ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਇੱਕ ਪੱਤਰ ਲਿਖ ਕੇ ‘ਹੋਂਦ ਚਿਲੜ’ ਕਾਂਡ- ਜਿਸ ਵਿੱਚ 32 ਸਿੱਖਾਂ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ ਗਿਆ ਸੀ ਸਬੰਧੀ ਸੇਵਾ ਮੁਕਤ ਜੱਜ ਸ੍ਰੀ ਟੀ.ਪੀ. ਗਰਗ ਤੇ ਅਧਾਰਤ ਇੱਕ ਮੈਂਬਰੀ ਜਾਂਚ ਕਮਿਸ਼ਨ ਦੀ ਕਾਰਗੁਜਾਰੀ ਨੂੰ ਸਮਾਂਬੱਧ ਕਰਨ ਲਈ ਸਲਾਹ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਪਹਿਲਾਂ 1984 ਦੇ ਕਤਲੇਆਮ ਦੇ ਇਨਸਾਫ ਲਈ 27 ਵਰਿਆਂ ਦਾ ਸਮਾਂ ਲੰਘ ਚੁੱਕਾ ਹੈ। ਦੇਰੀ ਨਾਲ ਮਿਲਿਆ ‘ਇਨਸਾਫ ‘ਇਨਸਾਫ’ ਨਹੀ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਜਾਂਚ ਕਮਿਸ਼ਨ ਬਣੇ ਨੂੰ ਇੱਕ ਸਾਲ ਗੁਜਰ ਚੁੱਕਾ ਹੈ। ਇਸ ਜਾਂਚ ਵਿੱਚ ਤੇਜੀ ਲਿਆਉਣੀ ਚਾਹੀਦੀ ਹੈ ਅਤੇ ਜਾਂਚ ਦਾ ਸਮਾਂ ਵੀ ਸੀਮਾਬੱਧ ਕਰਨਾ ਚਾਹੀਦਾ ਹੈ। ਹੋਂਦ ਚਿਲੜ ਕਾਂਡ ਦੇ 32 ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ ਦੀ ਉਡੀਕ ਵਿੱਚ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਹੁੱਡਾ ਨੂੰ ਇਸ ਜਾਂਚ ਕਮਿਸ਼ਨ ਦੀ ਕਾਰਵਾਈ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।