਗੂ ਵੀ ਕਰਵਾ ਦਿਤਾ ਸੀ ਅਤੇ ਭਾਰਤ ਸਰਕਾਰ ਦੇ ਕਾਨੂੰਨ ਮੰਤਰੀ ਨੂੰ ਮਿਲ ਕੇ ਇਹ ਸੋਧ ਕਰਨ ਲਈ ਲਗਾਤਾਰ ਦਬਾਓ ਪਾਉਂਦੇ ਰਹੇ ਹਨ। ਦੋਨੋ ਲੀਡਰ ਇਸ ਸੋਧ ਨੂੰ ਮਨਜ਼ੂਰ ਕਰਵਾਉਣ ਲਈ ਵਧਾਈ ਦੇ ਪਾਤਰ ਹਨ।
ਵੈਸੇ ਇਸ ਸੋਧ ਦੇ ਪਾਸ ਹੋ ਜਾਣ ਉਤੇ ਬਹੁਤੀ ਖੁਸ਼ੀ ਪ੍ਰਗਟ ਕਰਨ ਦੀ ਲੋੜ ਨਹੀਂ, ਕਿਉਂ ਜੋ ਹਾਲੇ ਵੀ ਅਨੰਦ ਮੈਰਜ ਐਕਟ ਅੱਜ ਦੀਆਂ ਲੋੜਾਂ ਪੂਰੀਆਂ ਨਹੀਂ ਕਰੇਗਾ। ਅਜਕਲ ਬਹੁਤ ਵਿਆਹ ਟੁਟ ਰਹੇ ਹਨ ਅਤੇ ਅਦਾਲਤਾਂ ਵਿਚ ਤਲਾਕ ਲੈਣ ਲਈ ਵੱਡੀ ਗਿਣਤੀ ਵਿਚ ਕੇਸ ਚਲ ਰਹੇ ਹਨ।ਉਕਤ ਸੋਧ ਪਾਸ ਹੋ ਜਾਣ ਉਪਰੰਤ ਵੀ ਇਸ ਵਿਚ “ਤਲਾਕ” ਦੀ ਵਿਵਸਥਾ ਨਹੀਂ ਹੋਏਗੀ, ਜਿਸ ਲਈ ਤਲਾਕ ਲੈਣ ਵਾਸਤੇ ਫਿਰ ਹਿੰਦੂ ਮੈਰਿਜ ਐਕਟ ਅਧੀਨ ਕੇਸ ਕਰਨਾ ਪਏਗਾ। ਤਲਾਕ ਤੋਂ ਬਿਨਾ ਪਤਨੀ ਨੂੰ ਮਿਲਣ ਵਾਲੇ ਭੱਤੇ, ਬੱਚਿਆਂ ਦੀ ਦੇਖ ਭਾਲ ਪਤਨੀ ਕਰੇਗੀ ਜਾ ਪਤੀ, ਜਾਇਦਾਦ ਦਾ ਬਟਵਾਰਾ ਕਿਵੇਂ ਹੋਏਗਾ, ਆਦਿ , ਇਨ੍ਹਾਂ ਸਭਨਾ ਮਸਲਿਆਂ ਲਈ ਵੀ ਹਿੰਦੂ ਮੈਰਿਜ ਐਕਟ ਵਲ ਦੇਖਣਾ ਪਏਗਾ, ਇਸ ਲਈ ਇਹ ਸੋਧਾਂ ਅਨੰਦ ਮੈਰਿਜ ਐਕਟ ਕਰਵਾਉਣ ਲਈ ਸਰਕਾਰ ਉਤੇ ਫਿਰ ਦਬਾਓ ਪਾਉਣਾ ਹੋਏਗਾ।
ਇਹ ਪੱਤਰਕਾਰ ਉਪਰੋਕਤ ਸਾਰੀਆਂ ਸਿੱਖ ਸੰਸਥਾਵਾਂ, ਲੀਡਰਾਂ ਤੇ ਵਿਦਵਾਨਾਂ ਦੇ ਦਾਅਵਿਆਂ ਤੋਂ ਇਲਾਵਾ ਇਕ ਹੋਰ ਦਾਅਵਾ ਕਰਦਾ ਹੈ ਕਿ ਮੌਜੂਦਾ ਸਾਰੀ ਸਿੱਖ ਲੀਡਰਸ਼ਿਪ, ਸਿੱਖ ਸੰਸਥਾਵਾਂ ਤੇ ਵਿਦਵਾਨਾਂ ਨੂੰ ਸਿੱਖ ਮੈਰਿਜ ਐਕਟ ਬਾਰੇ ਕੁਝ ਵੀ ਜਾਣਕਾਰੀ ਹੀ ਨਹੀਂ ਸੀ। ਦਰਅਸਲ ਇਸ ਦੀ ਕਦੀ ਲੋੜ ਹੀ ਨਹੀਂ ਪਈ ਸੀ। ਸਿੱਖ-ਪੰਥ ਨੂੰ ਇਹ ਸਾਰੀ ਜਾਣਕਾਰੀ ਦਾਸ ਨੇ ਮਾਰਚ 1981 ਦੌਰਾਨ ਪੰਜਾਬੀ ਦੇ ਸਾਰੇ ਮੁਖ ਅਖ਼ਬਾਰਾਂ ਵਿਚ ਲੇਖ ਲਿਖ ਕੇ ਕਰਵਾਈ। ਅਸਲੀਅਤ ਤਾਂ ਇਹ ਹੈ ਕਿ ਖੁਦ ਮੈਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਸੀ, ਇਹ ਜਾਣਕਾਰੀ ਇਤਫਾਕ ਨਾਲ ਅਚਾਨਕ ਮਿਲ ਗਈ।ਇਸ ਦਾ ਪਿਛੋਕੜ ਇਸ ਤਰ੍ਹਾਂ ਹੈ:-
ਉਨ੍ਹਾਂ ਦਿਨਾਂ ਵਿਚ ਇਹ ਪੱਤਰਕਾਰ ਸ਼੍ਰੋਮਣੀ ਕਮੇਟੀ ਦੇ ਪੀ.ਆਰ.ਓ. (ਪਬਲੀਸਿਟੀ ਇੰਚਾਰਜ) ਵਜੋਂ ਸੇਵਾ ਕਰ ਰਿਹਾ ਸੀ। ਸਾਲ 1980 ਦੇ ਆਖਰੀ ਮਹੀਨਿਆ ਦੌਰਾਨ ਪ੍ਰਸਿੱਧ ਸਿੱਖ ਵਿਦਵਾਨ ਦੇਵਿੰਦਰ ਸਿੰਘ ਦੁੱਗਲ ਸਿੱਖ ਰੈਫਰੈਂਸ ਲਾਇਬਰੇਰੀ ਦੇ ਡਾਇਰੈਕਟਰ ਨਿਯੁਕਤ ਹੋਏ। ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਪੰਜਾਬੀ ਵਿਚ ਸਾਰੇ ਪਤਰ ਤਾਂ ਉਨਹਾਂ ਦੇ ਪੀ.ਏ. ਅਬਨਾਸ਼ੀ ਸਿੰਘ ਖੁਦ ਲਿਖ ਲਿਆ ਕਰਦੇ ਸਨ, ਪਰ ਕੇਂਦਰ ਸਰਕਾਰ ਜਾਂ ਪੰਜਾਬ ਤੋਂ ਬਾਹਰਲੇ ਅਦਾਰਿਆਂ ਜਾਂ ਸੰਸਥਾਵਾਂ ਨੂੰ ਅੰਗਰੇਜ਼ੀ ਵਿਚ ਪੱਤਰ ਉਹ ਲਿਖਿਆ ਕਰਦੇ ਸਨ, ਜਾਂ ਇਹ ਲੇਖਕ। ਸ੍ਰੀ ਦੁੱਗਲ ਨਾਲ ਮੇਰੇ ਬਹੁਤ ਨਿੱਘੇ ਸਬੰਧ ਸਨ, ਕਈ ਵਾਰੀ ਉਹ ਮੇਰੇ ਪਾਸ ਆ ਜਾਂਦੇ, ਮੈਨੂੰ ਮੌਕਾ ਮਿਲਦਾ ਤਾਂ ਸਿੱਖ ਰੈਫਰੈਂਸ ਲਾਇਬਰੇਰੀ ਵਿਚ ਉਨ੍ਹਾ ਪਾਸ ਚਲਾ ਜਾਂਦਾ ਅਤੇ ਉਥੇ ਪੁਰਾਨੇ ਅਖ਼ਬਾਰ, ਮੈਗਜ਼ੀਨ ਜਾਂ ਪੁਸਤਕਾਂ ਵਾਚਨ ਦਾ ਯਤਨ ਕਰਦਾ। ਮਾਰਚ 1981 ਦੇ ਪਹਿਲੇ ਹਫਤੇ ਇਕ ਵਾਰੀ ਪੁਰਾਨੀਆਂ ਕਿਤਾਬਾਂ ਵਾਲੀ ਅਲਮਾਰੀ ਵਿਚ ਹੱਥ ਮਾਰਦਿਆਂ ਅਚਾਨਕ ਅੰਗਰੇਜ਼ੀ ਵਿਚ ਇਕ ਛੋਟਾ ਜਿਹਾ ਕਿਤਾਬਚਾ “ਅਨੰਦ ਮੈਰਿਜ ਐਕਟ” ਮੇਰੇ ਹੱਥ ਆਇਆ, ਜਿਸ ਦੀਆਂ ਕਈ ਕਾਪੀਆਂ ਉਥੇ ਪਈਆਂ ਸਨ।ਇਸ ਦੇ ਲੇਖਕ ਦਾ ਨਾਂਅ ਭਾਈ ਨਾਹਰ ਸਿੰਘ ਐਮ.ਏ. ਲਿਖਿਆ ਹੋਇਆ ਸੀ। ਮੈਂ ਸਰਕਾਰੀ ਹਾਈ ਸਕੂਲ ਗੁਜਰਵਾਲ (ਲੁਧਿਆਣਾ) ਤੋਂ ਸਾਲ 1954 ਦੌਰਾਨ ਮੈਟ੍ਰਿਕ ਪਾਸ ਕੀਤੀ ਸੀ, ਮੇਰੇ ਅੰਗਰੇਜ਼ੀ ਦੇ ਅਧਿਆਪਕ ਦਾ ਨਾਂਅ ਨਾਹਰ ਸਿੰਘ ਐਮ.ਏ. ਸੀ, ਉਹ ਉਸ ਸਮੇਂ ਵੀ ਆਪਣੀ ਦਾਹੜੀ ਖੁਲ੍ਹੀ ਰਖਦੇ ਸਨ, ਜਿਸ ਕਾਰਨ ਕਈ ਉਨ੍ਹਾਂ ਨੂੰ ਭਾਈ ਨਾਹਰ ਸਿੰਘ ਵੀ ਆਖਿਆ ਕਰਦੇ ਸਨ। ਉਹ ਨਾਰੰਗਵਾਲ ਪਿੰਡ ਦੇ ਰਹਿਣ ਵਾਲੇ ਸਨ। ਮੈ ਸਮਝਿਆ ਕਿ ਇਸ ਦੇ ਲੇਖਕ ਮੇਰੇ ਅਧਿਆਪਕ ਹਨ, ਪਰ ਜਦ ਇਹ ਕਿਤਾਬਚਾ ਖੋਲ੍ਹ ਕੇ ਪੜ੍ਹਣ ਲਗਾ, ਤਾਂ “ਭੂਮਿਕਾ” ਦੇ ਅੰਤ ਵਿਚ ਉਨ੍ਹਾਂ ਅਪਣੇ ਨਾਂਅ ਨਾਲ ਐਡਰੈਸ ਵੀ ਲਿਕਿਆ ਸੀ, “ਪਿੰਡ ਨੰਗਲ ਕਲਾਂ, ਡਾਕ-ਘਰ ਪਖੌਵਾਲ, ਜ਼ਿਲਾ ਲੁਧਿਆਣਾ।” ਮੇਰਾ ਅਪਣਾ ਪਿੰਡ ਪਖੋਵਾਲ ਹੈ, ਨੰਗਲ ਕਲਾਂ ਤੇ ਨੰਗਲ ਖੁਰਦ ਸਾਡੇ ਪਿੰਡ ਦੇ ਬਹੁਤ ਹੀ ਨੇੜੇ ਸਥਿਤ ਹਨ, ਇਨ੍ਹਾਂ ਦੋਨਾਂ ਪਿੰਡਾਂ ਦੇ ਮੁੰਡੇ ਸਾਡੇ ਪਿੰਡ ਦੇ ਸਕੂਲ ਵਿਚ ਪੜ੍ਹਿਆ ਕਰਦੇ ਹਨ ਤੇ ਕਈ ਮੇਰੇ ਹਮ-ਜਮਾਤੀ ਵੀ ਸਨ, ਇਸ ਲਈ ਇਹ ਕਿਤਾਬਚਾ ਪੜ੍ਹਣ ਦੀ ਮੇਰੀ ਉਤਸਕਤਾ ਬਹੁਤ ਵੱਧ ਗਈ ਤੇ ਸ੍ਰੀ ਦੁੱਗਲ ਦੀ ਆਗਿਆ ਨਾਲ ਇਕ ਕਾਪੀ ਪੜ੍ਹਣ ਲਈ ਮੈਂ ਅਪਣੇ ਘਰ ਲੈ ਆਇਆ। ਜਦੋਂ ਸਾਰਾ ਕਿਤਾਬਚਾ ਪੜ੍ਹਿਆ ਤਾਂ ਅਨੰਦ ਮੈਰਿਜ ਐਕਟ ਪਾਸ ਕਰਵਾਉਣ ਲਈ ਸਿੱਖਾਂ ਵਲੋਂ ਕੀਤੇ ਸੰਘਰਸ਼ ਬਾਰੇ ਪਤਾ ਲਗਾ ਅਤੇ ਇਸ ਬਾਰੇ ਲੇਖ ਲਿਖ ਕੇ ਜਲੰਧਰ, ਪਟਿਆਲਾ ਤੇ ਕਲਕਤਾ ਤੋਂ ਛਪਣ ਵਾਲੇ ਸਾਰੇ ਪੰਜਾਬੀ ਅਖ਼ਬਾਰਾਂ ਨੂੰ ਭੇਜੇ, ਜੋ ਛਪ ਵੀ ਗਏ। ਇਕ ਲੇਖ ਵੈਨਕੂਵਰ (ਕੈਨੇਡਾ) ਤੋਂ ਉਸ ਸਮੇਂ ਛਪਣ ਵਾਲੇ ਹਫ਼ਤਾਵਾਰੀ ਅਖ਼ਬਾਰ “ ਦਿ ਵੈਸਟਰਨ ਸਿਖ ਸਮਾਚਾਰ” ਵਿਚ ਵੀ ਛਪਿਆ। ਇਨ੍ਹਾਂ ਸਾਰੇ ਅਖ਼ਬਾਰਾ ਦੀਆਂ ਕਾਤਰਾਂ ਮੇਰੇ ਪਾਸ ਅੱਜ ਵੀ ਮੌਜੂਦ ਹਨ।ਇਹ ਐਕਟ 23 ਅਕਤੂਬਰ 1909 ਤੋਂ ਲਾਗੂ ਹੋਇਆ ਸੀ।ਸਾਲ 1981 ਤੋਂ ਬਾਅਦ ਕਈ ਵਾਰੀ ਮੈਂ ਅਕਤੂਬਰ ਦੇ ਤੀਸਰੇ ਹਫ਼ਤੇ ਪੰਜਾਬੀ ਅਖ਼ਬਾਰਾਂ ਨੂੰ ਲੇਖ ਭੇਜਦਾ ਰਿਹਾ ਹਾਂ। ਨਿਰੰਕਾਰੀ ਸਮਾਜ ਦੇ ਮੋਢੀ ਬਾਬਾ ਦਿਆਲ ਜੀ ਨੇ ਵੀ ਅਨੰਦ ਕਾਰਜ ਰਸਮ ਦੁਆਰਾ ਵਿਆਹਾਂ ਦਾ ਪ੍ਰਚਾਰ ਕੀਤਾ ਸੀ, ਇਸ ਲਈ ਮਰਹੂਮ ਡਾਕਟਰ ਮਾਨ ਸਿੰਘ ਨਿਰੰਕਾਰੀ ਵੀ ਅਨੰਦ ਕਾਰਜ ਦੀ ਰਸਮ ਬਾਰੇ ਕਦੀ ਕਦੀ ਲੇਖ ਲਿਖਦੇ ਰਹੇ ਹਨ।ਕਿਸੇ ਮਾਨਯੋਗ ਪਾਠਕ ਨੂੰ ਮਾਰਚ 1981 ਤੋਂ ਪਹਿਲਾਂ ‘ਅਨੰਦ ਮੈਰਿਜ ਐਕਟ” ਬਾਰੇ ਪਤਾ ਹੋਵੇ, ਤਾਂ ਮੈਨੂੰ ਦਸਣ ਦੀ ਕਿਰਪਾ ਕਰਨ , ਮੈਂ ਖਿੰਮਾ ਜਾਚਨਾ ਸਮੇਤ ਅਪਣਾ ਦਾਅਵਾ ਵਾਪਸ ਲੈ ਕੇ ਉਨ੍ਹਾਂ ਨੂੰ ਸਾਰਾ ਸਿਹਰਾ ਦੇਣ ਬਾਰੇ ਲੇਖ ਲਿਖਾਂਗਾ। ਸ਼੍ਰੋਮਣੀ ਕਮੇਟੀ ਲਈ ਸਿੱਖਾਂ ਦੀ “ਮਿੰਨੀ ਪਾਰਲੀਮੈਂਟ” ਦਾ ਨਾਂੳ ਵੀ ਮੈਂ ਦਿਤਾ ਹ। ਇਸ ਬਾਰੇ ਫਿਰ ਕਦੀ ਲਿਖਾਂਗਾ